ਦਰਬਾਰ ਸਾਹਿਬ ਵਿੱਚ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਆਡੀਓ-ਵਿਜ਼ੂਆਲ ਰਾਹੀਂ ਦਿੱਤੀ ਜਾਵੇਗੀ ਸਿੱਖ ਇਤਿਹਾਸ ਦੀ ਜਾਣਕਾਰੀ

ਦਰਬਾਰ ਸਾਹਿਬ ਵਿੱਚ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਆਡੀਓ-ਵਿਜ਼ੂਆਲ ਰਾਹੀਂ ਦਿੱਤੀ ਜਾਵੇਗੀ ਸਿੱਖ ਇਤਿਹਾਸ ਦੀ ਜਾਣਕਾਰੀ
ਕੈਪਸ਼ਨ-ਅੰਮ੍ਰਿਤਸਰ ਵਿੱਚ ਜ਼ਮੀਨਦੋਜ਼ ਪਲਾਜ਼ਾ ਵਿਚ ਸ਼ੁਰੂ ਹੋਏ ਵਿਆਖਿਆ ਕੇਂਦਰ ਦੀ ਇਕ ਝਲਕ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੂਆਂ ਨੂੰ ਹੁਣ ਨਵਾਂ ਅਹਿਸਾਸ ਹੋਵੇਗਾ ਜਦੋਂ ਉਨ੍ਹਾਂ ਨੂੰ ਗੁਰੂ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਆਡੀਓ-ਵਿਜ਼ੁਅਲ ਰਾਹੀਂ ਸਿੱਖ ਗੁਰੂਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਜਾਵੇਗੀ।
ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦੇ ਦੂਜੇ ਪੜਾਅ ਹੇਠ ਜ਼ਮੀਨ-ਦੋਜ਼ ਹਿੱਸੇ ਵਿੱਚ ਵਿਆਖਿਆ ਕੇਂਦਰ ਦੀ ਸ਼ੁਰੂਆਤ ਹੋ ਗਈ ਹੈ। ਪਹਿਲੇ ਦਿਨ ਲਗਭਗ 5 ਹਜ਼ਾਰ ਯਾਤਰੂਆਂ ਨੇ ਇਸ ਵਿਆਖਿਆ ਕੇਂਦਰ ਦੀਆਂ ਚਾਰ ਗੈਲਰੀਆਂ ਵਿੱਚ ਗੁਰੂਆਂ ਦੇ ਇਤਿਹਾਸ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ਼ਰਧਾਲੂਆਂ ਨੇ ਸੈਰ-ਸਪਾਟਾ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਜਾਣਨ ਬਾਰੇ ਕਦੇ ਅਜਿਹਾ ਮੌਕਾ ਨਹੀਂ ਮਿਲਿਆ ਸੀ।
ਪਲਾਜ਼ਾ ਦੇ ਜ਼ਮੀਨ-ਦੋਜ਼ ਹਿੱਸੇ ਵਿੱਚ ਸੈਰ-ਸਪਾਟਾ ਵਿਭਾਗ ਵੱਲੋਂ ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਇਹ ਵਿਆਖਿਆ ਕੇਂਦਰ (ਇੰਟਰਪ੍ਰਟੇਸ਼ਨ ਸੈਂਟਰ) ਸਥਾਪਿਤ ਕੀਤਾ ਗਿਆ ਹੈ, ਜਿਸ ਦੀਆਂ ਚਾਰ ਗੈਲਰੀਆਂ ਹਨ। ਇਨ੍ਹਾਂ ਗੈਲਰੀਆਂ ਨੂੰ ‘ਜੋਤ ਮੇਂ ਜੋਤ’, ‘ਹਿਸਟਰੀ ਆਫ਼ ਦਰਬਾਰ ਸਾਹਿਬ’, ‘ਦਰਬਾਰ ਸਾਹਿਬ ਵਿੱਚ ਇਕ ਦਿਨ’ ਅਤੇ ‘ਬਾਣੀ ਗੁਰੂ ਗੁਰੂ ਹੈ ਬਾਣੀ’ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਗੈਲਰੀਆਂ ਵਿੱਚੋਂ ਇੱਕ ਗੈਲਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ਾਲ ਮਾਡਲ ਵੀ ਸਥਾਪਤ ਹੈ, ਜਿਸ ਵਿੱਚ ਹਰ ਇੱਕ ਚੀਜ਼ ਜ਼ਿੰਦਾ ਰੂਪ ਵਿੱਚ ਦਿਖਾਈ ਦਿੰਦੀ ਹੈ।
ਵਿਭਾਗ ਦੇ ਐਕਸੀਅਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਆਖਿਆ ਕੇਂਦਰ ਰੋਜ਼ 9 ਤੋਂ 5 ਵਜੇ ਤੱਕ ਇੱਥੇ ਆਉਣ ਵਾਲੇ ਯਾਤਰੂਆਂ ਨੂੰ ਗੁਰ-ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ। ਵਿਆਖਿਆ ਕੇਂਦਰ ਦੇ ਸਮੁੱਚੇ ਕੰਮਕਾਜ ਲਈ ਲਗਭਗ 100 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਇਸ ਦੀ ਸੁਰੱਖਿਆ, ਸਾਂਭ-ਸੰਭਾਲ ਅਤੇ ਯਾਤਰੂਆਂ ਨੂੰ ਜਾਣਕਾਰੀ ਦੇਣ ਲਈ ਸਹੂਲਤ ਮੁਹੱਈਆ ਕਰਨਗੇ। ਉਨ੍ਹਾਂ ਆਖਿਆ ਕਿ ਯਾਤਰੂਆਂ ਨੂੰ ਗੁਰੂ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਇਸ ਦੇ ਇਤਿਹਾਸ ਅਤੇ ਮਹਾਨਤਾ ਬਾਰੇ ਜਾਣਕਾਰੀ ਮਿਲ ਜਾਵੇਗੀ। ਪਹਿਲੇ ਦਿਨ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਤੇ ਹੋਰ ਅਮਲਾ ਵੀ ਹਾਜ਼ਰ ਸੀ। ਵਿਆਖਿਆ ਕੇਂਦਰ ਦਾ ਇਹ ਡਿਜ਼ਾਈਨ ਪ੍ਰਮੁੱਖ ਡਿਜਾਈਨਰ ਅਮਰ ਬਹਿਲ ਵੱਲੋਂ ਤਿਆਰ ਕੀਤਾ ਗਿਆ ਹੈ।
ਪਹਿਲੀ ਗੈਲਰੀ ‘ਜੋਤ ਮੇਂ ਜੋਤ’ ਵਿੱਚ ਇੱਕ ਪਿਰਾਮਿਡ ਬਣਾਇਆ ਗਿਆ ਹੈ, ਜਿਸ ਉਪਰ ਪ੍ਰਾਜੈਕਟਰ ਰਾਹੀਂ ਗੁਰ-ਇਤਿਹਾਸ ਦਰਸਾਇਆ ਗਿਆ ਹੈ। ਦੂਜੀ ਗੈਲਰੀ ਵਿੱਚ 3-ਡੀ ਰਾਹੀਂ 270 ਡਿਗਰੀ ‘ਤੇ 3 ਕੰਧਾਂ ਉਪਰ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਦਿਖਾਇਆ ਗਿਆ ਹੈ। ਇਹ ਇਤਿਹਾਸ ਇਥੋਂ ਦੀ ਪੁਰਾਤਨ ਬੇਰੀ ਦਸਦੀ ਹੈ, ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਤੋਂ ਲੈਕੇ ਹੁਣ ਤੱਕ ਦੇ ਸਮੇਂ ਦੀ ਗਵਾਹ ਹੈ। ਤੀਜੀ ਗੈਲਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਦਿਨ ਦੀ ਗਤੀਵਿਧੀ ਨੂੰ ਦਿਖਾਇਆ ਗਿਆ ਹੈ। ਇਥੇ ਹੀ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ਾਲ ਮਾਡਲ ਵੀ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਦੂਜੇ ਪੜਾਅ ਦਾ ਉਦਘਾਟਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਅਕਤੂਬਰ ਵਿੱਚ ਕੀਤਾ ਸੀ, ਪਰ ਇਹ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕਿਆ ਸੀ।