ਐਸ.ਵਾਈ.ਐਲ. ਮੁੱਦੇ ‘ਤੇ ਪੰਜਾਬੀਆਂ ਤੇ ਹਰਿਆਣਵੀਆਂ ਵਿਚਾਲੇ ਟਕਰਾਅ ਦੇ ਆਸਾਰ

ਐਸ.ਵਾਈ.ਐਲ. ਮੁੱਦੇ ‘ਤੇ ਪੰਜਾਬੀਆਂ ਤੇ ਹਰਿਆਣਵੀਆਂ ਵਿਚਾਲੇ ਟਕਰਾਅ ਦੇ ਆਸਾਰ

ਕੈਪਸ਼ਨ-ਫੈਡਰੇਸ਼ਨ ਵੱਲੋਂ ਐਸਵਾਈਐਲ ਮਾਮਲੇ ‘ਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਤਿਆਰ ਕੀਤਾ ਪੋਸਟਰ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਵਿੱਚ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਮਗਰੋਂ ਐਸਵਾਈਐਲ ਦਾ ਮਾਮਲਾ ਮੁੜ ਭਖਣ ਲੱਗਿਆ ਹੈ। ਇਸ ਤਹਿਤ 23 ਫਰਵਰੀ ਨੂੰ ਇਸ ਮੁੱਦੇ ‘ਤੇ ਹਰਿਆਣਵੀਆਂ ਅਤੇ ਪੰਜਾਬੀਆਂ ਵਿਚਾਲੇ ਟਕਰਾਅ ਵੀ ਹੋ ਸਕਦਾ ਹੈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ) ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਵਿੱਚ ਐਸਵਾਈਐਲ ਲਈ ਪੁੱਟੀ ਥਾਂ ਨੂੰ ਪੂਰਿਆ ਜਾਵੇਗਾ, ਜਦੋਂਕਿ ਦੂਜੇ ਪਾਸੇ ਹਰਿਆਣਾ ਦੇ ਚੌਟਾਲਾ ਪਰਿਵਾਰ ਅਤੇ ਇਨੈਲੋ ਆਗੂਆਂ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਉਹ ਐਸਵਾਈਐਲ ਲਈ ਖੁਦਾਈ ਸ਼ੁਰੂ ਕਰਨਗੇ। ਜੇਕਰ ਉਹ ਪੰਜਾਬ ਵਿੱਚ ਆ ਕੇ ਐਸਵਾਈਐਲ ਲਈ ਖੁਦਾਈ ਸ਼ੁਰੂ ਕਰਦੇ ਹਨ ਅਤੇ ਫੈਡਰੇਸ਼ਨ ਦੇ ਸੱਦੇ ‘ਤੇ ਇਕੱਠੇ ਹੋਏ ਪੰਜਾਬੀ ਉਥੇ ਨਹਿਰ ਨੂੰ ਪੂਰਦੇ ਹਨ ਤਾਂ ਦੋਵਾਂ ਵਿਚਾਲੇ ਟਕਰਾਅ ਦੀ ਸੰਭਾਵਨਾ ਹੈ। ਇਸ ਸਬੰਧੀ ਫੈਡਰੇਸ਼ਨ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਇਨੈਲੋ ਆਗੂਆਂ ਨੇ ਮੁੱਦੇ ਨੂੰ ਛੇੜਦਿਆਂ ਨਹਿਰ ਦੀ ਖੁਦਾਈ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ 23 ਫਰਵਰੀ ਨੂੰ ਦੇਵੀਗੜ੍ਹ ਤੋਂ ਇਕ ਮਾਰਚ ਸ਼ੁਰੂ ਕੀਤਾ ਜਾਵੇਗਾ, ਜੋ ਬਾਅਦ ਦੁਪਹਿਰ ਪਿੰਡ ਕਪੂਰੀ ਪੁੱਜੇਗਾ ਅਤੇ ਉਥੇ ਐਸਵਾਈਐਲ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਪੰਜਾਬ ਦੀਆਂ ਤਿੰਨੋਂ ਪ੍ਰਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਗੁੱਟਾਂ ਤੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੂੰ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸਹਿਯੋਗ ਦੇਣ ਵਾਸਤੇ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਹਰਿਆਣਾ ਦੇ ਆਗੂ ਪੰਜਾਬ ਵਿੱਚ ਆ ਕੇ ਐਸਵਾਈਐਲ ਨਹਿਰ ਦੀ ਪੁਟਾਈ ਕਰਦੇ ਹਨ ਤਾਂ ਪੰਜਾਬੀ ਉਨ੍ਹਾਂ ਨੂੰ ਜ਼ਰੂਰ ਰੋਕਣਗੇ। ਉਨ੍ਹਾਂ ਆਖਿਆ ਕਿ ਸਰਕਾਰ ਹਰਿਆਣਾ ਦੇ ਆਗੂਆਂ ਨੂੰ ਪੰਜਾਬ ਵਿੱਚ ਆ ਕੇ ਅਜਿਹਾ ਕਰਨ ਤੋਂ ਰੋਕੇ।
ਇਸ ਦੌਰਾਨ ਸਿੱਖ ਜਥੇਬੰਦੀ ਵੱਲੋਂ ਐਸਵਾਈਐਲ ਮੁੱਦੇ ‘ਤੇ ਲੋਕਾਂ ਦਾ ਜਨਮਤ ਇਕੱਠਾ ਕਰਨ ਲਈ ਸ਼ੁਰੂ ਕੀਤੀ ਚਾਰਾਜੋਈ ਤਹਿਤ ਇਸ ਮੁੱਦੇ ‘ਤੇ ਲੋਕਾਂ ਕੋਲੋਂ ਸਮਰਥਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਇੱਕ ਮੋਬਾਈਲ ਐਪ ਸ਼ੁਰੂ ਕੀਤੀ ਹੈ, ਜਿਸ ਰਾਹੀਂ ਲੋਕ ਐਸਵਾਈਐਲ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵਿਰੋਧ ਦਰਜ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਮਰਥਨ ਵਾਲੀ ਇਹ ਪਟੀਸ਼ਨ ਮੁੜ ਨੀਦਰਲੈਂਡ ਦੇ ਸ਼ਹਿਰ ਹੈਗ ਸਥਿਤ ਇੰਟਰਨੈਸ਼ਨਲ ਟ੍ਰਿਬਿਊਨਲ ਨੂੰ ਭੇਜੀ ਜਾਵੇਗੀ। ਉਨ੍ਹਾਂ ਆਖਿਆ ਕਿ ਸਿੱਖ ਜਥੇਬੰਦੀ ਇਸ ਮੁੱਦੇ ‘ਤੇ 11 ਮਾਰਚ ਤਕ ਦਸ ਲੱਖ ਲੋਕਾਂ ਦਾ ਸਮਰਥਨ ਹਾਸਲ ਕਰੇਗੀ। ਇਸ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਸਿੱਖ ਜਥੇਬੰਦੀ ਨੇ ਹੁਣ ਤਕ ਪੌਣੇ ਛੇ ਲੱਖ ਲੋਕਾਂ ਦੀ ਰਜਿਸਟਰੇਸ਼ਨ ਕੀਤੀ ਹੈ, ਜਿਨ੍ਹਾਂ ਨੂੰ ਹੁਣ ਆਪਣੀ ਵੋਟ ਰਾਹੀਂ ਸਮਰਥਨ ਦੇਣ ਵਾਸਤੇ ਫਾਰਮ ਭੇਜੇ ਜਾਣਗੇ। ਉਨ੍ਹਾਂ ਆਖਿਆ ਕਿ ਲੋਕਾਂ ਦੇ ਸਮਰਥਨ ਨਾਲ ਐਸਵਾਈਐਲ ਮਾਮਲੇ ਵਿੱਚ ਮਜ਼ਬੂਤ ਕੇਸ ਤਿਆਰ ਕਰਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅੰਤਰਾਸ਼ਟਰੀ ਟ੍ਰਿਬਿਊਨਲ ਵਿੱਚ ਚੁਣੌਤੀ ਦਿੱਤੀ ਜਾਵੇਗੀ।