‘ਕਾਮਾਗਾਟਾ ਮਾਰੂ ਦਾ ਅਸਲੀ ਸੱਚ’ ਪੁਸਤਕ ਦੀ ਘੁੰਡ ਚੁਕਾਈ

‘ਕਾਮਾਗਾਟਾ ਮਾਰੂ ਦਾ ਅਸਲੀ ਸੱਚ’ ਪੁਸਤਕ ਦੀ ਘੁੰਡ ਚੁਕਾਈ

ਇਸ ਤੋਂ ਪਹਿਲਾਂ ਇਸ ਸਾਕੇ ਬਾਰੇ ਲਿਖੀਆਂ ਗਈਆਂ ਪੁਸਤਕਾਂ 
ਕਿਸੇ ਨਾ ਕਿਸੇ ਪੱਖੋਂ ਅਧੂਰੀਆਂ-ਰਾਜਵਿੰਦਰ ਸਿੰਘ ਰਾਹੀ
ਚੰਡੀਗੜ੍ਹ/ਬਿਊਰੋ ਨਿਊਜ਼:
ਰਾਜਵਿੰਦਰ ਸਿੰਘ ਰਾਹੀ ਦੀ ਰਚਿਤ ਪੁਸਤਕ ‘ਕਾਮਾਗਾਟਾ ਮਾਰੂ ਦਾ ਅਸਲੀ ਸੱਚ’ ਬੀਤੇ ਹਫ਼ਤੇ ਕਿਸਾਨ ਭਵਨ ਵਿਖੇ ਇੱਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਭਰਵੀਂ ਖੋਜ ਅਤੇ ਬੜੀ ਮੇਹਨਤ ਨਾਲ ਤਿਆਰ ਕੀਤੀ ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਵਿਸ਼ਲੇਸ਼ਕ ਅਜਮੇਰ ਸਿੰਘ, ਪੱਤਰਕਾਰ ਸੁਖਦੇਵ ਸਿੰਘ ਤੇ ਕਰਮਜੀਤ ਸਿੰਘ ਨੇ ਨਿਭਾਈ।
ਸਮਾਗਮ ਦੌਰਾਨ ਨਵ ਪ੍ਰਕਾਸ਼ਿਤ ਪੁਸਤਕ ‘ਤੇ ਬਹਿਸ ਵੀ ਹੋਈ ਜਿਸ ਵਿੱਚ ਬੋਲਦਿਆਂ ਸਿੱਖ ਇਤਿਹਾਸਕਾਰ ਅਜਮੇਰ ਸਿੰਘ ਨੇ ਕਿਹਾ ਕਿ ਹਥਲੀ ਪੁਸਤਕ ਨਵੇਂ ਤੱਥਾਂ ਅਤੇ ਨਜ਼ਰੀਏ ਨੂੰ ਪਾਠਕਾਂ ਸਾਹਮਣੇ ਰੱਖਣ ਦੇ ਨਾਲ ਨਾਲ ਪੁਖ਼ਤਾ ਜਜ਼ਬਾ ਵੀ ਪੈਦਾ ਕਰਦੀ ਹੈ।
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਮਤ ਸੀ ਕਿ ਲੇਖਕ ਨੇ ਬੜੀ ਮਿਹਨਤ ਨਾਲ ਕਾਮਾਗਾਟਾ ਮਾਰੂ ਦੀ ਘਟਨਾ ਅਤੇ ਬਾਬਾ ਗੁਰਦਿੱਤ ਸਿੰਘ ਦੀ ਸ਼ਖ਼ਸੀਅਤ ਬਾਰੇ ਵੇਰਵੇ ਇਕਠੇ ਕਰਕੇ ਪਾਠਕਾਂ ਸਾਹਮਣੇ ਰੱਖੇ ਹਨ।
ਪੁਸਤਕ ਦੇ ਲੇਖਕ ਰਾਜਵਿੰਦਰ ਸਿੰਘ ਰਾਹੀ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਵੀ ਇਸ ਸਾਕੇ ਬਾਰੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਪਰ ਉਹ ਕਿਸੇ ਨਾ ਕਿਸੇ ਪੱਖੋਂ ਅਧੂਰੀਆਂ ਸਮਝੀਆਂ ਗਈਆਂ ਹਨ। ਕਾਮਾਗਾਟਾ ਮਾਰੂ ਦੇ ਸਾਕੇ ਨਾਲ ਸਬੰਧਤ ਪਹਿਲਾਂ ਆਈਆਂ ਪੁਸਤਕਾਂ ਇਕ ਖ਼ਾਸ ਭਾਸ਼ਾ ਰਾਹੀਂ ਸਿੱਖ ਪਛਾਣ ਨੂੰ ਨਜ਼ਰਅੰਦਾਜ ਹੀ ਨਹੀਂ ਕਰਦੀਆਂ ਸਨ, ਸਗੋਂ ਇਹ ਸਿੱਖ ਸਭਿਆਚਾਰ ਦੀਆਂ ਧਾਰਮਕ ਰਿਵਾਇਤਾਂ ਨੂੰ ਵੀ ਕਤਲ ਕਰਦੀਆਂ ਸਨ। ਜਿਵੇਂ ਜਹਾਜ਼ ਦਾ ਨਾਂਅ ਕਾਮਾਗਾਟਾ ਮਾਰੂ ਨਾਂਅ ਪ੍ਰਚਲਤ ਕਰ ਦਿਤਾ ਗਿਆ ਪਰ ਅਸਲ ਨਾਂਅ, ਜੋ ਹਾਂਗਕਾਂਗ ਗੁਰਦੁਆਰੇ ਵਿਚ ਅਖੰਡ ਪਾਠ ਕਰਨ ਉਪ੍ਰੰਤ ਰਖਿਆ ਗਿਆ, ‘ਗੁਰ ਨਾਨਕ ਜਹਾਜ਼’ ਭੁਲਾ ਦਿਤਾ ਗਿਆ ਹੈ। ਸਿੱਖਾਂ ਵਲੋਂ ਪਹਿਲੀ ਵਾਰ ਅੰਗਰੇਜ਼ਾਂ ਦੇ ਵਪਾਰ ਨੂੰ ਚੁਣੌਤੀ ਦਿਤੀ ਗਈ ਸੀ ਜਿਸ ਕਾਰਨ ਉਹ ਅੰਗਰੇਜ਼ਾਂ ਦੀ ਕਰੋਪੀ ਦਾ ਸ਼ਿਕਾਰ ਹੋਏ। 1947 ਤਕ ਸਿੱਖ ਹੀ ਅੰਗਰੇਜ਼ਾਂ ਨਾਲ ਲੜਦੇ ਰਹੇ ਹਨ ਪਰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿਤਾ ਗਿਆ ਹੈ।
ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਜਹਾਜ਼ ਦਾ ਕੋਈ ਇਕੱਲਾ ਮਾਲਕ ਨਹੀਂ ਸੀ। ਬਾਬਾ ਗੁਰਦਿਤ ਸਿੰਘ ਨੇ ਸ੍ਰੀ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾਈ ਸੀ। ਜਹਾਜ਼ ਵਿਚ ਗੁਰਦੁਆਰਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਥਾਪਤ ਕੀਤਾ ਗਿਆ ਸੀ। ਜਹਾਜ਼ ਪੰਜ ਮਹੀਨੇ ਪਾਣੀ ਵਿਚ ਰਿਹਾ ਜਿਸ ਦੌਰਾਨ ਪੰਜ ਅਖੰਡ ਪਾਠ ਤੇ ਸੱਤ ਸਹਿਜ ਪਾਠ ਹੋਏ। ਰੋਜ਼ਾਨਾ ਹੀ ਨਿਤਨੇਮ ਤੇ ਸ਼ਬਦ ਕੀਰਤਨ ਕੀਤਾ ਜਾਂਦਾ ਸੀ। ਕਲਕੱਤੇ ਜਦ 29 ਸਤੰਬਰ 1914 ਨੂੰ ਮੁਸਾਫ਼ਰਾਂ ਦਾ ਕਤਲੇਆਮ ਕੀਤਾ ਗਿਆ ਤਾਂ ਉਸ ਵਕਤ ਮੁਸਾਫ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਲਕੱਤੇ ਦੇ ਗੁਰਦੁਆਰੇ ਲਿਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਵਿਚ 376 ਯਾਤਰੀ ਸਵਾਰ ਸਨ ਜਿਨ੍ਹਾਂ ਵਿਚ 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। ਬਾਬਾ ਗੁਰਦਿਤ ਸਿੰਘ । ਬਾਬਾ ਗੁਰਦਿਤ ਸਿੰਘ ਪੂਰਨ ਗੁਰਸਿੱਖ ਸਨ ਤੇ ਵਚਨ ਤੇ ਕਰਮ ਦੇ ਪੱਕੇ ਸਨ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਕਲੱਕਤਾ  ਗੁਰਦੁਆਰੇ ਵਿਚ ਬਿਰਾਜਮਾਨ ਕਰਨ ਨੂੰ ਲੈ ਕੇ ਰੇੜਕਾ ਸ਼ੁਰੂ ਹੋਇਆ ਸੀ ਕਿਉਂਕਿ ਸਮੇਂ ਦੀ ਹਕੂਮਤ ਅਜਿਹਾ ਨਹੀਂ ਕਰਨ ਦੇਣਾ ਚਾਹੁੰਦੀ ਸੀ। ਜਹਾਜ਼ ਦੇ ਸਫ਼ਰ ਵਿਚ ਭਾਈ ਦਲਜੀਤ ਸਿੰਘ ਦਾ ਉਘਾ ਰੋਲ ਹੈ ਪਰ ਇਤਿਹਾਸਕਾਰਾਂ ਨੇ ਉਸ ਦੇ ਰੋਲ ਨੂੰ ਉਭਾਰਿਆ ਨਹੀਂ।
ਪੁਸਤਕ ਵਿਚ ਮੈਂ ਸਿੱਖ ਸੱਭਿਆਚਾਰ ਅਤੇ ਸਿੱਖ ਕਿਰਦਾਰ ਨੂੰ ਸਥਾਪਤ ਕੀਤਾ ਹੈ। ਲੇਖਕ ਰਾਹੀ ਨੇ ਕਿਹਾ ਕਿ ਮੈਂ ਉਸ ਆਤਮਕ ਬਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਆਸਰੇ ਮੁਸਾਫਰਾਂ ਨੇ ਗੋਲੀਆਂ ਅਤੇ ਤੋਪਾਂ ਦਾ ਟਾਕਰਾ ਕੀਤਾ ਹੈ। ਇਸ ਆਤਮ ਬਲ ਦੀਆਂ ਜੜਾਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ‘ਚ ਲੱਗੀਆਂ ਹੋਈਆਂ ਹਨ। ਇਸ ਕਿਤਾਬ ਵਿਚੋਂ ਇਸ ਸਭ ਕੁਝ ਦੇ ਦਰਸ਼ਨ ਹੁੰਦੇ ਹਨ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੇ ਉੱਦਮ ਨਾਲ ਕਰਵਾਈ ਇਸ ਸਮਾਗਮ ਵਿੱਚ ਬਜ਼ੁਰਗ ਪੱਤਰਕਾਰ ਦਲਬੀਰ ਸਿੰਘ, ਡਾਕਟਰ ਗੁਰਦਰਸ਼ਨ ਸਿੰਘ ਢਿਲੋਂ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਹਮੀਰ ਸਿੰਘ, ਕਰਮਜੀਤ ਸਿੰਘ ਬੁਟਰ, ਸਾਬਕਾ ਐਸਡੀਓ ਬੇਅੰਤ ਸਿੰਘ, ਗੀਤਕਾਰ ਸ਼ਮਸ਼ੇਰ ਸੰਧੂ, ਉੱਘੇ ਲੇਖਕ ਸੁਖਮਿੰਦਰ ਸਿੰਘ ਗੱਜਣਵਾਲਾ, ਸ. ਬਬਲਜੀਤ ਸਿੰਘ, ਗੁਰਦੁਆਰਾ ਬਾਬਾ ਜੀਵਨ ਸਿੰਘ ਫੇਜ ਤਿੰਨ ਮੁਹਾਲੀ ਦੇ ਪ੍ਰਧਾਨ ਸ. ਈਸ਼ਰ ਸਿੰਘ, ਐਸ.ਡੀ.ਓ. ਗੁਰਦੇਵ ਸਿੰਘ, ਸ਼ਹੀਦ ਬਾਬਾ ਬੀਰ ਸਿੰਘ, ਧੀਰ ਸਿੰਘ ਫਾਉਂਡੇਸ਼ਨ ਦੇ ਖਜ਼ਾਨਚੀ ਕੁਲਦੀਪ ਸਿੰਘ ਸੇਖਾ, ਸੰਗੀਤਕਾਰ ਐਚ.ਐਮ. ਸਿੰਘ, ਵੀਡੀਓ ਡਾਇਰੈਕਟਰ ਸਵਾਲਿਨਜੀਤ ਸਿੰਘ, ਕੁਲਦੀਪ ਸਿੰਘ ਸੇਖਾ ਸਮੇਤ ਹੋਰ ਹਸਤੀਆਂ ਸ਼ਾਮਲ ਸਨ।