ਪੰਜਾਬ ਦੇ ਦੁਖਾਂਤ ਦੀ ਟੀਸ ਕਦੇ ਖ਼ਤਮ ਨਹੀਂ ਹੋ ਸਕਦੀ : ਗੁਲਜ਼ਾਰ

ਪੰਜਾਬ ਦੇ ਦੁਖਾਂਤ ਦੀ ਟੀਸ ਕਦੇ ਖ਼ਤਮ ਨਹੀਂ ਹੋ ਸਕਦੀ : ਗੁਲਜ਼ਾਰ
An evening with Gulzar, eminent author, poet and film maker (left) organized by Chandigarh Sahitya Akademi and Panjab University in progress at Tagore theatre in Chandigarh on Wednesday. Tribune Photo: NITIN MITTAL ‘ਭਾਰਤ ਦੇ ਲੇਖਕਾਂ ਦੀ ਪੀੜ ਇਕ ਨਹੀਂ ਹੋ ਸਕੀ’

ਚੰਡੀਗੜ੍ਹ/ਬਿਊਰੋ ਨਿਊਜ਼ :
ਕਵੀ, ਗੀਤਕਾਰ ਅਤੇ ਫਿਲਮ ਨਿਰਦੇਸ਼ਕ ਗੁਲਜ਼ਾਰ ਦਾ ਕਹਿਣਾ ਹੈ ਕਿ ਪੰਜਾਬ ਦੇ ’84 ਦੇ ਦੁਖਾਂਤ ਦੀ ਤਕਲੀਫ਼ ਦਾ ਦਰਦ ਅਜੇ ਵੀ ਉਨ੍ਹਾਂ ਦੇ ਅੰਦਰ ਹੈ। ਉਨ੍ਹਾਂ ਦਾ ਕਹਿਣਾ ਹੈ, ”ਜ਼ਖ਼ਮ ਸਮੇਂ ਨਾਲ ਭਰਦੇ ਹਨ ਪਰ ਜਦੋਂ ਇਹ ਵਾਰ-ਵਾਰ ਛਿੱਲੇ ਜਾਂਦੇ ਰਹਿਣ ਤਾਂ ਵਧੇਰੇ ਪੀੜ ਦਿੰਦੇ ਹਨ। ਅਜੇ ਤਾਂ ਹਿੰਦ-ਪਾਕਿ ਬਟਵਾਰੇ ਦਾ ਦੁੱਖ ਵੀ ਮੱਠਾ ਨਹੀਂ ਹੋਇਆ ਹੈ। ਉਹ ਜ਼ਖ਼ਮ ਵੀ ਅਜੇ ਤਾਈਂ ਅੱਲ੍ਹੇ ਪਏ ਹਨ।”
ਗੁਲਜ਼ਾਰ ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਯੂਨੀਵਰਸਿਟੀ ਵੱਲੋਂ ਗੁਲਜ਼ਾਰ ਨੂੰ ਰਾਬਿੰਦਰ ਨਾਥ ਟੈਗੋਰ ਚੇਅਰ ਦਾ ਪ੍ਰੋਫੈਸਰ ਲਾਏ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਕੈਂਪਸ ਵਿੱਚ ਪਲੇਠੀ ਫੇਰੀ ਸੀ। ਉਨ੍ਹਾਂ ਕਿਹਾ ਕਿ ਬਟਵਾਰੇ ਦੇ ਦੁੱਖ ਨਾਲੋਂ ਇਹ ਜਿਸ ਰੂਪ ਵਿੱਚ ਵਾਪਰਿਆ, ਉਹ ਵਧੇਰੇ ਦੁਖਦਾਈ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਸਰਹੱਦਾਂ ਨੂੰ ਹੋਰ ਛੋਟਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ-ਦੂਜੇ ਨਾਲ ਜੁੜਨ ਦੀ ਉਮੀਦ ਛੱਡਣੀ  ਨਹੀਂ ਚਾਹੀਦੀ। ਪੰਜਾਬ ਦੀ ਤਕਲੀਫ਼ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਮ ‘ਮਾਚਿਸ’ ਅੰਦਰਲੀ ਪੀੜ ਦੀ ਉਪਜ ਸੀ। ਗੁਲਜ਼ਾਰ ਨੇ ਦੁੱਖ ਭਰੇ ਲਹਿਜ਼ੇ ਵਿੱਚ ਕਿਹਾ ਕਿ ਭਾਰਤ ਦੇ ਲੇਖਕਾਂ ਦੀ ਪੀੜ ਵੀ ਸਾਂਝੀ ਨਹੀਂ ਅਤੇ ਮਸਲੇ ਵੀ ਅੱਡ-ਅੱਡ ਹਨ। ਆਸਾਮ ਵਿੱਚ ਵਾਪਰਦੀਆਂ ਘਟਨਾਵਾਂ ਦਾ ਦਰਦ ਪੰਜਾਬ ਦੇ ਲੇਖਕਾਂ ਦੀ ਕਲਮ ‘ਤੇ ਨਹੀਂ ਆਇਆ ਅਤੇ ਪੰਜਾਬੀਆਂ ਦੇ ਦੁੱਖ ਦੇਸ਼ ਦੇ ਦੂਜੇ ਕੋਨੇ ਦੇ ਸਾਹਿਤਕਾਰਾਂ ਦੀ ਲੇਖਣੀ ਦਾ ਵਿਸ਼ਾ ਨਹੀਂ ਬਣ ਸਕੇ। ਵਧੇਰੇ ਭਾਰਤੀ ਲੇਖਕਾਂ ਦੀਆਂ ਕ੍ਰਿਤਾਂ ਵਿਸ਼ਵ ਵਰਤਾਰੇ ਤੋਂ ਅਭਿੱਜ ਹਨ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਮਿਆਰੀ ਬਾਲ ਸਾਹਿਤ ਦੀ ਰਚਨਾ ਨਾ ਕੀਤੇ ਜਾਣ ‘ਤੇ ਚਿੰਤਾ ਪ੍ਰਗਟ ਕੀਤੀ। ਬੱਚਿਆਂ ਦੇ ਵਧੀਆ ਸਾਹਿਤ ਦੀ ਪੂਰੇ ਮੁਲਕ ਵਿੱਚ ਘਾਟ ਹੈ। ਬਾਲ ਸਾਹਿਤ ਲਿਖਣ ਵਾਲੇ ਵੀ ਘੱਟ ਹੀ ਹਨ। ਵੱਡੇ ਲੇਖਕ ਬਾਲ ਸਾਹਿਤ ਦੀ ਰਚਨਾ ਕਰਨ ਦੀ ਜ਼ਰੂਰਤ ਨਹੀਂ ਸਮਝਦੇ ਹਨ। ਕਈ ਹੋਰ ਭਸ਼ਾਵਾਂ ਦੀ ਤਰ੍ਹਾਂ ਪੰਜਾਬੀ ਦਾ ਬਾਲ ਸਾਹਿਤ ਵੀ ਜ਼ੀਰੋ ਹੈ। ਗੁਲਜ਼ਾਰ ਨੇ ਇਸ ਧਾਰਨਾ ਨਾਲ ਵੀ ਅਸਹਿਮਤੀ ਪ੍ਰਗਟ ਕੀਤੀ ਕਿ ਪੁਸਤਕਾਂ ਵਿਕਣੀਆਂ ਘਟ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਪੁਸਤਕਾਂ ਵੱਧ ਗਿਣਤੀ ਵਿੱਚ ਛਪ ਰਹੀਆਂ ਹਨ ਅਤੇ ਜ਼ਿਆਦਾ ਗਿਣਤੀ ਵਿੱਚ ਵਿਕ ਵੀ ਰਹੀਆਂ ਹਨ। ਰਸਾਲਿਆਂ ਦੀ ਛਪਣ ਗਿਣਤੀ ਵੀ ਵਧੀ ਹੈ। ਇੱਥੋਂ ਤੱਕ ਕਿ ਉਰਦੂ ਦੇ ਰਸਾਲੇ ਵੀ ਚੰਗੀ ਗਿਣਤੀ ਵਿੱਚ ਵਿਕ ਰਹੇ ਹਨ। ਰਾਬਿੰਦਰ ਨਾਥ ਟੈਗੋਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਪੁਸਤਕਾਂ ਦਾ ਤਰਜ਼ਮਾ ਕਰਨਾ ਆਸਾਨ ਨਹੀਂ ਸੀ। ਉਨ੍ਹਾਂ ਨੇ ਤਰਜ਼ਮੇ ਦਾ ਕੰਮ ਛੇੜਣ ਤੋਂ ਪਹਿਲਾਂ ਬੰਗਾਲੀ ਭਾਸ਼ਾ ਸਿੱਖੀ ਸੀ। ਉਨ੍ਹਾਂ ਕਿਹਾ ਕਿ ਟੈਗੋਰ ਦੀਆਂ ਰਚਨਾਵਾਂ ਨੂੰ ਅੰਗਰੇਜ਼ੀ ਤੋਂ ਹਿੰਦੀ ਵਿੱਚ ਅਨੁਵਾਦ ਕਰਨ ਨਾਲ ਇਨਸਾਫ਼ ਨਹੀਂ ਹੋ ਸਕਣਾ ਸੀ।
ਤਰਜ਼ਮਾ ਕਰਨ ਤੋਂ ਪਹਿਲਾਂ ਲੇਖਕ ਬਾਰੇ ਡੂੰਘਾਈ ਵਿੱਚ ਜਾਣਨਾ ਜ਼ਰੂਰੀ ਹੁੰਦਾ ਹੈ। ਗੁਲਜ਼ਾਰ ਵੱਲੋਂ 32 ਜ਼ੁਬਾਨਾਂ ਦੇ 272 ਸ਼ਾਇਰਾਂ ਦੀਆਂ ਰਚਨਾਵਾਂ ਦਾ ਹਿੰਦੀ ਵਿੱਚ ਤਰਜ਼ਮਾ ਕੀਤਾ ਜਾ ਚੁੱਕਿਆ ਹੈ। ਪ੍ਰੋਗਰਾਮ ਦੇ ਅੰਤ ਵਿੱਚ ਉਨ੍ਹਾਂ ਨੇ ਟੈਗੋਰ ਦੀਆਂ ਤਿੰਨ ਕਵਿਤਾਵਾਂ ਦਾ ਹਿੰਦੀ ਤਰਜ਼ਮਾ ਪੜ੍ਹ ਕੇ ਸੁਣਾਇਆ।