ਟਰੰਪ ਦਾ ਹੈਲਥਕੇਅਰ ਬਿਲ ਫੇਲ੍ਹ ਹੋਣ ਦਾ ਖ਼ਤਰਾ, ਅਮਰੀਕੀ ਕਾਂਗਰਸ ਵੋਟਿੰਗ ਟਲੀ

ਟਰੰਪ ਦਾ ਹੈਲਥਕੇਅਰ ਬਿਲ ਫੇਲ੍ਹ ਹੋਣ ਦਾ ਖ਼ਤਰਾ, ਅਮਰੀਕੀ ਕਾਂਗਰਸ ਵੋਟਿੰਗ ਟਲੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਡੋਨਲਡ ਟਰੰਪ ਦਾ ਹੈਲਥਕੇਅਰ ਬਿਲ ਫੇਲ੍ਹ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕੀ ਕਾਂਗਰਸ ਵਿਚ ਦੋ ਵਾਰ ਇਸ ਬਿਲ ‘ਤੇ ਵੋਟਿੰਗ ਟਲ ਗਈ ਹੈ। ਟਰੰਪ ਦੇ ਓਬਾਮਾਕੇਅਰ ਸਿਹਤ ਨੀਤੀ ਨੂੰ ਮਨਸੂਖ਼ ਕਰਨ ਅਤੇ ਬਦਲਣ ਦੇ ਯਤਨਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਉਸ ਦਾ ਪ੍ਰਸ਼ਾਸਨ ਇਸ ਲਈ ਲੋੜੀਂਦਾ ਸਮਰਥਕ ਨਾ ਜੁਟਾ ਸਕਿਆ। ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਰਿਪਬਲਿਕਨ ਸਾਥੀਆਂ ਨੂੰ ਇਸ ਦੇ ਸਮਰਥਨ ਲਈ ਅਲਟੀਮੇਟਮ ਦੇਣਾ ਪਿਆ। ਓਬਾਮਾ ਕੇਅਰ ਨੂੰ ਰੱਦ ਕਰਨ ਤੇ ਬਦਲਣ ਲਈ ਮਤਦਾਨ ਸ਼ੁਰੂ ਹੋਣਾ ਸੀ ਪਰ ਬਹੁਮਤ ਨਾ ਹੋਣ ਕਾਰਨ ਹਾਊਸ ਸਪੀਕਰ ਪਾਲ ਰਿਆਨ ਨੇ ਇਸ ‘ਤੇ ਮਤਦਾਨ ਤੈਅ ਕੀਤਾ। ਮਤਦਾਨ ਸੋਮਵਾਰ ਨੂੰ ਵੀ ਕਰਾਇਆ ਜਾ ਸਕਦਾ ਹੈ। ਵ੍ਹਾਈਟ ਹਾਊਸ ਬਜਟ ਡਾਇਰੈਕਟਰ ਮਿਕ ਮੁਲਵੈਨੀ ਰਾਹੀਂ ਇਹ ਸੰਦੇਸ਼ ਜਾਰੀ ਕੀਤਾ ਗਿਆ ਹੈ। ਡਾਇਰੈਕਟਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਾਨੂੰਨ ਕਾਂਗਰਸ ਵਿੱਚ ਪਾਸ ਹੋਣ ਵਿੱਚ ਨਾਕਾਮ ਰਿਹਾ ਤਾਂ ਟਰੰਪ ਆਪਣੀਆਂ ਹੋਰ ਤਰਜੀਹਾਂ ਨਾਲ ਅੱਗੇ ਵਧੇਗਾ। ਨਿਊਯਾਰਕ ਤੋਂ ਸੰਸਦ ਮੈਂਬਰ ਕ੍ਰਿਸ ਕੌਲਿਨਜ਼ ਨੇ ਪੱਤਰਕਾਰਾਂ ਨੂੰ ਦੱਸਿਆ, ‘ਸਾਨੂੰ ਵੋਟ ਦੇਣੀ ਪੈਣੀ ਹੈ। ਉਹ ਇਸ ਦੇ ਪਾਸ ਹੋਣ ਦੀ ਉਮੀਦ ਲਾਈ ਬੈਠੇ ਹਨ ਪਰ ਜੇਕਰ ਕੁੱਝ ਕਾਰਨਾਂ ਕਰ ਕੇ ਇਹ ਨਾ ਹੋਇਆ ਤਾਂ ਉਹ ਅੱਗੇ ਵਧਣਗੇ।’ ਨਿਊਜ਼ ਰਿਪੋਰਟਾਂ ਮੁਤਾਬਕ ਰਿਪਬਲਿਕਨ ਕਾਨੂੰਨਸਾਜ਼ਾਂ ਨਾਲ ਬੰਦ ਕਮਰਾ ਬੈਠਕ ਦੌਰਾਨ ਟਰੰਪ ਨੇ ਆਪਣੇ ਪਾਰਟੀ ਆਗੂਆਂ ਨੂੰ ਜਦੋਂ ਤੱਕ ਉਹ ਇਸ ਨੂੰ ਰੱਦ ਜਾਂ ਬਦਲਣ ਬਾਰੇ ਕਾਨੂੰਨ ਪਾਸ ਨਹੀਂ ਕਰਦੇ ਓਬਾਮਾਕੇਅਰ ਨੂੰ ਜਿਉਂ ਦਾ ਤਿਉਂ ਛੱਡਣ ਦੀ ਚਿਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਕਿਹਾ, ‘ਅਮਰੀਕਾ ਵਾਸੀ ਇਸ ਬਿੱਲ ਦੇ ਸਮਰਥਨ ਨਾਲ ਓਬਾਮਾਕੇਅਰ ਨੂੰ ਰੱਦ ਤੇ ਬਦਲੇ ਜਾਣ ਬਾਰੇ ਉਨ੍ਹਾਂ ਦੇ ਵਾਅਦੇ ਦੇ ਵਫ਼ਾ ਹੋਣ ਦੀ ਉਡੀਕ ਵਿੱਚ ਹਨ।’