ਆਈ.ਐਨ.ਓ.ਸੀ. ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ

ਆਈ.ਐਨ.ਓ.ਸੀ. ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ

ਨਿਊਯਾਰਕ/ਬਿਊਰੋ ਨਿਊਜ਼ :
ਬੰਦੀ ਛੋੜ ਦਿਵਸ ਮੌਕੇ ਇਥੇ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ, ਅਮਰੀਕਾ ਵਲੋਂ ਇਕੱਤਰਤਾ ਕੀਤੀ ਗਈ, ਜਿਸ ਵਿਚ 200 ਦੇ ਕਰੀਬ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਭਖਦੇ ਮੁੱਦੇ ਛੋਹੇ ਗਏ ਅਤੇ ਪੰਜਾਬ ਕਾਂਗਰਸ ਪਾਰਟੀ ਨੂੰ ਮਦਦ ਕਰਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।
ਆਈ.ਐਨ.ਓ.ਸੀ. ਦੇ ਸਕੱਤਰ ਜਨਰਲ ਸ. ਹਰਬਚਨ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਥਿਤੀਆਂ ਤੋਂ ਕੈਪਟਨ ਅਮਰਿੰਦਰ ਸਿੰਘ ਹੀ ਬਚਾਅ ਸਕਦੇ ਹਨ, ਇਸ ਲਈ ਉਨ੍ਹਾਂ ਦੀ ਖੁੱਲ੍ਹ ਕੇ ਮਦਦ ਕੀਤੀ ਜਾਵੇ ਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਲਿਆਂਦੀ ਜਾਵੇ। ਆਈ.ਐਨ.ਓ.ਸੀ. ਦੇ ਪ੍ਰਧਾਨ ਸ. ਮੁਹਿੰਦਰ ਸਿੰਘ ਗਿਲਜੀਆਂ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਭਰੋਸਾ ਦਵਾਇਆ ਕਿ ਪੰਜਾਬ ਕਾਂਗਰਸ ਪਾਰਟੀ ਚੜ੍ਹਦੀਆਂ ਕਲਾ ਵਿਚ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਦੀ ਇਕ ਪਰਿਵਾਰ ਇਕ ਟਿਕਟ ਯੋਜਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਵਿਚ ਰਹਿ ਰਹੇ ਆਪਣੇ ਪਰਿਵਾਰਾਂ ਨੂੰ ਕਾਂਗਰਸ ਦੀ ਡਟ ਕੇ ਹਮਾਇਤ ਕਰਨ ਲਈ ਪ੍ਰੇਰਣ।
ਆਈ.ਐਨ.ਓ.ਸੀ. ਦੇ ਚੇਅਰਮੈਨ ਜੌਰਜ ਏਬਰਾਹੈਸ, ਜਥੇਬੰਦੀ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਸ. ਤੇਜਿੰਦਰ ਸਿੰਘ ਅਤੇ ਸ. ਜਸਵੀਰ ਸਿੰਘ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ‘ਨਸ਼ਾ ਹਟਾਉ, ਕੈਪਟਨ ਲਿਆਓ’ ਤੇ ‘ਕੈਪਟਨ ਲਿਆਓ, ਪੰਜਾਬ ਬਚਾਓ’ ਦੇ ਨਾਅਰੇ ਲਗਦੇ ਰਹੇ।