ਸ਼ਹੀਦ ਸਿੱਖ ਫੌਜੀ ਦਾ ਪਰਿਵਾਰ ਵੀ ਟਰੰਪ ਦੀਆਂ ਟਿੱਪਣੀਆਂ ਤੋਂ ਨਾਰਾਜ਼

ਸ਼ਹੀਦ ਸਿੱਖ ਫੌਜੀ ਦਾ ਪਰਿਵਾਰ ਵੀ ਟਰੰਪ ਦੀਆਂ ਟਿੱਪਣੀਆਂ ਤੋਂ ਨਾਰਾਜ਼

ਲਾਸ ਏਂਜਲਸ/ਬਿਊਰੋ ਨਿਊਜ਼ :
ਡੋਨਲਡ ਟਰੰਪ ਦੇ ਹਮਲੇ ਦੀ ਜ਼ਦ ਵਿੱਚ ਆਏ ਜੰਗੀ ਸ਼ਹੀਦ ਪਾਕਿ ਮੂਲ ਦੇ ਅਮਰੀਕੀ ਸੈਨਿਕ ਦੇ ਮਾਪਿਆਂ ਦੀ ਹਮਾਇਤ ਵਿੱਚ ਇਕ ਹੋਰ ਸ਼ਹੀਦ ਸਿੱਖ ਮਰੀਨ ਕੋਰਪੋਰਲ ਦਾ ਪਰਿਵਾਰ ਆ ਗਿਆ ਹੈ।
ਪੰਜ ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਮਰੀਨ ਕੋਰਪੋਰਲ ਗੁਰਪ੍ਰੀਤ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਕਿਹਾ ਕਿ ਟਰੰਪ ਦੀਆਂ ਟਿੱਪਣੀਆਂ ਨਾਲ ਦੁੱਖ ਪਹੁੰਚਿਆ। ਜਾਪਦਾ ਹੈ ਕਿ ਉਹ ਸਿਆਸੀ ਖੇਡਾਂ ਖੇਡ ਰਹੇ ਹਨ। ਪਰਿਵਾਰ ਨੇ ਗੁਰਪ੍ਰੀਤ ਦਾ ਕਮਰਾ ਹਾਲੇ ਵੀ ਲਾਲ, ਸਫੈਦ ਅਤੇ ਨੀਲੇ ਰੰਗ ਨਾਲ ਸਜਾਇਆ ਹੋਇਆ ਹੈ, ਜਿਸ ਵਿੱਚ ਉਸ ਦੀ ਤਗ਼ਮਿਆਂ ਨਾਲ ਸਜੀ ਵਰਦੀ ਲਟਕ ਰਹੀ ਹੈ। ਨਿਰਮਲ ਸਿੰਘ ਨੇ ਐਂਟੇਲੋਪ (ਕੈਲੇਫੋਰਨੀਆ) ਵਿੱਚ ਆਪਣੇ ਘਰ ਦੀ ਕੰਧ ਉਤੇ ਉਸ ਦਾ ਪੋਸਟਰ ਲਾਇਆ ਹੋਇਆ ਹੈ, ਜਿਸ ਉਤੇ ਆਪਣੇ ਪੁੱਤ ਨੂੰ ਅਮਰੀਕੀ ਨਾਇਕ ਲਿਖਿਆ ਹੈ। ਨਿਰਮਲ ਸਿੰਘ ਨੇ ‘ਸੈਂਕਰਾਮੈਂਟੋ ਬੀ’ ਨੂੰ ਦੱਸਿਆ ਕਿ ਰਿਪਬਲਿਕਨ ਆਗੂ ਟਰੰਪ ਗੋਲਡ ਸਟਾਰ ਪਰਿਵਾਰ ਨਾਲ ਸਿਆਸੀ ਖੇਡਾਂ ਖੇਡ ਰਹੇ ਹਨ।
ਅਮਰੀਕਾ ਵਿੱਚ ਗੋਲਡ ਸਟਾਰ ਪਰਿਵਾਰ ਉਨ੍ਹਾਂ ਨੂੰ ਮੰਨਿਆ ਜਾਂਦਾ ਹੈ, ਜਿਨ੍ਹਾਂ ਦੇ ਸਕੇ ਸਬੰਧੀ ਨੇ ਅਮਰੀਕੀ ਹਥਿਆਰਬੰਦ ਦਸਤਿਆਂ ਵੱਲੋਂ ਜੰਗ ਵਿੱਚ ਭਾਗ ਲੈਂਦਿਆਂ ਬਲੀਦਾਨ ਦਿੱਤਾ ਹੋਵੇ। ਟਰੰਪ ਵੱਲੋਂ ਸ਼ਹੀਦ ਫੌਜੀ ਕੈਪਟਨ ਹਮਾਯੂੰ ਖ਼ਾਨ ਦੇ ਮਾਪਿਆਂ ਦੀ ਆਲੋਚਨਾ ਕਰਨ ਕਾਰਨ ਕਈ ਫੌਜੀ ਪਰਿਵਾਰਾਂ ਨੂੰ ਅਚੰਭਾ ਲੱਗਿਆ। ਨਿਰਮਲ ਸਿੰਘ ਨੇ ਕਿਹਾ ਕਿ ਧਰਮ ਮਾਅਨੇ ਨਹੀਂ ਰੱਖਦਾ। ਉਹ ਆਪਣੇ ਮੁਲਕ ਨੂੰ ਪਿਆਰ ਕਰਦੇ ਹਨ। ਇਸੇ ਲਈ ਜੰਗ ਵਿੱਚ ਗਏ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਕੋਰਪੋਰਲ ਗੁਰਪ੍ਰੀਤ ਸਿੰਘ ਦੀ 28 ਸਾਲਾ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਟਰੰਪ ਕੈਪਟਨ ਖ਼ਾਨ ਦੀ ਮਾਂ ਬਾਰੇ ਕੁੱਝ ਕਹਿ ਰਿਹਾ ਸੀ ਤਾਂ ਇੰਝ ਲਗਦਾ ਸੀ ਜਿਵੇਂ ਮੇਰੀ ਮਾਂ ਦਾ ਨਿਰਾਦਰ ਹੋ ਰਿਹਾ ਹੋਵੇ।