ਐਸ.ਵਾਈ.ਐਲ. : 3500 ਏਕੜ ਜ਼ਮੀਨ ਦਾ ਇੰਤਕਾਲ ਕਿਸਾਨਾਂ ਦੇ ਨਾਂ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ :
ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲਈ ਤਕਰੀਬਨ 34 ਸਾਲ ਪਹਿਲਾਂ ਗ੍ਰਹਿਣ ਕੀਤੀ ਜ਼ਮੀਨ ਵਾਪਸ ਕਰਨ ਸਬੰਧੀ ਐਲਾਨ ਦੇ ਤਿੰਨ ਦਿਨਾਂ ਬਾਅਦ ਪੰਜਾਬ ਸਰਕਾਰ ਨੇ 3500 ਏਕੜ ਜ਼ਮੀਨ ਦਾ ਇੰਤਕਾਲ ਇਸ ਦੇ ਅਸਲ ਮਾਲਕਾਂ ਦੇ ਨਾਂ ਕਰਾ ਦਿੱਤਾ ਹੈ। ਇਸ ਨਹਿਰ ਦੀ ਜ਼ਮੀਨ ਦਾ ਵੱਡਾ ਹਿੱਸਾ (1500 ਏਕੜ) ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਹੈ। ਇੰਤਕਾਲ ਬਦਲ ਕੇ ਪਟਿਆਲਾ ਵਿੱਚ 70 ਫ਼ੀਸਦੀ ਜ਼ਮੀਨ ਅਸਲ ਮਾਲਕਾਂ ਨੂੰ ਵਾਪਸ ਕੀਤੀ ਜਾ ਚੁੱਕੀ ਹੈ। ਇਸ ਵਿਵਾਦਤ ਨਹਿਰ ਲਈ 1984-87 ਦੌਰਾਨ ਗ੍ਰਹਿਣ ਕੀਤੀ ਜ਼ਮੀਨ ਬਾਕੀ ਜ਼ਿਲ੍ਹਿਆਂ ਵਿੱਚ ਅਸਲ ਮਾਲਕਾਂ ਨੂੰ ਦਿੱਤੀ ਜਾ ਚੁੱਕੀ ਹੈ।
ਸੂਤਰਾਂ ਮੁਤਾਬਕ ਰੋਪੜ ਵਿੱਚ 1249 ਏਕੜ, ਮੁਹਾਲੀ ਵਿੱਚ 735 ਏਕੜ ਅਤੇ ਫਤਹਿਗੜ੍ਹ ਸਾਹਿਬ ਵਿੱਚ 552.58 ਏਕੜ ਜ਼ਮੀਨ ਵਾਪਸ ਕੀਤੀ ਗਈ ਹੈ। ਫਤਹਿਗੜ੍ਹ ਸਾਹਿਬ ਦੇ 10 ਪਿੰਡਾਂ ਦੀ ਜ਼ਮੀਨ ਐਸਵਾਈਐਲ ਨਹਿਰ ਲਈ ਅਤੇ 26 ਪਿੰਡਾਂ ਦੀ ਜ਼ਮੀਨ ਰਜਵਾਹਿਆਂ ਲਈ ਗ੍ਰਹਿਣ ਕੀਤੀ ਗਈ ਸੀ, ਜੋ ਹੁਣ ਜ਼ਮੀਨ ਮਾਲਕਾਂ ਨੂੰ ਵਾਪਸ ਕੀਤੀ ਜਾ ਚੁੱਕੀ ਹੈ। ਐਸਵਾਈਐਲ ਪ੍ਰਾਜੈਕਟ ਲਈ ਗ੍ਰਹਿਣ ਕੀਤੀ ਤਕਰੀਬਨ ਸਾਰੀ ਜ਼ਮੀਨ ਦਾ ਇੰਤਕਾਲ ਤਬਦੀਲ ਕੀਤੇ ਜਾਣ ਕਾਰਨ, ਜਿਹੜੀ ਏਜੰਸੀ ਨੂੰ ਇਸ ਨਹਿਰ ਦੇ ਨਿਰਮਾਣ ਦਾ ਕਾਰਜ ਸੌਂਪਿਆ ਗਿਆ ਹੈ, ਉਸ ਏਜੰਸੀ ਨੂੰ ਹੁਣ ਨਵੇਂ ਸਿਰੇ ਤੋਂ ਜ਼ਮੀਨ ਗ੍ਰਹਿਣ ਕਰਨੀ ਪਵੇਗੀ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਮਾਲ ਵਿਭਾਗ ਦਾ ਅਮਲਾ ਜ਼ਮੀਨ ਦਾ ਇੰਤਕਾਲ ਤਬਦੀਲ ਕਰਨ ਲਈ ਦਿਨ ਰਾਤ ਇਕ ਕਰ ਰਿਹਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਅਮਲੇ ਨੂੰ ਦੇਰ ਰਾਤ ਤਕ ਬੈਠ ਕੇ 46 ਪਿੰਡਾਂ ਦੀ ਸਾਰੀ 1500 ਏਕੜ ਜ਼ਮੀਨ ਦਾ ਇੰਤਕਾਲ ਤਬਦੀਲ ਕਰ ਲਿਆ ਕਿਹਾ ਗਿਆ ਹੈ। ਰੋਪੜ ਦੇ 64 ਪਿੰਡਾਂ ਦੀ 1249 ਏਕੜ ਜ਼ਮੀਨ 2925 ਕਿਸਾਨਾਂ ਤੋਂ ਗ੍ਰਹਿਣ ਕੀਤੀ ਗਈ ਸੀ। ਰੋਪੜ ਵਿੱਚ ਸਾਰੀ ਜ਼ਮੀਨ ਦਾ ਇੰਤਕਾਲ ਦਾ ਕੰਮ ਨੇਪਰੇ ਚੜ੍ਹ ਗਿਆ ਹੈ। ਫਤਹਿਗੜ੍ਹ ਸਾਹਿਬ ਵਿੱਚ 410.37 ਏਕੜ ਦਾ ਇੰਤਕਾਲ ਵੀ ਅਸਲ ਮਾਲਕਾਂ ਦੇ ਨਾਂ ਚੜ੍ਹਾ ਦਿੱਤਾ ਹੈ। ਮੁਹਾਲੀ ਦੇ 15 ਪਿੰਡਾਂ ਦੀ 735 ਏਕੜ ਵੀ ਵਾਪਸ ਮੋੜ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਐਸਡੀਐਮਜ਼, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਕਾਨੂੰਨਗੋਆਂ ਅਤੇ ਪਟਵਾਰੀਆਂ ਨੂੰ ਪੱਤਰ ਲਿਖੇ ਸਨ ਕਿ ਮਾਲਕਾਂ ਨੂੰ ਜ਼ਮੀਨ ਵਾਪਸ ਕਰਨ ਸਬੰਧੀ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ, ‘ਜਿਹੜੇ ਕਿਸਾਨਾਂ ਤੋਂ ਜ਼ਮੀਨ ਗ੍ਰਹਿਣ ਕੀਤੀ ਗਈ ਸੀ ਉਨ੍ਹਾਂ ਦੇ ਨਾਂ ਜ਼ਮੀਨ ਦਾ ਇੰਤਕਾਲ ਕਰ ਦਿੱਤਾ ਗਿਆ ਹੈ। ਜੇਕਰ ਜ਼ਮੀਨ ਦੇ ਅਸਲ ਮਾਲਕ ਦੀ ਮੌਤ ਹੋ ਚੁੱਕੀ ਹੈ ਤਾਂ ਜ਼ਮੀਨ ਦਾ ਇੰਤਕਾਲ ਆਪਣੇ ਆਪ ਉਸ ਦੇ ਵਾਰਿਸ ਦੇ ਨਾਂ ਹੋ ਜਾਵੇਗਾ।’
Comments (0)