ਬਠਿੰਡਾ ‘ਚ ਅਰਥੀ ਫੂਕ ਮੁਜ਼ਾਹਰੇ ਦੌਰਾਨ ਅਧਿਆਪਕ ਵਲੋਂ ਆਤਮਦਾਹ ਦੀ ਕੋਸ਼ਿਸ਼, ਹਾਲਤ ਗੰਭੀਰ
ਬਠਿੰਡਾ/ਬਿਊਰੋ ਨਿਊਜ਼ :
ਬੁੱਧਵਾਰ ਪ੍ਰਦਰਸ਼ਨ ਦੌਰਾਨ ਈ.ਜੀ.ਐਸ. ਟੀਚਰ ਨੇ ਖ਼ੁਦ ਨੂੰ ਅੱਗ ਲਾ ਲਈ। ਸਾਹ ਦੀ ਨਾਲੀ ਸੁੰਗੜਨ ਕਾਰਨ ਉਸ ਦੀ ਹਾਲਤ ਗੰਭੀਰ ਹੈ। ਡਾਕਟਰਾਂ ਅਨੁਸਾਰ ਸਮਰਦੀਪ 50 ਫ਼ੀਸਦੀ ਝੁਲਸ ਚੁੱਕਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਇਸੇ ਚੌਕ ‘ਤੇ ਇਕ ਈ.ਜੀ.ਐਸ. ਟੀਚਰ ਨਿਸ਼ਾਂਤ ਨੇ ਤੇਲ ਸੁੱਟ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਰੋਕ ਲਿਆ ਗਿਆ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਈ.ਜੀ.ਐਸ. ਟੀਚਰ ਫ਼ੌਜੀ ਚੌਕ ‘ਤੇ ਪੁਤਲਾ ਸਾੜਨ ਪਹੁੰਚੇ ਸਨ। ਮਾਨਸਾ ਦੇ ਸਿਮਰਜੀਤ ਨੇ ਪਹਿਲੇ ਖ਼ੁਦ ‘ਤੇ ਪੈਟਰੋਲ ਛਿੜਕਿਆ ਰੱਖਿਆ ਸੀ ਅਤੇ ਜਿਵੇਂ ਹੀ ਪੁਤਲੇ ਨੂੰ ਅੱਗ ਲਾਈ ਗਈ, ਉਹ ਵੀ ਉਸ ਵਿਚ ਕੁੱਦ ਗਿਆ। ਉਸ ਦੇ ਦੋਵੇਂ ਹੱਥ, ਛਾਤੀ ਤੇ ਮੂੰਹ ਤੋਂ ਇਲਾਵਾ ਸਿਰ ਦੇ ਵਾਲ ਵੀ ਝੁਲਸ ਗਏ। ਇਹ ਸਭ ਭਾਰੀ ਪੁਲੀਸ ਬਲ ਦੀ ਮੌਜੂਦਗੀ ਵਿਚ ਹੋਇਆ। ਸੂਬਾਈ ਨੇਤਾ ਸਵਰਨਾ ਰਾਣੀ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸਿਮਰਜੀਤ, ਕਰਮਜੀਤ ਕੌਰ ਤੇ ਨਿਸ਼ਾਂਤ ਨੇ ਪੱਕੀ ਨੌਕਰੀ ਨਾ ਮਿਲਣ ‘ਤੇ ਆਤਮਦਾਹ ਦੀ ਧਮਕੀ ਦੇ ਰੱਖੀ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ।
ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਟੀਚਰਜ਼ ਯੂਨੀਅਨ ਵਲੋਂ ਬਠਿੰਡਾ ਦੇ ਗੋਲਡਿੱਗੀ ਨਜ਼ਦੀਕ ਟੈਂਕੀ ‘ਤੇ ਚੜ੍ਹ ਕੇ ਚਲਾਏ ਜਾ ਰਹੇ ਸੰਘਰਸ਼ ਨੂੰ ਕਰੀਹ ਡੇਢ ਮਹੀਨਾ ਹੋ ਗਿਆ ਹੈ। ਸੰਘਰਸ਼ ਨੂੰ ਬੂਰ ਨਾ ਪੈਣ ਕਾਰਨ ਰੋਸ ਵਜੋਂ ਜਥੇਬੰਦੀ ਦੇ ਸੈਂਕੜੇ ਨੁਮਾਇੰਦਿਆਂ ਵੱਲੋਂ ਪਹਿਲਾਂ ਗੋਲਡਿੱਗੀ ਨਜ਼ਦੀਕ ਸੜਕ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਕਾਫਲੇ ਦੇ ਰੂਪ ਵਿਚ ਮਾਲ ਰੋਡ ਤੋਂ ਸਰਕਾਰ ਖਿਲਾਫ਼ ਰੋਸ ਰੈਲੀ ਕੱਢੀ ਗਈ, ਜਿਨ੍ਹਾਂ ਨੇ ਸਥਾਨਕ ਜਮਾਂਦਾਰ ਸ਼ਹੀਦ ਨੰਦ ਸਿੰਘ ਚੌਕ ‘ਤੇ ਬੈਠ ਕੇ ਸੜਕ ‘ਤੇ ਦੋਵੇਂ ਪਾਸੇ ਜਾਮ ਲਾ ਦਿੱਤਾ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਉਹ ਮੰਗ ਕਰ ਰਹੇ ਸਨ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਜੋ ਵਿਸ਼ੇਸ਼ ਸਦਨ ਲਈ ਬੁਲਾਇਆ ਗਿਆ, ਜਿਸ ਵਿਚ ਉਨ੍ਹਾਂ ਦੀ ਰੈਗੂਲਰ ਕਰਨ ਦੀ ਮੰਗ ਨੂੰ ਕਿਉਂ ਨਹੀਂ ਵਿਚਾਰਿਆ ਗਿਆ। ਇਸ ਮੌਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਅਗਰ ਚੋਣ ਜ਼ਾਬਤੇ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਤੁਰੰਤ ਨਾ ਮੰਨਿਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਸਰਕਾਰ ਨੂੰ ਚੋਣਾਂ ਦੌਰਾਨ ਭੁਗਤਣੇ ਪੈਣਗੇ। ਇਸ ਮੌਕੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਥੇਬੰਦਕ ਆਗੂਆਂ ਨੇ ਐਲਾਨ ਕੀਤਾ ਕਿ ਉਹ ਕਰੋ ਜਾਂ ਮਰੋ ਦੀ ਨੀਤੀ ਬਣਾ ਚੁੱਕੇ ਹਨ, ਜੋ ਕਿਸੇ ਵੀ ਹਾਲਤ ਵਿਚ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
5 ਹਜ਼ਾਰ ਤਨਖ਼ਾਹ, ਉਹ ਵੀ 6 ਮਹੀਨੇ ਤੋਂ ਮਿਲੀ ਨਹੀਂ :
32 ਸਾਲ ਦੇ ਸਿਮਰਜੀਤ ‘ਤੇ ਘਰ ਦੀ ਪੂਰੀ ਜ਼ਿੰਮੇਵਾਰੀ ਹੈ। ਉਹ 40 ਦਿਨ ਤੋਂ ਪਾਣੀ ਦੀ ਟੈਂਕੀ ‘ਤੇ ਚੜ੍ਹਿਆ ਰਿਹਾ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਵਿਚ ਸਭ ਤੋਂ ਵੱਡਾ ਹੈ, ਵਿਆਹ ਵੀ ਨਹੀਂ ਹੋਇਆ ਹੈ। ਇਕ ਛੋਟੀ ਭੈਣ ਤੇ ਭਰਾ ਹੈ। ਘਰੇਲੂ ਖ਼ਰਚ ਵੱਧ ਹੈ ਪਰ ਸਰਕਾਰ ਵਲੋਂ ਸਿਰਫ਼ 5 ਹਜ਼ਾਰ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ, ਜੋ 6 ਮਹੀਨੇ ਤੋਂ ਮਿਲੀ ਨਹੀਂ।
Comments (0)