ਡਾ. ਨਵਜੋਤ ਸਿੱਧੁ ਤੇ ਪਰਗਟ ਸਿੰਘ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ
ਚੰਡੀਗੜ੍ਹ/ਦਿੱਲੀ /ਬਿਊਰੋ ਨਿਊਜ਼ :
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸਾਬਕਾ ਅਕਾਲੀ ਆਗੂ ਪਰਗਟ ਸਿੰਘ ਅਤੇ ਭਾਜਪਾ ਦੀ ਸਾਬਕਾ ਆਗੂ ਡਾ. ਨਵਜੋਤ ਕੌਰ ਸਿੱਧੂ ਸੀਨੀਅਰ ਕਾਂਗਰਸ ਆਗੂਆਂ ਦੀ ਹਾਜ਼ਰੀ ਵਿੱਚ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਡਾ. ਸਿੱਧੂ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਵੀ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਆਗੂਆਂ ਨੂੰ ਗੁਲਦਸਤੇ ਭੇਟ ਕਰ ਕੇ ਅਤੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ, ਹਰੀਸ਼ ਚੌਧਰੀ ਵੀ ਹਾਜ਼ਰ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਕਿਹਾ ਕਿ ਪੰਜਾਬ ਕੋਲ ਕਿਸੇ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਫ਼ਦ ਨੇ ਰਾਸ਼ਟਰਪਤੀ ਨਾਲ ਮੀਟਿੰਗ ਦੌਰਾਨ ਸਪਸ਼ਟ ਕੀਤਾ ਸੀ ਕਿ ਪਾਣੀ ਦੇਣ ਤੋਂ ਪਹਿਲਾਂ ਇਸ ਗੱਲ ਦਾ ਪਤਾ ਲਾਇਆ ਜਾਵੇ ਕਿ ਦਰਿਆਵਾਂ ਵਿੱਚ ਕਿੰਨਾ ਪਾਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਵੰਡ 60:40 ਅੁਨਸਾਰ ਹੋਈ ਹੈ ਤੇ ਪਾਣੀ ਦੀ ਵੰਡ ਵੀ ਇਸੇ ਅੁਨਪਾਤ ਅੁਨਸਾਰ ਹੋਣੀ ਚਾਹੀਦੀ ਹੈ। ਜੇ ਪਾਣੀ ਦੀ ਵੰਡ ਦੇ ਮਾਮਲੇ ਵਿੱਚ ਪੰਜਾਬ ਨਾਲ ਧੱਕਾ ਕੀਤਾ ਗਿਆ ਤਾਂ ਸੂਬੇ ਵਿੱਚ ਮੁੜ ਦਹਿਸ਼ਤਗਰਦੀ ਦੇ ਸਿਰ ਚੁੱਕਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ ਦੇ ਮੁੱਦੇ ‘ਤੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ।
ਅਕਾਲੀ ਆਗੂ ਜਸਪਾਲ ਵੜੈਚ, ਮਨਿੰਦਰ ਬਾਵਾ, ਅਸ਼ਵਿੰਦਰਪਾਲ ਸਿੰਘ, ਹਰਜਿੰਦਰ ਸਿੰਘ, ਸਰਬਦਿਆਲ ਸਿੰਘ, ਕੈਪਟਨ ਆਰ.ਪੀ.ਐਸ. ਕੰਗ, ਬਲਦੇਵ ਸਿੰਘ, ਰਾਜਨ ਚੋਪੜਾ, ਬੰਨੀ ਸੰਧੂ, ਸੰਦੀਪ ਸਿੰਘ ਕਾਂਗਰਸ ਵਿੱਚ ਸ਼ਾਮਲ ਹੋਏ।
ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਤੇ ਚੋਣ ਲੜਾਉਣ ਦਾ ਫ਼ੈਸਲਾ ਹੁਣ ਕਾਂਗਰਸ ਨੇ ਕਰਨਾ ਹੈ। ਉਨ੍ਹਾਂ ਨੇ ਆਪਣੇ ਪਤੀ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਉਹ ਵੀ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਕੈਪਟਨ ਨੇ ਕਿਹਾ ਕਿ ਸ੍ਰੀ ਸਿੱਧੂ ਦੇ ਮੁੰਬਈ ਤੋਂ ਆਉਣ ਮਗਰੋਂ ਉਨ੍ਹਾਂ ਨਾਲ ਗੱਲਬਾਤ ਹੋਵੇਗੀ ਤੇ ਇਸ ਪਿਛੋਂ ਹੀ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਗਟ ਅਤੇ ਡਾ. ਸਿੱਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਤੀ ਹੈ।
Comments (0)