ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਮਾਘੀ ਦੇ ਦਿਹਾੜੇ ਸਬੰਧੀ ਵਿਸ਼ੇਸ਼ ਸਮਾਰੋਹ

ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਮਾਘੀ ਦੇ ਦਿਹਾੜੇ ਸਬੰਧੀ ਵਿਸ਼ੇਸ਼ ਸਮਾਰੋਹ

ਪ੍ਰਬੰਧਕਾਂ ਦੇ ਸੱਦੇ ਤੇ ਭਾਈ ਹਰਨਾਮ ਸਿੰਘ ਹੈਡ ਗ੍ਰੰਥੀ 
ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ ਵਾਲੇ ਪਹੁੰਚੇ
ਸ਼ਿਕਾਗੋ/ਮੱਖਣ ਸਿੰਘ ਕਲੇਰ:
ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਟੁੱਟੀ ਗੰਢੀ ਮਾਘੀ ਦਾ ਦਿਹਾੜਾ ਵਿਸ਼ੇਸ਼ ਤੌਰ ਤੇ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਪੰਥਕ ਸੋਚ ਦੇ ਧਾਰਨੀ ਭਾਈ ਹਰਨਾਮ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੂੰ ਸੰਗਤਾਂ ਨਾਲ ਇਸ ਇਤਿਹਾਸਕ ਦਿਹਾੜੇ ਤੇ ਗੁਰੂ ਇਤਿਹਾਸ ਦੀ ਸਾਂਝ ਪਾਉਣ ਵਾਸਤੇ ਬੁਲਾਇਆ ਗਿਆ। ਭਾਈ ਹਰਨਾਮ ਸਿੰਘ ਜੀ ਵੱਲੋਂ ਸਜੇ ਦੀਵਾਨ ਅੰਦਰ ਸੰਗਤਾਂ ਨੂੰ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਂ ਗੁਜਾਰਨ ਤੇ ਫਿਰ ਆਨੰਦਪੁਰ ਨੂੰ ਛੱਡਣ ਤੇ ਫਿਰ ਸਿਰਸਾ ਤੇ ਪਰਿਵਾਰ ਵਿਛੋੜਾ ਤੇ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜ਼ਰ ਕੌਰ ਦੇ ਨਾਲੋਂ ਵੱਖ ਹੋ ਜਾਣ ਦਾ, ਆਪ ਜੀ ਦਾ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਵਿਚ 10 ਲੱਖ ਦੇ ਘੇਰੇ ਅੰਦਰ ਵੈਰੀਆਂ ਦੇ ਨਾਲ ਜੂਝਣਾ, ਚਾਰੋਂ ਸਾਹਿਬਜ਼ਾਦਿਆਂ ਦਾ ਸ਼ਹੀਦ ਹੋ ਜਾਣਾ ਤੇ ਮਾਤਾ ਗੁਜ਼ਰ ਕੌਰ ਜੀ ਦਾ ਸ਼ਹੀਦ ਹੋ ਜਾਣਾ ਤੇ ਆਪ ਗੁਰੂ ਸਾਹਿਬ ਵੱਲੋਂ ਚਮਕੌਰ ਦੀ ਗੜੀ ਵਿਚੋਂ ਨਿਕਲਣਾ ਤੇ ਫਿਰ ਮਾਛੀਵਾੜੇ ਦੇ ਜੰਗਲਾਂ ਵਿਚੋਂ ਗੁਜਰਨਾ, ਤੇ ਕੁਝ ਸਮਾਂ ਤੇ ਬੀਤਣ ਤੇ ਜੋ ਸਿੰਘ ਆਨੰਦਪੁਰੀ ਤੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਉਨ੍ਹਾਂ ਸਿੰਘਾਂ ਦਾ ਭਾਈ ਮਹਾਂ ਸਿੰਘ ਤੇ ਮਾਤਾ ਭਾਗ ਕੌਰ ਦੀ ਅਗਵਾਈ ਹੇਠ ਸ਼ਤਰਾਨੇ ਦੀ ਢਾਬ ਦੀਆਂ ਸ਼ਹੀਦੀਆਂ ਦਾ ਹੋਣਾ ਤੇ ਗੁਰੂ ਜੀ ਵੱਲੋਂ ਸਿੰਘਾਂ ਦੇ ਜੰਗ ਵਿਚ ਜੌਹਰ ਦੇਖ ਕੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਂਦ ਵਿਚ ਲੈ ਕੇ ਟੁੱਟੀ ਗੰਢਣੀ ਤੇ ਬੇਦਾਵਾ ਪਾੜਨਾ ਤੇ ਉਥੋਂ ਜਿੱਤ ਹਾਸਲ ਕਰਨੀ ਤੇ ਉਥੋਂ ਗੁਰੂ ਜੀ ਦਾ ਅੱਗੇ ਵੱਲ ਜਾਣਾ। ਇਥੋਂ ਤੱਕ ਦਾ ਇਤਿਹਾਸ ਭਾਈ ਸਾਹਿਬ ਨੇ ਸਰਵਣ ਕਰਵਾਇਆ।
ਇਨ੍ਹਾਂ ਤੋਂ ਇਲਾਵਾ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਪਰਮਿੰਦਰ ਸਿੰਘ ਜੀ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਗੁਰੂ ਘਰ ਦੇ ਕੀਰਤਨੀ ਜਥੇ ਭਾਈ ਰਜਿੰਦਰ ਸਿੰਘ ਜਲੰਧਰ ਵਾਲਿਆਂ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ, ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਅਜੀਤ ਸਿੰਘ ਜੱਬਲਪੁਰ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਪ੍ਰਬੰਧਕਾਂ ਵੱਲੋਂ ਭਾਈ ਹਰਨਾਮ ਸਿੰਘ ਨੂੰ ਸਿਰਪਾਓ ਦੇ ਕੇ ਉਨ੍ਹਾਂ ਦਾ ਮਾਣ ਸਨਮਾਣ ਕੀਤਾ।