ਪੀ.ਸੀ.ਐਸ. ਸੈਕਰਾਮੈਂਟੋ ਦੇ 28ਵੇਂ ਵਿਸਾਖੀ ਮੇਲੇ ਵਿਚ ਲੱਗੀਆਂ ਰੌਣਕਾਂ

ਪੀ.ਸੀ.ਐਸ. ਸੈਕਰਾਮੈਂਟੋ ਦੇ 28ਵੇਂ ਵਿਸਾਖੀ ਮੇਲੇ ਵਿਚ ਲੱਗੀਆਂ ਰੌਣਕਾਂ

150 ਕਲਾਕਾਰਾਂ ਨੇ ਸਿਰਜਿਆ ਰੰਗੀਨ ਮਾਹੌਲ
ਸੈਕਰਾਮੈਂਟੋ/ਬਿਊਰੋ ਨਿਊਜ਼:
ਸਥਾਨਕ ਸ਼ੈਲਡਨ ਹਾਈ ਸਕੂਲ ਦੇ ਪਰਫਾਰਮਿੰਗ ਆਰਟ ਸੈਂਟਰ ਵਿਚ ਲੰਘੇ ਸ਼ਨਿੱਚਰਵਾਰ ਪੰਜਾਬੀ ਕਲਚਰਲ ਸੁਸਾਇਟੀ ਵਲੋਂ ਵਿਸਾਖੀ ਮੇਲਾ ਕਰਵਾਇਆ ਗਿਆ, ਜਿਸ ਵਿਚ ਹਿੱਸਾ ਲੈਣ ਆਏ ਕਲਾਕਾਰਾਂ ਨੇ ਇੱਕ ਤੋਂ ਵਧ ਇੱਕ ਆਪਣੀ ਕਲਾ ਦੇ ਜੌਹਰ ਵਿਖਾਏ। ਮੇਲੇ ਦਾ ਅਰੰਭ ਮਿਥੇ ਸਮੇਂ ਅਨੁਸਾਰ ਕਰਦਿਆਂ ਸੰਸਥਾ ਦੇ ਮੈਂਬਰ ਰਛਪਾਲ ਫਰਵਾਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਜਸਵੰਤ ਸ਼ਾਦ ਨੇ ਸਟੇਜ ਸੰਭਾਲਦਿਆਂ ਕਲਾਕਾਰਾਂ ਨੂੰ ਵਾਰੋ-ਵਾਰੀ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਸਭ ਤੋਂ ਪਹਿਲਾਂ ਬੇ-ਏਰੀਏ ਤੋਂ ਆਈ ‘ਬਲਜੀਤ ਸਿੰਘ ਬੰਬਾ ਉਸਤਾਦ ਜੀ’ ਦੀ ਗਤਕਾ ਟੀਮ ਨੇ ਆਪਣੇ ਜੋਸ਼ ਭਰੇ ਖ਼ਾਲਸਾਈ ਰੂਪ ਵਿਚ ਗਤਕੇ ਦੇ ਜੌਹਰ ਵਿਖਾਏ। ਇਸ ਤੋਂ ਬਾਅਦ ਵਰਿੰਦਰ ਫਰਵਾਲਾ, ਜਸਵੰਤ ਸ਼ਾਦ ਅਤੇ ਪ੍ਰਨੀਤ ਸਿੱਧੂ ਦੁਆਰਾ ਤਿਆਰ ਕਰਵਾਈਆਂ ਗਈਆਂ ਨਿੱਕੇ ਨਿੱਕੇ ਬੱਚਿਆਂ ਦੀਆਂ ਟੀਮਾਂ ਨੇ ਸਟੇਜ ‘ਤੇ ਆਪਣੀ ਅਦਾਕਾਰੀ ਪੇਸ਼ ਕੀਤੀ। ਰੰਗ-ਬਰੰਗੀਆਂ ਪੰਜਾਬੀ ਪੁਸ਼ਾਕਾਂ ਤੇ ਗਹਿਣਿਆਂ ਨਾਲ ਸੱਜੀਆਂ-ਫੱਬੀਆਂ ਬੱਚੀਆਂ ਸਾਰਿਆਂ ਨੂੰ ਆਕਰਸ਼ਤ ਕਰ ਰਹੀਆਂ ਸਨ।
ਪ੍ਰਨੀਤ ਸਿੱਧੂ ਨੇ ਆਪਣੀ ਅਣਥੱਕ ਮਿਹਨਤ ਨਾਲ 6 ਟੀਮਾਂ ਤਿਆਰ ਕੀਤੀਆਂ ਸਨ, ਜਿਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੀ ਵਾਹਵਾ ਦਾਦ ਮਿਲੀ। ਗਿੱਧੇ, ਭੰਗੜੇ ਤੇ ਡਾਂਸ ਦੀਆਂ ਟੀਮਾਂ ਵਿਚ 150 ਕਲਾਕਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਨਾਮਵਰ ਗਾਇਕਾਂ ਹਰਦੀਪ ਦੁਆਬੀਆ, ਪੰਮੀ ਮਾਨ, ਗੁਰਿੰਦਰ ਗੁਰੀ, ਜੀਤਾ ਗਿੱਲ ਅਤੇ ਰਛਪਾਲ ਫਰਵਾਲਾ ਨੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ-ਮੁਗਦ ਕਰੀ ਰੱਖਿਆ। ਇਸ ਸੁਸਾਇਟੀ ਵਲੋਂ ਸਾਹਿਤ ਅਤੇ ਸਮਾਜ ਦੀ ਸੇਵਾ ਕਰਨ ਵਾਲੀਆਂ ਉਘੀਆਂ ਸ਼ਖ਼ਸੀਅਤਾਂ ਇੰਦਰ ਸਿੰਘ ਖਾਮੋਸ਼, ਸੰਸਥਾ ਨਾਲ 20 ਸਾਲਾਂ ਤੋਂ ਜੁੜੇ ਰਾਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਦੇਵ ਕੌਰ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਹਰਜਿੰਦਰ ਪੰਧੇਰ ਵਲੋਂ ਇੰਦਰ ਸਿੰਘ ਖਾਮੋਸ਼ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਗਈ। ਮੇਲੇ ਵਿਚ ਪੰਜਾਬੀ ਸਾਹਿਤ ਸਭਾ ਸਟਾਕਟਨ ਤੋਂ ਤ੍ਰਿਪਤ ਸਿੰਘ ਭੱਟੀ, ਹਰਨੇਕ ਸਿੰਘ, ਅਤੇ ਚਰਨਜੀਤ ਸਿੰਘ ਸ਼ਾਹੀ ਨੇ ਪਰਿਵਾਰ ਸਮੇਤ ਹਿੱਸਾ ਲਿਆ। ਪ੍ਰਬੰਧਕ ਕਮੇਟੀ ਵਲੋਂ ਮੇਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਕਲਾਕਾਰਾਂ ਨੂੰ ਉਤਸ਼ਾਹਤ ਕਰਨ ਲਈ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਕਮੇਟੀ ਵਲੋਂ ਸਮੂਹ ਦਰਸ਼ਕਾਂ, ਸਪਾਂਸਰਾਂ ਅਤੇ ਨਿਊਜ਼ ਮੀਡੀਏ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਸਮੁੱਚੇ ਸਮਾਗਮ ਦੀ ਫ਼ੋਟੋਗਰਾਫੀ ਦੀ ਜ਼ਿੰਮੇਵਾਰੀ ਭੁਪਿੰਦਰ ਰੇਹਲ ਅਤੇ ਪ੍ਰੇਮ ਚੁੰਬਰ ਨੇ ਬਾਖ਼ੂਬੀ ਨਿਭਾਈ।
ਮੇਲੇ ਨੂੰ ਕਾਮਯਾਬ ਕਰਨ ਲਈ ਸਮੂਹ ਮੈਂਬਰਾਂ ਰਾਜਿੰਦਰ ਪਾਲ ਸਿੰਘ, ਅਮਰੀਕ ਸਿੰਘ, ਤੀਰਥ ਸਹੋਤਾ, ਪਰਮਜੀਤ ਢਿੱਲੋਂ, ਅਜਾਇਬ ਕਾਹਲੋਂ, ਦੇਬੀ ਗਿੱਲ, ਸੁਖਰਾਜ ਔਲਖ, ਜਸਵੰਤ ਸ਼ਾਦ, ਵਰਿੰਦਰ ਸੰਘੇੜਾ, ਕਮਲ ਬੰਗਾ, ਪਰਮਿੰਦਰ ਵਿਰਕ, ਅਵਤਾਰ ਡੋਡ, ਹਰਜਿੰਦਰ ਪੰਧੇਰ, ਮਨੋਹਰ ਲਾਲ ਰੱਤੀ, ਵਿਜੇ ਪਰਿਹਾਰ, ਰਾਜ ਬਰਾੜ, ਬਖ਼ਸ਼ੀਸ਼ ਗਿੱਲ, ਦਲਜੀਤ ਲੋਪੋਂ, ਬਲਵੰਤ ਕੰਦੋਲਾ, ਹਰਕਿੰਦਰ ਬਾਸੀ, ਪ੍ਰੇਮ ਚੁੰਬਰ, ਜਤਿੰਦਰ ਬੀਸਲਾ, ਬਲਦੇਵ ਗਰੇਵਾਲ, ਗੁਰਪਾਲ ਤੱਖਰ, ਰਛਪਾਲ ਫਰਵਾਲਾ, ਯਾਦਵਿੰਦਰ ਗਿੱਲ, ਲਖਵਿੰਦਰ ਸਿੰਘ, ਸਤਵਿੰਦਰ ਸਰਹੱਦੀ, ਗੁਰਮਿੰਦਰ ਗੁਰੀ, ਭੁਪਿੰਦਰ ਰਹਿਲ, ਜਰਨੈਲ ਮੰਦਰ, ਜਗਜੀਤ ਕੰਦੋਲਾ ਅਤੇ ਮਨਜੀਤ ਢਿੱਲੋਂ ਨੇ ਭਰਪੂਰ ਯੋਗਦਾਨ ਪਾਇਆ। ਬੀਬੀ ਮਨਦੀਪ ਕੌਰ ਫਰਵਾਲਾ ਨੇ ਦੱਸਿਆ ਕਿ ਇਸੇ ਸੰਸਥਾ ਵਲੋਂ ਤੀਆਂ ਦਾ ਮੇਲਾ 6 ਅਗਸਤ, ਐਤਵਾਰ, 2017 ਨੂੰ ‘ਲੂਥਰ ਬਰਬੈਂਕ ਹਾਈ ਸਕੂਲ’ ਵਿਚ   ਬਾਅਦ ਦੁਪਹਿਰ 1:00 ਵਜੇ ਮਨਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਰਛਪਾਲ ਫਰਵਾਲਾ ਨੂੰ 916-880-0531 ‘ਤੇ ਕਾਲ ਕੀਤਾ ਜਾ ਸਕਦਾ ਹੈ।