ਹਾਦਸੇ ਉਪਰੰਤ ਸੜ ਰਹੀ ਕਾਰ ਵਿਚ ਆਪਣੀ ਦੋਸਤ ਨੂੰ ਛੱਡਕੇ ਦੌੜ ਜਾਣ ਵਾਲੇ ਡਰਾਈਵਰ ਨੂੰ 12 ਸਾਲ ਕੈਦ

ਹਾਦਸੇ ਉਪਰੰਤ ਸੜ ਰਹੀ ਕਾਰ ਵਿਚ ਆਪਣੀ ਦੋਸਤ ਨੂੰ ਛੱਡਕੇ ਦੌੜ ਜਾਣ ਵਾਲੇ ਡਰਾਈਵਰ ਨੂੰ 12 ਸਾਲ ਕੈਦ

ਨਿਊਯਾਰਕ/ਹੁਸਨ ਲੜੋਆ ਬੰਗਾ : 
ਅਦਾਲਤ ਨੇ ਨਿਊਯਾਰਕ ਸਿਟੀ ਦੇ ਇਕ ਰਾਸ਼ਟਰੀ ਮਾਰਗ ਉਪਰ ਹਾਦਸੇ ਉਪਰੰਤ ਅੱਗ ਲੱਗ ਜਾਣ ਕਾਰਨ ਸੜ ਰਹੀ ਕਾਰ ਵਿਚ ਆਪਣੀ ਮਿੱਤਰ ਕੁੜੀ ਨੂੰ ਛੱਡਕੇ ਦੌੜ ਜਾਣ ਵਾਲੇ  ਸਈਦ ਅਹਿਮਦ ਨਾਮੀ ਡਰਾਈਵਰ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਹਾਦਸੇ ਵਿਚ ਹਰਲੀਨ ਗਰੇਵਾਲ ਨਾਮੀ ਲੜਕੀ ਦੀ ਮੌਤ ਹੋ ਗਈ ਸੀ। ਪੁਲਿਸ ਅਨੁਸਾਰ 24 ਸਾਲਾ ਸਈਦ ਅਹਿਮਦ ਗੱਡੀ ਉਤੇ ਕੰਟਰੋਲ ਗੁਆ ਬੈਠਾ ਤੇ ਕਾਰ ਬੈਰੀਅਰ ਨਾਲ ਜਾ ਟਕਰਾਈ ਜਿਸ ਉਪਰੰਤ ਉਸ ਨੂੰ ਅੱਗ ਲੱਗ ਗਈ। ਸਈਦ ਨੇ ਅਦਾਲਤ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਹਰਲੀਨ ਉਸ ਦੀ ਮਿੱਤਰ ਸੀ। ਕਾਰ ਨੂੰ ਅੱਗ ਲੱਗ ਜਾਣ ਉਪਰੰਤ ਉਸ ਨੇ ਉਸ ਨੂੰ ਕਾਰ ਵਿਚੋਂ ਕੱਢਣ ਦਾ ਯਤਨ ਕੀਤਾ ਸੀ ਪਰ ਕਾਮਯਾਬ ਨਹੀਂ ਹੋ ਸਕਿਆ। ਦੂਸਰੇ ਪਾਸੇ ਨੇੜਿਉਂ ਲੰਘ ਰਹੇ ਇਕ ਵਿਅਕਤੀ ਵੱਲੋਂ ਸੈੱਲ ਫੋਨ ਉਪਰ ਬਣਾਈ ਵੀਡਿਓ ਵਿਚ ਸਾਫ ਨਜ਼ਰ  ਆ ਰਿਹਾ ਸੀ ਕਿ ਕਾਰ ਨੂੰ ਅੱਗ ਲੱਗਣ ਉਪਰੰਤ ਸਈਦ ਅਹਿਮਦ ਇਕ ਕਿਰਾਏ ਵਾਲੀ ਯੈਲੋ ਟੈਕਸੀ ਉਪਰ ਸਵਾਰ ਹੋ ਕੇ ਘਟਨਾ ਸਥਾਨ ਤੋਂ ਚਲਾ ਗਿਆ ਸੀ। ਉਸ ਨੇ ਹਰਲੀਨ ਨੂੰ ਬਚਾਉਣ ਲਈ ਕੋਈ ਯਤਨ ਨਹੀਂ ਕੀਤਾ। ਅਸਟੋਰੀਆ ਦੀ ਰਹਿਣ ਵਾਲੀ ਹਰਲੀਨ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।