ਕੇ.ਸੀ.ਐਫ. ਵਲੋਂ ਮਨਾਏ ਵਿਸਾਖੀ ਜਸ਼ਨਾਂ ਨੇ ਛੱਡੀਆਂ ਅਮਿੱਟ ਯਾਦਾਂ
ਲਾਸ ਏਂਜਲਸ/ਬਿਊਰੋ ਨਿਊਜ਼ :
ਕੇ.ਸੀ.ਐਫ. ਵਜੋਂ ਜਾਣੀ ਜਾਂਦੀ ਸੰਸਥਾ ਖ਼ਾਲਸਾ ਕੇਅਰ ਫਾਉਂਡੇਸ਼ਨ ਨੇ ਵੱਡੇ ਪੱਧਰ ‘ਤੇ ਵਿਸਾਖੀ ਦੇ ਜਸ਼ਨ ਮਨਾ ਕੇ ਇਕ ਹੋਰ ਵੱਡੀ ਪੁਲਾਂਘ ਪੁੱਟੀ ਹੈ। ਇਨ੍ਹਾਂ ਜਸ਼ਨਾਂ ਨੇ ਲੋਕਾਂ ਦੇ ਮਨਾਂ ਵਿਚ ਮਿੱਠੀਆਂ ਯਾਦਾਂ ਦੀ ਪੈੜ ਛੱਡੀ ਹੈ। ਇਨ੍ਹਾਂ ਜਸ਼ਨਾਂ ਦਾ ਮੰਤਵ ਨੌਜਵਾਨ ਸਿੱਖ ਪੀੜ੍ਹੀ ਨੂੰ ਆਪਣੇ ਵਿਰਸੇ, ਸਭਿਆਚਾਰ ਨਾਲ ਜੋੜਨਾ ਸੀ।
ਹੇਮਕੁੰਡ ਫਾਉਂਡੇਸ਼ਨ ਵਲੋਂ ਸਿੱਖ ਨੌਜਵਾਨ ਬੱਚਿਆਂ ਦੇ ਪਿਛਲੇ ਦਿਨੀਂ ਭਾਸ਼ਣ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਦੇ ਫਾਈਨਲ ਮੁਕਾਬਲੇ 22 ਅਪ੍ਰੈਲ ਨੂੰ ਖ਼ਾਲਸਾ ਕੇਅਰ ਫਾਉਂਡੇਸ਼ਨ ਵਿਖੇ ਹੋਏ। ਇਹ ਮੁਕਾਬਲੇ ਅਰਦਾਸ ਕਰਨ ਮਗਰੋਂ ਸ਼ੁਰੂ ਹੋਏ। ਵੱਖ ਵੱਖ ਉਮਰ ਵਰਗ ਦੇ ਪ੍ਰਤੀਯੋਗੀ ਬੱਚਿਆਂ ਨੇ ਸਿੱਖ ਇਤਿਹਾਸ ‘ਤੇ ਰੌਸ਼ਨੀ ਪਾਈ। ਕੁਝ ਬੱਚੇ ਬਾਕਾਇਦਾ ਆਪਣੇ ਨਾਲ ਨੋਟਸ ਲੈ ਕੇ ਆਏ ਜਦਕਿ ਕੁਝ ਬੱਚਿਆਂ ਨੇ ਬਿਨਾਂ ਨੋਟਸ ਤੋਂ ਹੀ ਭਾਸ਼ਣ ਦਿੱਤਾ। ਇਨ੍ਹਾਂ ਬੱਚਿਆਂ ਨੇ ਸਾਰਿਆਂ, ਖ਼ਾਸ ਕਰ ਜੱਜਾਂ ਦਾ ਧਿਆਨ ਖਿੱਚਿਆ। ਇਹ ਮੁਕਾਬਲਾ ਏਨਾ ਸਖ਼ਤ ਸੀ ਕਿ ਜੱਜਾਂ ਨੂੰ ਫ਼ੈਸਲਾ ਲੈਣ ਵਿਚ ਸਮਾਂ ਲੱਗ ਰਿਹਾ ਸੀ। ਕਈ ਬੱਚਿਆਂ ਦੇ ਅੰਕ ਬਰਾਬਰ ਆਏ, ਜਿਸ ਕਾਰਨ ਉਹ ਸਾਂਝੇ ਤੌਰ ‘ਤੇ ਜੇਤੂ ਐਲਾਨੇ ਗਏ। ਜੇਤੂ ਬੱਚਿਆਂ ਨੂੰ ਹੁਣ ਖੇਤਰੀ ਮੁਕਾਬਲਿਆਂ ਵਿਚ ਜਾਣ ਦਾ ਮੌਕਾ ਮਿਲੇਗਾ। ਪ੍ਰੋਗਰਾਮ ਦੇ ਅਖ਼ੀਰ ਵਿਚ ਜੇਤੂ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਦੁਪਹਿਰ ਸਮੇਂ ਸਾਰਿਆਂ ਨੂੰ ਲੰਗਰ ਛਕਾਇਆ ਗਿਆ।
ਕੇ.ਸੀ.ਐਫ. ਵਿਸਾਖੀ ਜਸ਼ਨਾਂ ਵਿਚ ਅੰਮ੍ਰਿਤ ਸੰਚਾਰ ਨੇ ਵੀ ਲੋਕਾਂ ਨੂੰ ਆਕਰਸ਼ਤ ਕੀਤਾ। ਪੰਜ ਪਿਆਰਿਆਂ ਵਲੋਂ ਪੂਰੀ ਰਹਿਤ ਮਰਿਆਦਾ ਨਾਲ ਅੰਮ੍ਰਿਤ ਪਾਨ ਕਰਵਾਇਆ ਗਿਆ। ਉਦੋਂ ਨਜ਼ਾਰਾ ਹੋਰ ਵੀ ਅਲੌਕਿਕ ਬਣ ਗਿਆ ਜਦੋਂ ਖਾਲਸਾ ਸਜੇ ਸਿੱਖ ਪੰਜ ਪਿਆਰਿਆਂ ਨਾਲ ਦਰਬਾਰ ਹਾਲ ਵਿਚ ਦਾਖ਼ਲ ਹੋਏ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਨਾਲ ਹਾਲ ਗੂੰਜ ਗਿਆ।
ਇਸ ਤੋਂ ਇਕ ਦਿਨ ਪਹਿਲਾਂ ਕੇ.ਸੀ.ਐਫ. ਵਲੋਂ ਇਕ ਹੋਰ ਹਾਲ ਵਿਚ 5 ਅਖੰਡ ਪਾਠ ਆਰੰਭੇ ਗਏ, ਜਿਨ੍ਹਾਂ ਦੇ 23 ਅਪ੍ਰੈਲ ਨੂੰ ਭੋਗ ਪਾਏ ਗਏ। ਸੰਤ ਅਨੂਪ ਸਿੰਘ ਨੇ ਸੰਗਤ ਨੂੰ ਗੁਰਬਾਣੀ ਰਸ ਨਾਲ ਨਿਹਾਲ ਕੀਤਾ। ਦਰਬਾਰ ਹਾਲ ਵਿਚ ਪੈਰ ਰੱਖਣ ਦੀ ਵੀ ਥਾਂ ਨਾ ਬਚੀ। ਸੰਗਤ ਲਗਾਤਾਰ ਗੁਰੂਘਰ ਵਿਚ ਨਤਮਸਤਕ ਹੋਣ ਲਈ ਆ ਰਹੀ ਸੀ। ਮੇਲਾ ਉਸ ਵੇਲੇ ਪੂਰੇ ਜੋਬਨ ‘ਤੇ ਆ ਗਿਆ ਜਦੋਂ ਸਵਾਦਿਸ਼ਟ ਪਕਵਾਨਾਂ ਦੀਆਂ ਸਟਾਲਾਂ ‘ਤੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਵਾਲੰਟੀਅਰਾਂ ਵਲੋਂ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਨਿਭਾਈ ਗਈ।
Comments (0)