ਸਵਾਲ ਬੰਦ ਕਰਨ ਦਾ ਨੁਸਖ਼ਾ ਹੈ ਜੇ.ਐਨ.ਯੂ. ਵਿਚ ਟੈਂਕ

ਸਵਾਲ ਬੰਦ ਕਰਨ ਦਾ ਨੁਸਖ਼ਾ ਹੈ ਜੇ.ਐਨ.ਯੂ. ਵਿਚ ਟੈਂਕ

ਸੰਘ ਅਤੇ ਉਸ ਨਾਲ ਜੁੜੇ ਸੰਗਠਨਾਂ ਨੂੰ ਚੁਣੌਤੀ ਦੇਣ ਵਾਲੇ ਸਾਰੇ ਲੋਕਾਂ ਨੂੰ ਮੋਟੇ ਤੌਰ ‘ਤੇ ‘ਦੇਸ਼ਧਰੋਹੀ’ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ, ਫਿਰ ਇਨ੍ਹਾਂ ਲੋਕਾਂ ਨੂੰ ਮੁਸਲਮਾਨ, ਮੁਸਲਮਾਨ-ਪ੍ਰਸਤ, ਖੱਬੇ ਪੱਖੀ, ਬੁੱਧੀਜੀਵੀ, ਮਾਨਵਤਾਵਾਦੀ, ਲਿਬਰਲ ਤੇ ਹਿੰਦੂ-ਵਿਰੋਧੀ ਵਰਗੀਆਂ ਉਪ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ।
ਰਾਜੇਸ਼ ਪ੍ਰਿਯਦਰਸ਼ੀ,
ਡਿਜੀਟਲ ਐਡੀਟਰ, ਬੀ.ਬੀ.ਸੀ. ਹਿੰਦੀ
ਟੈਂਕ ਪੂਰੀ ਦੁਨੀਆ ਵਿਚ ਦਮਨ ਦੇ ਪ੍ਰਤੀਕ ਹਨ, ਟੈਂਕ ਨਾਲ ਵਿਦਰੋਹ ਕੁਚਲਿਆ ਜਾਂਦਾ ਹੈ, ਟੈਂਕ ਦੇ ਗੋਲਿਆਂ ਨਾਲ ਦੁਸ਼ਮਣਾਂ ਨੂੰ ਤਬਾਹ ਕਰਨ ਲਈ ਕੀਤਾ ਜਾਂਦਾ ਹੈ, ਟੈਂਕ ਨਾਲ ਜਿੱਤੀ ਗਈ ਧਰਤੀ ਰੌਂਦੀ ਜਾਂਦੀ ਹੈ।
ਟੈਂਕ ਯੁੱਧ ਖੇਤਰਾਂ ਵਿਚ ਤੈਨਾਤ ਕੀਤੇ ਜਾਂਦੇ ਹਨ, ਦੁਨੀਆ ਦੇ ਸਭਿਆ ਮੁਲਕਾਂ ਵਿਚ ਜਦੋਂ ਟੈਂਕ ਸੜਕਾਂ ‘ਤੇ ਦਿਖਾਈ ਦਿੰਦੇ ਹਨ ਤਾਂ ਉਸ ਸਥਿਤੀ ਨੂੰ ‘ਗ੍ਰਹਿਯੁੱਧ’ ਕਿਹਾ ਜਾਂਦਾ ਹੈ।
1989 ਦੀ ਤਿਐਨ ਆਨ ਮਨ ਚੌਰਾਹੇ ਦੀ ਉਹ ਤਸਵੀਰ ਤੁਸੀਂ ਕਿਵੇਂ ਭੁੱਲ ਸਕਦੇ ਹੋ, ਜਦੋਂ ਟੈਂਕ ਸਾਹਮਣੇ ਇਕ ਵਿਦਿਆਰਥੀ ਖੜ੍ਹਾ ਸੀ, ਜ਼ਿਆਦਾਤਰ ਲੋਕਾਂ ਨੇ ਟੈਂਕ ਦੇ ਸਾਹਮਣੇ ਖੜ੍ਹੇ ਬਹਾਦਰ ਲੜਕੇ ਨੂੰ ਦੇਸ਼ਭਗਤ ਸਮਝਿਆ ਸੀ, ਨਾ ਕਿ ਟੈਂਕ ‘ਤੇ ਸਵਾਰ ਸੈਨਿਕ ਨੂੰ।
ਵਿਚਾਰਾਂ ਦੇ ਖੇਤਰ ਵਿਚ ਯੋਗਦਾਨ ਕਰਨ ਵਾਲੀਆਂ ਮੋਹਰੀ ਸੰਸਥਾਵਾਂ ਨੂੰ ਥਿੰਕ ਟੈਂਕ ਕਿਹਾ ਜਾਂਦਾ ਹੈ, ਦੇਸ਼ ਭਗਤੀ ਵਿਚ ਵਿਚਾਰ ਦਾ ਕੋਈ ਕੰਮ ਨਹੀਂ ਹੈ, ਉਹ ਭਾਵਨਾ ਹੈ। ‘ਥਿੰਕਿੰਗ’ ਨਾਲ ਸਵਾਲ ਪੈਦਾ ਹੁੰਦੇ ਹਨ, ਭਗਤੀ ਵਿਚ ਸਵਾਲ ਦੀ ਗੁੰਜਾਇਸ਼ ਨਹੀਂ ਹੈ, ਸਵਾਲ ਬੰਦ ਕਰਨ ਲਈ ਟੈਂਕ ਕਾਮਯਾਬ ਨੁਸਖ਼ਾ ਹੈ। ਇਹ ਲੇਖ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ‘ਵੱਟਸਐਪ ਯੂਨੀਵਰਸਿਟੀ’ ਤੋਂ ਡਾਕਟਰੇਟ ਕਰ ਚੁੱਕੇ ਹਨ, ਉਹ ਤਾਂ ਸੋਸ਼ਲ ਮੀਡੀਆ ‘ਤੇ ਇਸ ਪ੍ਰਸਤਾਵ ਦਾ ਜ਼ੋਰਦਾਰ ਸਮਰਥਨ ਕਰ ਹੀ ਰਹੇ ਹਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਪੂਰੀ ਗੰਭੀਰਤਾ ਨਾਲ ਕੈਂਪਸ ਵਿਚ ਟੈਂਕ ਖੜ੍ਹਾ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਨੇ ਕਾਰਗਿਲ ਵਿਜੈ ਦਿਵਸ ਦੇ ਮੌਕੇ ‘ਤੇ ਪ੍ਰੋਗਰਾਮ ਵਿਚ ਦੋ ਕੇਂਦਰੀ ਮੰਤਰੀਆਂ ਨੂੰ ਕਿਹਾ, ‘ਮੈਂ ਜਨਰਲ ਵੀ.ਕੇ. ਸਿੰਘ ਅਤੇ ਧਰਮਿੰਦਰ ਪ੍ਰਧਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਨੂੰ ਇਕ ਟੈਂਕ ਦਿਵਾਉਣ ਵਿਚ ਮਦਦ ਕਰਨ, ਜਿਸ ਨੂੰ ਕੈਂਪਸ ਵਿਚ ਖੜ੍ਹਾ ਕੀਤਾ ਜਾ ਸਕੇ ਤਾਂ ਕਿ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗੇ।’
ਕਸ਼ਮੀਰ ਵਿਚ ਟੈਂਕ ਨਹੀਂ ਸੀ, ਬਖ਼ਤਰਬੰਦ ਗੱਡੀ ਸੀ, ਜਿਸ ‘ਤੇ ਇਕ ਬੇਕਸੂਰ ਕਸ਼ਮੀਰੀ ਨੌਜਵਾਨ ਨੂੰ ਬੰਨ੍ਹਿਆ ਗਿਆ ਸੀ, ਇਸ ਲਈ ਜ਼ਿੰਮੇਵਾਰ ਮੇਜਰ ਗੋਗੋਈ ਦੀ ਤਾਰੀਫ਼ ਕਰਨ ਵਾਲਿਆਂ ਵਿਚ ਕ੍ਰਿਕਟਰ ਗੌਤਮ ਗੰਭੀਰ ਵੀ ਸੀ, ਉਹ ਵੀ ਕਾਰਗਿਲ ਵਿਜੈ ਦਿਵਸ ਸਮਾਰੋਹ ਵਿਚ ਜੇ.ਐਨ.ਯੂ. ਵਿਚ ਮੌਜੂਦ ਸੀ। ਗੰਭੀਰ ਨੇ ਕਿਹਾ ਕਿ ‘ਕੁਝ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ, ਉਨ੍ਹਾਂ ਵਿਚੋਂ ਇਕ ਹੈ ਤਿਰੰਗੇ ਦਾ ਸਨਮਾਨ।’
ਜੇ.ਐਨ.ਯੂ. ਵਿਚ ਹੁਣ ਤੱਕ ਤਿਰੰਗੇ ਦੇ ਅਪਮਾਣ ਦੀ ਕੋਈ ਘਟਨਾ ਨਹੀਂ ਵਾਪਰੀ, ਪਰ ਯਕੀਨ ਦਿਵਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤਿਰੰਗੇ ਦਾ ਅਪਮਾਣ ਕਰਨ ਵਾਲੇ ਢੇਰ ਸਾਰੇ ਲੋਕ ਜੇ.ਐਨ.ਯੂ. ਵਿਚ ਪੜ੍ਹਦੇ ਹਨ। ਇਸੇ ਪ੍ਰੋਗਰਾਮ ਵਿਚ ਲੇਖਕ ਰਾਜੀਵ ਮਲਹੋਤਰਾ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ‘ਭਾਰਤੀ ਫ਼ੌਜ ਨੇ ਜੇ.ਐਨ.ਯੂ. ਨੂੰ ਕਾਬੂ ਕਰ ਲਿਆ ਹੈ।’ ਪਰ ਟੀ.ਵੀ. ਬਹਿਸਾਂ ਵਿਚ ਵੱਡੀ ਸਾਰੀ ਮੁੱਛ ਨਾਲ ਵੀਰ ਰਸ ਦਾ ਸੰਚਾਰ ਕਰਨ ਵਾਲੇ ਸੇਵਾਮੁਕਤ ਮੇਜਰ ਜਨਰਲ ਬਖ਼ਸ਼ੀ ਨੇ ਬੇਨਤੀ ਕੀਤੀ ਕਿ ਹਾਲੇ ਜਾਦਵਪੁਰ ਅਤੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਨੂੰ ‘ਕਾਬੂ’ ਕੀਤਾ ਜਾਣਾ ਬਾਕੀ ਹੈ।
ਜੇ.ਐਨ.ਯੂ. ਵਿਚ ਲੰਬੀ ਜਾਂਚ ਤੋਂ ਬਾਅਦ ਅੱਜ ਤਕ ਪਤਾ ਨਹੀਂ ਚੱਲ ਸਕਿਆ ਕਿ ਭਾਰਤ ਵਿਰੋਧੀ ਨਾਅਰੇ ਕਿਸ ਨੇ ਲਾਏ, ਨਾਅਰੇ ਲਾਉਣ ਵਾਲੇ ਜੇ.ਐਨ.ਯੂ. ਦੇ ਵਿਦਿਆਰਥੀ ਸਨ ਵੀ ਜਾਂ ਨਹੀਂ। ਦਿੱਲੀ ਪੁਲੀਸ ਦੀ ਫੋਰੈਂਸਿਕ ਪੜਤਾਲ ਦੱਸ ਚੁੱਕੀ ਹੈ ਕਿ ਕਥਿਤ ਭਾਰਤ ਵਿਰੋਧੀ ਨਾਅਰੇਬਾਜ਼ੀ ਦੇ ਕਈ ਵੀਡੀਓ ਜੋ ਕੁਝ ਟੀ.ਵੀ. ਚੈਨਲਾਂ ਨੇ ਦਿਖਾਏ ਗਏ, ਉਹ ਫਰਜ਼ੀ ਸਨ।

ਦੇਸ਼ ਭਗਤੀ ਦੀ ਸਿਆਸਤ…
ਉਵੇਂ ਹੀ ਜਿਵੇਂ ਇਰਾਕ ਵਿਚ ‘ਵੈਪਨ ਆਫ਼ ਮਾਸ ਡਿਸਟਰਕਸ਼ਨ’ ਨਹੀਂ ਮਿਲਿਆ ਪਰ ਅਮਰੀਕੀ ਟੈਂਕ ਦਾਖ਼ਲ ਹੋ ਗਏ। ਜੇ.ਐਨ.ਯੂ. ‘ਕਾਬੂ’ ਕਰ ਲਿਆ ਗਿਆ ਹੈ, ਜਿੱਤੀ ਗਈ ਜ਼ਮੀਨ ‘ਤੇ ਟੈਂਕ ਖੜ੍ਹਾ ਕਰਨਾ ਸਹੀ ਕਦਮ ਹੈ, ‘ਦੁਸ਼ਮਣ’ ਨੂੰ ਉਸ ਦੀ ਹਾਰ ਦੀ ਯਾਦ ਦਿਵਾਉਂਦੇ ਰਹਿਣ ਲਈ, ਆਪਣਾ ਦਬਦਬਾ ਬਣਾਏ ਰੱਖਣ ਲਈ।
ਹੈਦਰਾਬਾਦ ਉਹ ਯੂਨੀਵਰਸਿਟੀ ਹੈ, ਜਿੱਥੇ ਰੋਹਿਤ ਵੇਮੁਲਾ ਨੇ ਮਜਬੂਰ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ, ਇਹ ਉਹ ਯੂਨੀਵਰਸਿਟੀ ਹੈ, ਜਿੱਥੋਂ ਦੇ ਦਲਿਤ ਤੇ ਮੁਸਲਮਾਨ ਵਿਦਿਆਰਥੀ ਅਖਿਲ ਭਾਰਤੀ ਵਿਦਿਆਰਥੀ ਪ੍ਰਸ਼ੀਦ ਦੀ ਦੇਸ਼ ਭਗਤੀ ਦੀ ਸਿਆਸਤ ਨਾਲ ਸਹਿਮਤ ਨਹੀਂ ਹਨ, ਜਾਦਵਪੁਰ ਯੂਨੀਵਰਸਿਟੀ ਵਿਚ ਵੀ ਸੰਘ ਨਾਲ ਜੁੜੇ ਵਿਦਿਆਰਥੀ ਸੰਗਠਨ ਨੂੰ ਚੁਣੌਤੀ ਮਿਲ ਰਹੀ ਹੈ।
ਆਰ.ਐਸ.ਐਸ. ਆਜ਼ਾਦੀ ਦੀ ਲੜਾਈ ਵਿਚ ਕਦੇ ਸ਼ਾਮਲ ਨਹੀਂ ਰਿਹਾ, ਇਹ ਗੱਲ ਹਰ ਵਾਰ ਚੁੱਕੀ ਜਾਂਦੀ ਹੈ। ਉਸੇ ਰਾਸ਼ਟਰੀ ਸਵਯਮ ਸੇਵਕ ਸੰਘ ਨਾਲ ਜੁੜੇ ਲੋਕਾਂ ਨੇ ਖ਼ੁਦ ਨੂੰ ਦੇਸ਼ ਭਗਤ ਅਤੇ ਆਪਣੇ ਸਾਰੇ ਵਿਰੋਧੀਆਂ ਨੂੰ ਦੇਸ਼ ਧਰੋਹੀ ਐਲਾਨ ਕਰਨ ਦੀ ਲੜਾਈ ਦਾ ਮੁੱਖ ਮੋਰਚਾ ਜੇ.ਐਨ.ਯੂ. ਵਿਚ ਖੋਲ੍ਹਿਆ ਸੀ।

ਸੰਘ ਦੀ ਦੇਸ਼ ਭਗਤੀ…
ਸੰਘ ਅਤੇ ਉਸ ਨਾਲ ਜੁੜੇ ਸੰਗਠਨਾਂ ਨੂੰ ਚੁਣੌਤੀ ਦੇਣ ਵਾਲੇ ਸਾਰੇ ਲੋਕਾਂ ਨੂੰ ਮੋਟੇ ਤੌਰ ‘ਤੇ ‘ਦੇਸ਼ਧਰੋਹੀ’ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ, ਫਿਰ ਇਨ੍ਹਾਂ ਲੋਕਾਂ ਨੂੰ ਮੁਸਲਮਾਨ, ਮੁਸਲਮਾਨ-ਪ੍ਰਸਤ, ਖੱਬੇ ਪੱਖੀ, ਬੁੱਧੀਜੀਵੀ, ਮਾਨਵਤਾਵਾਦੀ, ਲਿਬਰਲ ਤੇ ਹਿੰਦੂ-ਵਿਰੋਧੀ ਵਰਗੀਆਂ ਉਪ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ।
ਜੇ.ਐਨ.ਯੂ. ਨੂੰ ਦੇਸ਼ਧਰੋਹੀਆਂ ਦਾ ਗੜ੍ਹ ਦੱਸਦਿਆਂ ਸੰਘ ਦੇ ਮੁੱਖ ਰਸਾਲੇ ਪਾਂਚਜਨਯ ਨੇ ਕਵਰ ਸਟੋਰੀ ਲਿਖੀ। ਜੇ.ਐਨ.ਯੂ. ਦੀ ਸਭ ਤੋਂ ਵੱਡੀ ਖ਼ਾਸੀਅਤ ਇਹੀ ਹੈ ਕਿ ਉਥੇ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਦੇ ਮੁਕਾਬਲੇ, ਵਿਸ਼ੇਸ਼ ਦਾਖ਼ਲਾ ਨਿਯਮ ਤਹਿਤ ਵੱਡੀ ਤਾਦਾਦ ਵਿਚ ਦਲਿਤ, ਆਦਿਵਾਸੀ, ਪਛੜੇ ਤੇ ਕੁੜੀਆਂ ਪੜ੍ਹਦੀਆਂ ਹਨ।
ਭਾਰਤ ਦੇ ਉੱਚ ਵਰਗੀ ਅਤੇ ਉਚਵਰਣੀ ਸ਼ਹਿਰੀ ਸਵਰਨ ਪੁਰਸ਼ਾਂ ਦੇ ਇਕ ਹਿੱਸੇ ਨੂੰ ਸੰਘ ਦੀ ਦੇਸ਼ਭਗਤੀ ਪਸੰਦ ਆ ਸਕਦੀ ਹੈ ਪਰ ਦਲਿਤ, ਆਦਿਵਾਸੀ, ਮੁਸਲਮਾਨ, ਪਛੜੇ ਤੇ ਹਾਸ਼ੀਏ ‘ਤੇ ਸੰਘਰਸ਼ ਕਰ ਰਹੀਆਂ ਕੁੜੀਆਂ ਦਾ ਵੱਡਾ ਹਿੱਸਾ ਇਸ ਨਾਲ ਅਸਹਿਮਤ ਦਿਖਾਈ ਦਿੰਦਾ ਹੈ।

ਭਾਰਤ ਦੀ ਬਿਹਤਰੀਨ ਯੂਨੀਵਰਸਿਟੀ…
ਜੇ.ਐਨ.ਯੂ. ਉਹੀ ਯੂਨੀਵਰਸਿਟੀ ਹੈ, ਜਿਸ ਨੂੰ ਕੁਝ ਹੀ ਸਮਾਂ ਪਹਿਲਾਂ ਦੇਸ਼ ਦੀ ਬਿਹਤਰੀਨ ਯੂਨੀਵਰਸਿਟੀ ਮੰਨਿਆ ਗਿਆ, ਉਸ ਦੇ ਬਿਹਤਰੀਨ ਹੋਣ ਦੇ ਕੇਂਦਰ ਵਿਚ ਅਸਹਿਮਤੀ ਦਾ ਸਭਿਆਚਾਰ ਹੈ, ਪਰਸਪਰ ਵਿਰੋਧੀ ਵਿਚਾਰ ਹਨ, ਲਗਾਤਾਰ ਸਵਾਲ ਕਰਨ ਵਾਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਜਵਾਬ ਦੇਣ ਵਾਲੇ ਪ੍ਰੋਫੈਸਰ ਹਨ।
ਸਿਆਸਤ ਵਿਗਿਆਨ ਜਾਂ ਸਮਾਜਸ਼ਾਸਤਰ ਵਿਚ ਡਾਕਟਰੇਟ ਕਰ ਰਹੇ ਵਿਅਕਤੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਭਗਤੀ ਦੀ ਸਿਆਸਤ ਕਰਨ ਵਾਲੀ ਸਰਕਾਰ ਅਤੇ ਉਸ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਦੇ ਹਰ ਕਦਮ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇ, ਵਰਨਾ ਦੇਸ਼ ਭਗਤਾਂ ਦੀ ਫ਼ੌਜ ਦੇ ਗੁੱਸੇ ਦਾ ਸਾਹਮਣਾ ਕਰੇ।
ਇਸ ਤਰ੍ਹਾਂ ਪੜ੍ਹਾਈ ਕਰਨ ਵਾਲੇ ਦੇਸ਼ ਦੇ ਗਿਆਨ-ਵਿਗਿਆਨ ਵਿਚ ਜੈਕਾਰੇ ਤੋਂ ਇਲਾਵਾ ਕੀ ਜੋੜੋਗੇ?

ਭਾਜਪਾ ਤੇ ਆਰ.ਐਸ.ਐਸ. ਨੂੰ ਜੇ.ਐਨ.ਯੂ. ਤੋਂ ਸਮੱਸਿਆ…
ਕਿਸੇ ਵੀ ਉਚ ਸਿੱਖਿਆ ਸੰਸਥਾ ਨੂੰ ਦੇਸ਼ ਭਗਤੀ ਦੀ ਫ਼ੌਜੀ ਵਿਚਾਰ ਪ੍ਰਣਾਲੀ ਦੇ ਅਨੁਰੂਪ ਚਲਾਉਣਾ ਦੇਸ਼ਘਾਤੀ ਹੋਵੇਗਾ, ਦੁਨੀਆ ਭਰ ਦੇ ਉਚ ਸਿੱਖਿਆ ਕੇਂਦਰਾਂ ਵਿਚ ਭਾਰਤੀ ਵਿਦਵਾਨਾਂ ਦਾ ਡੰਕਾ ਵੱਜਦਾ ਹੈ, ਪਰ ਭਾਰਤ ਦੀਆਂ ਯੂਨੀਵਰਸਿਟੀਆਂ ਦਾ ਕੌਮਾਂਤਰੀ ਪੱਧਰ ‘ਤੇ ਕੋਈ ਮਾਣ-ਸਨਮਾਨ ਨਹੀਂ, ਅਜਿਹੀ ਹਾਲਤ ਵਿਚ ਗਿਣੀਆਂ-ਚੁਣੀਆਂ ਸੰਸਥਾਵਾਂ ਵਿਚ ਟੈਂਕ ਖੜ੍ਹੇ ਕਰਨਾ ਕਿੰਨਾ ਮਦਦਗਾਰ ਹੋਵੇਗਾ, ਇਹ ਗੰਭੀਰਤਾ ਨਾਲ ਸੋਚਣ ਦੀ ਗੱਲ ਹੈ।
ਅਸਹਿਮਤੀ ਅਤੇ ਭਗਤੀ ਦੀ ਸਹਿ-ਹੋਂਦ ਸੰਭਵ ਨਹੀਂ ਹੈ। ਯੂਨੀਵਰਸਿਟੀਆਂ ਜਾਂ ਤਾਂ ਗਿਆਨਵਾਦੀ ਹੋ ਸਕਦੀਆਂ ਹਨ ਜਾਂ ਦੇਸ਼ ਭਗਤ। ਜੇ.ਐਨ.ਯੂ. ਵਿਚ ਦੇਸ਼ ਭਗਤੀ ਦੀ ਮੁਹਿੰਮ ਦਾ ਸਿਆਸੀ ਅਰਥ ਇਹੀ ਹੈ ਕਿ ਸੰਘ ਨਾਲ ਅਸਹਿਮਤ ਵਿਚਾਰਾਂ ਨੂੰ ਦੇਸ਼ਧਰੋਹੀ ਐਲਾਨ ਕਰਨਾ ਅਤੇ ਉਸ ਤੋਂ ਬਾਅਦ ਦਮਨ ਦੇ ਪ੍ਰਤੀਕ ਟੈਂਕ ਦੀ ਨੁਮਾਇਸ਼ ਕਰਨਾ।

ਵਟਸਐਪ ‘ਤੇ ਆਇਆ ਇਕ ਪ੍ਰਤੀਕਰਮ
ਮੈਂ ਜੇ.ਐਨ.ਯੂ. ਵਿਚ ਟੈਂਕ ਲਗਾਉਣ ਦਾ ਵਿਰੋਧ ਨਹੀਂ ਕਰਦਾ ਜੇਕਰ…
ਸਾਰੇ ਵੱਡੇ ਅਤੇ ਚੰਗੇ ਫ਼ੈਸਲੇ ਜੇ.ਐਨ.ਯੂ. ਤੋਂ ਇਲਾਵਾ ਬਾਕੀ ਸਕੂਲ-ਕਾਲਜਾਂ ਲਈ ਵੀ ਹੁੰਦੇ। ਕੀ ਰਾਸ਼ਟਰਵਾਦ ਦੀ ਜ਼ਰੂਰਤ ਇਕੱਲੇ ਜੇ.ਐਨ.ਯੂ. ਨੂੰ ਹੈ? ਸਿਰਫ਼ ਜੇ.ਐਨ.ਯੂ. ਵਿਚ ਟੈਂਕ ਲਗਾਉਣ ਨਾਲ ਰਾਸ਼ਟਰਵਾਦ ਦੇ ਵਿਕਾਸ ਵਿਚ ਭਿਆਨਕ ਗੈਰਬਰਾਬਰੀ ਤੇ ਅਸੰਤੁਲਨ ਪੈਦਾ ਹੋ ਸਕਦਾ ਹੈ।
2014 ਦੇ ਅੰਕੜਿਆਂ ਅਨੁਸਾਰ ਭਾਰਤ ਵਿਚ 667 ਯੂਨੀਵਰਸਿਟੀਆਂ ਹਨ। 37,204 ਕਾਲਜ ਹਨ ਤੇ 11,443 ਸਕੂਲ। ਇਨ੍ਹਾਂ ਦਾ ਕੁੱਲ ਜੋੜ ਹੋਇਆ 49,314। ਮਤਲਬ ਸਾਨੂੰ ਉਚ ਸਿੱਖਿਆ ਕੇਂਦਰਾਂ ਲਈ 49,314 ਟੈਂਕ ਚਾਹੀਦੇ ਹਨ। ਹਰ ਕਾਲਜ ਵਿਚ ਟੈਂਕ ਲਗਾਉਣ ਨੂੰ ਲੈ ਕੇ ਹੜਤਾਲ ਹੋਵੇ। ਜੇ.ਐਨ.ਯੂ. ਤੋਂ ਪਹਿਲਾਂ ਜਹਾਂ ਔਰ ਭੀ ਹੈਂ…ਨਾਅਰਾ ਲੱਗੇ।
9 ਅਗਸਤ 2016 ਦੀ ‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਦੇਸ਼ ਵਿਚ ਇਕ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਇਕ ਹੀ ਟੀਚਰ ਹੈ। ਇੱਥੇ ਦੂਸਰਾ ਟੀਚਰ ਆਉਣੋ ਰਿਹਾ। ਬੱਚੇ ਬਾਗ਼ੀ ਹੋ ਸਕਦੇ ਹਨ। ਇਸ ਲਈ ਟੈਂਕ ਦੀ ਜ਼ਰੂਰਤ ਸਭ ਤੋਂ ਪਹਿਲਾਂ ਇੱਥੇ ਹੈ। ਕਾਲਜਾਂ ਵਿਚ ਅਧਿਆਪਕਾਂ ਦੇ ਹਜ਼ਾਰਾਂ ਅਹੁਦੇ ਖਾਲੀ ਹਨ ਤਾਂ ਖਾਲੀ ਹੀ ਰਹਿਣ। ਇਸ ਪੈਸੇ ਨਾਲ ਸਭ ਤੋਂ ਪਹਿਲਾਂ ਟੈਂਕ ਆਉਣ।
ਸੀ.ਬੀ.ਐਸ.ਈ. ਨਾਲ ਜੁੜੇ 20,000 ਪ੍ਰਾਈਵੇਟ ਸਕੂਲ ਹਨ। ਅੰਗਰੇਜ਼ੀ ਸਿੱਖਿਆ ਵਾਲੇ ਤਾਂ ਹੋਰ ਵੀ ਗੈਰਜ਼ਰੂਰੀ ਹੁੰਦੇ ਹਨ। ਇਨ੍ਹਾਂ ਸਾਰੇ ਸਕੂਲਾਂ ਲਈ ਟੈਂਕ ਲਗਾਉਣਾ ਜ਼ਰੂਰੀ ਹੋਵੇ। ਮਾਂ-ਬਾਪ ਤੋਂ ਚੰਦਾ ਲਿਆ ਜਾਵੇ। ਇਸ ਤਰ੍ਹਾਂ ਭਾਰਤ ਨੂੰ ਤੁਰੰਤ ਇਕ ਲੱਖ 70 ਹਜ਼ਾਰ ਟੈਂਕ ਦੀ ਲੋੜ ਹੈ। ਬਿਜ਼ਨਸ ਇਨਸਾਈਡਰ ਅਨੁਸਾਰ ਸਭ ਤੋਂ ਵੱਧ ਟੈਂਕ ਰੂਸ ਕੋਲ ਹਨ। ਸਿਰਫ਼ 15,500। ਗੂਗਲ ਤੋਂ ਪਤਾ ਚੱਲਿਆ ਕਿ ਇਕ ਟੈਂਕ ਦੀ ਕੀਮਤ 8 ਤੋਂ 9 ਮਿਲੀਅਨ ਡਾਲਰ ਹੈ। ਜੇਕਰ 65 ਦੇ ਮੁੱਲ ਨਾਲ ਠੀਕ ਹਿਸਾਬ ਲਾਈਏ ਤਾਂ ਇਕ ਟੈਂਕ ਦੀ ਕੀਮਤ ਹੋਈ ਕਰੀਬ 58 ਕਰੋੜ। ਗੂਗਲ ਤੋਂ ਪੁਰਾਣੇ ਟੈਂਕਾਂ ਦੀ ਕੀਮਤ ਨਹੀਂ ਪਤਾ ਚੱਲ ਸਕੀ। ਵੈਸੇ ਵੀ ਮਾਮਲਾ ਰਾਸ਼ਟਰਵਾਦ ਦਾ ਹੈ, ਇਸ ਲਈ ਟੈਂਕ ਨਵਾਂ ਹੀ ਹੋਵੇ। ਪੁਰਾਣੇ ਟੈਂਕ ਨਾਲ ਰਾਸ਼ਟਰਵਾਦ ਦਾ ਅੱਧਾ ਵਿਕਾਸ ਹੀ ਹੋਵੇਗਾ। ਕੀ ਕੋਈ 1,70,000 ਨੂੰ 59 ਕਰੋੜ ਨਾਲ ਗੁਣਾ ਕਰਕੇ ਦੱਸ ਸਕਦਾ ਹੈ ਕਿੰਨਾ ਬਣਿਆ? ਰਾਸ਼ਟਰਵਾਦ ਜਗਾਉਣ ਲਈ ਦੇਰੀ ਨਹੀਂ ਹੋਣੀ ਚਾਹੀਦੀ। ਕੱਲ੍ਹ ਹੀ ਟੈਂਡਰ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਟੈਂਕ ਆਨ! ਮਾਰਚ ਆਨ ! ਜਲਦੀ ਕਰੋ! ਦੇਰ ਨਾ ਹੋ ਜਾਏ!
ਰਾਸ਼ਟਰਵਾਦ ‘ਤੇ ਸਭ ਦਾ ਹੱਕ! ਮੇਰਾ ਕਾਲਜ ਹੋਵੇ ਟੈਂਕ ਦਾ ਘਰ!