ਪ੍ਰੋ. ਸਾਧੂ ਸਿੰਘ ਹਸਪਤਾਲ ਦੇ ਦੁਰਪ੍ਰਬੰਧਾਂ ਦੇ ਹੋਏ ਸ਼ਿਕਾਰ

ਪ੍ਰੋ. ਸਾਧੂ ਸਿੰਘ ਹਸਪਤਾਲ ਦੇ ਦੁਰਪ੍ਰਬੰਧਾਂ ਦੇ ਹੋਏ ਸ਼ਿਕਾਰ

ਤਿੰਨ ਘੰਟੇ ਫਾਈਲ ਬਣਾਉਣ ਵਿਚ ਹੀ ਖੱਜਲ ਖੁਆਰ ਹੋਣਾ ਪਿਆ
ਫ਼ਰੀਦਕੋਟ/ਬਿਊਰੋ ਨਿਊਜ਼ :
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਦੁਰਪ੍ਰਬੰਧਾਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ ਜਦੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਣ ਲਈ ਤਿੰਨ ਘੰਟੇ ਤੱਕ ਫਾਈਲ ਬਣਾਉਣ ਵਿੱਚ ਹੀ ਖੱਜਲ ਖੁਆਰ ਹੋਣਾ ਪਿਆ। ਪ੍ਰੋ. ਸਾਧੂ ਸਿੰਘ 10 ਵਜੇ ਹਸਪਤਾਲ ਪੁੱਜੇ ਸਨ ਅਤੇ 1 ਵਜੇ ਤੱਕ ਉਨ੍ਹਾਂ ਦੀ ਫਾਈਲ ਹੀ ਤਿਆਰ ਨਹੀਂ ਹੋ ਸਕੀ। ਇਨ੍ਹਾਂ ਦੁਰਪ੍ਰਬੰਧਾਂ ਬਾਰੇ ਸੰਸਦ ਮੈਂਬਰ ਨੇ ਮੋਬਾਈਲ ‘ਤੇ ਡਿਪਟੀ ਕਮਿਸ਼ਨਰ ਅਤੇ ਮੈਡੀਕਲ ਸੁਪਰਡੈਂਟ ਨੂੰ ਸੂਚਿਤ ਕੀਤਾ ਪਰ ਇਸ ਦੇ ਬਾਵਜੂਦ ਪ੍ਰਬੰਧਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਤਿੰਨ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਪ੍ਰੋ. ਸਾਧੂ ਸਿੰਘ ਨੂੰ ਦਾਖ਼ਲ ਕੀਤਾ ਗਿਆ ਅਤੇ ਉਨ੍ਹਾਂ ਦੇ ਜ਼ਰੂਰੀ ਟੈਸਟ ਕੀਤੇ ਗਏ। ਟੈਸਟਾਂ ਤੋਂ ਪਤਾ ਲੱਗਾ ਕਿ ਉਹ ਡੇਂਗੂ ਤੋਂ ਪੀੜਤ ਹਨ। ਫ਼ਰੀਦਕੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਵੀ ਪ੍ਰੋ. ਸਾਧੂ ਸਿੰਘ ਨੂੰ ਦਾਖਲ ਕਰਵਾਉਣ ਲਈ ਦੋ ਘੰਟੇ ਹਸਪਤਾਲ ਦੇ ਚੱਕਰ ਲਾਉਂਦੇ ਰਹੇ। ਸੰਪਰਕ ਕਰਨ ‘ਤੇ ਪ੍ਰੋ. ਸਾਧੂ ਸਿੰਘ ਨੇ ਹਸਪਤਾਲ ਦੇ ਦੁਰਪ੍ਰਬੰਧਾਂ ਤੋਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਇੱਕ ਹਜ਼ਾਰ ਕਰੋੜ ਰੁਪਏ ਖਰਚ ਕੇ ਬਣੇ ਸਰਕਾਰੀ ਹਸਪਤਾਲ ਵਿੱਚ ਸੰਸਦ ਮੈਂਬਰ ਨੂੰ ਹੰਗਾਮੀ ਹਾਲਤਾਂ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਤਾਂ ਆਮ ਲੋਕਾਂ ਦੀ ਇੱਥੇ ਸਥਿਤੀ ਕਿਹੋ-ਜਿਹੀ ਹੋਵੇਗੀ?
ਉਧਰ ਮੈਡੀਕਲ ਸੁਪਰਡੈਂਟ ਡਾ. ਜੇ.ਪੀ. ਸਿੰਘ ਨੇ ਮੰਨਿਆ ਕਿ ਦਾਖਲ ਕਰਨ ਸਬੰਧੀ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਅਤੇ ਉਨ੍ਹਾਂ ਨੂੰ ਤੁਰੰਤ ਦਾਖਲ ਕਰ ਲਿਆ ਗਿਆ ਸੀ। ਉਨ੍ਹਾਂ ਇਸ ਗੱਲ ਦਾ ਖੰਡਨ ਕੀਤਾ ਕਿ ਸੰਸਦ ਮੈਂਬਰ ਨੂੰ ਇਲਾਜ ਲਈ ਤਿੰਨ ਘੰਟੇ ਹਸਪਤਾਲ ਵਿੱਚ ਰੁਲਣਾ ਪਿਆ।