ਭਾਈ ਦਲਜੀਤ ਸਿੰਘ ਬਿੱਟੂ ਤੇ ਜਸਵੰਤ ਸਿੰਘ ਅਜ਼ਾਦ ਜਲੰਧਰ ਦੇ ਯੂ.ਏ.ਪੀ.ਏ. ਕੇਸ ਵਿਚੋਂ ਬਰੀ

ਭਾਈ ਦਲਜੀਤ ਸਿੰਘ ਬਿੱਟੂ ਤੇ ਜਸਵੰਤ ਸਿੰਘ ਅਜ਼ਾਦ ਜਲੰਧਰ ਦੇ ਯੂ.ਏ.ਪੀ.ਏ. ਕੇਸ ਵਿਚੋਂ ਬਰੀ

ਕੈਪਸ਼ਨ : ਭਾਈਦ ਲਜੀਤ ਸਿੰਘ (ਵਿਚਕਾਰ) ਅਤੇ ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ (ਸੱਜੇ)
ਜਲੰਧਰ/ਸਿੱਖ ਸਿਆਸਤ ਬਿਊਰੋ:
ਜਲੰਧਰ ਦੀ ਇਕ ਅਦਾਲਤ ਨੇ 26 ਜੁਲਾਈ ਵੀਰਵਾਰ ਨੂੰ ਦਿੱਤੇ ਅਪਣੇ ਫੈਸਲੇ ਵਿੱਚ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਅਤੇ ਬਰਤਾਨੀਆ ਦੇ ਨਾਗਰਿਕ ਜਸਵੰਤ ਸਿੰਘ ਅਜ਼ਾਦ ਨੂੰ 2012 ਦੇ ਇਕ ਕੇਸ ਵਿਚੋਂ ਬਰੀ ਕਰ ਦਿੱਤਾ। ਪੰਜਾਬ ਪੁਲਿਸ ਨੇ ਇਹ ਕੇਸ ਭਾਈ ਬਿੱਟੂ ਅਤੇ ਜਸਵੰਤ ਸਿੰਘ ਅਜ਼ਾਦ ਦੇ ਖਿਲਾਫ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਸੀ।
ਭਾਈ ਦਲਜੀਤ ਸਿੰਘ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ‘ਸਿੱਖ ਸਿਆਸਤ ਨਿਊਜ਼’ ਨੂੰ ਦੱਸਿਆ ਪਹਿਲਾਂ ਇਹ ਕੇਸ ਬਰਤਾਨਵੀ ਨਾਗਰਿਕ ਜਸਵੰਤ ਸਿੰਘ ਅਜ਼ਾਦ ਦੇ ਖਿਲਾਫ ਐਫ.ਆਈ.ਆਰ. 216/2012 ਤਹਿਤ ਦਰਜ ਕੀਤਾ ਸੀ। ਇਸ ਵਿਚ ਪੰਜਾਬ ਪੁਲਿਸ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 10, 13, 17, 18 ਬੀ, 20, 38, 39 ਅਤੇ 40 ਲਾਈਆਂ ਸਨ। ਬਾਅਦ ਵਿਚਇਸ ਕੇਸ ਵਿਚ ਭਾਈ ਦਲਜੀਤ ਸਿੰਘ ਦਾ ਨਾਂ ਵੀ ਜੋੜ ਦਿੱਤਾ ਗਿਆ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਅਦਾਲਤ ਨੇ ਭਾਈ ਦਲਜੀਤ ਸਿੰਘ ਅਤੇ ਜਸਵੰਤ ਸਿੰਘ ਅਜ਼ਾਦ ਦੇ ਖਿਲਾਫ ਕੋਈ ਸਬੂਤ ਨਹੀਂ ਪਾਇਆ।ਉਨ੍ਹਾਂ ਕਿਹਾ ਕਿ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਇਸ ਵਿਚ ਸਚਾਈ ਨਹੀਂ ਸੀ ਨਾ ਹੀ ਇਸਦਾ ਕੋਈ ਕਾਨੂੰਨੀ ਆਧਾਰ ਸੀ।
ਵਕੀਲ ਮੰਝਪੁਰ ਨੇ ਕਿਹਾ, ”ਗ਼ੈਰ ਕਾਨੂੰਨੀਗਤੀਵਿਧੀਆਂ (ਰੋਕੂ) ਐਕਟ, ਜੋ ਕਿ 2008 ਅਤੇ 2012 ਦੀਆਂ ਸੋਧਾਂ ਤੋਂ ਬਾਅਦ ਬਦਨਾਮ ਟਾਡਾ ਅਤੇ ਪੋਟਾ ਦਾ ਹੀ ਦੂਜਾ ਰੂਪ ਹੈ। ਸਰਕਾਰਾਂ ਅਤੇ ਪੁਲਿਸ ਵਲੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਇਸਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।”
ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਵੀ ਭਾਈ ਦਲਜੀਤ ਸਿੰਘ ਅਤੇ ਜਸਵੰਤ ਸਿੰਘ ਅਜ਼ਾਦ ਦੇ ਖਿਲਾਫ ਅਜਿਹਾ ਹੀ ਇਕ ਮੁਕੱਦਮਾ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਕੀਤਾ ਗਿਆ ਸੀ ਜੋ ਕਿ ਮਈ 2016 ‘ਚ ਲੁਧਿਆਣਾ ਦੀ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਸੀ।
ਵਰਨਣਯੋਗ ਹੈ ਕਿ ਭਾਈ ਦਲਜੀਤ ਸਿੰਘ ਉੱਤੇ ਚਲਦੇ ਕੇਸਾਂ ਵਿਚੋਂ ਇਹ ਆਖਰੀ ਕੇਸ ਸੀ। ਹੁਣ ਤਕ ਭਾਈ ਦਲਜੀਤ ਸਿੰਘ ‘ਤੇ 33 ਮੁਕੱਦਮੇ ਦਰਜ ਹੋਏ ਸਨ।