ਮੁੰਬਈ ਇੰਡੀਅਨਜ਼ ਨੇ ਤੀਜੀ ਵਾਰ ਆਈ.ਪੀ.ਐਲ. ਖ਼ਿਤਾਬ ਆਪਣੇ ਨਾਂ ਕੀਤਾ

ਮੁੰਬਈ ਇੰਡੀਅਨਜ਼ ਨੇ ਤੀਜੀ ਵਾਰ ਆਈ.ਪੀ.ਐਲ. ਖ਼ਿਤਾਬ ਆਪਣੇ ਨਾਂ ਕੀਤਾ
ਕੈਪਸ਼ਨ-ਮੁੰਬਈ ਇੰਡੀਅਨਜ਼ ਦੀ ਟੀਮ ਜੇਤੂ ਟਰਾਫ਼ੀ ਨਾਲ ਜਿੱਤ ਦੇ ਜਸ਼ਨ ਮਨਾਉਂਦੀ ਹੋਈ।

ਹੈਦਰਾਬਾਦ/ਬਿਊਰੋ ਨਿਊਜ਼ :
ਕ੍ਰਿਣਾਲ ਪੰਡਿਆ ਦੀ 47 ਦੌੜਾਂ ਦੀ ਪਾਰੀ ਅਤੇ ਮਿਸ਼ੇਲ ਜਾਨਸਨ ਦੀ ਅਗਵਾਈ ਵਾਲੀ ਸ਼ਾਨਦਾਰ ਹਮਲਾਵਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਇਥੇ ਇਕ ਰੋਮਾਂਚਕ ਮੁਕਾਬਲੇ ਵਿੱਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ ਇਕ ਦੌੜ ਨਾਲ ਹਰਾ ਕੇ ਤੀਜੀ ਵਾਰ ਆਈਪੀਐਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਮੁੰਬਈ ਦੇ ਪੰਜ ਬੱਲੇਬਾਜ਼ ਦੋ ਅੰਕਾਂ ਤਕ ਪਹੁੰਚੇ ਜਿਨ੍ਹਾਂ ਵਿੱਚ ਕ੍ਰਿਣਾਲ ਪੰਡਿਆ ਨੇ 38 ਗੇਂਦਾਂ ‘ਤੇ 47, ਕਪਤਾਨ ਰੋਹਿਤ ਸ਼ਰਮਾ ਨੇ 22 ਗੇਂਦਾਂ ‘ਤੇ 24 ਦੌੜਾਂ ਬਣਾਈਆਂ। ਕ੍ਰਿਣਾਲ ਅਤੇ ਜਾਨਸਨ( ਨਾਬਾਦ 13) ਨੇ ਅੱਠਵੀਂ ਵਿਕਟ ਲਈ 50 ਦੌੜਾਂ ਜੋੜੀਆਂ ਅਤੇ ਟੀਮ ਦਾ ਸਕੋਰ ਅੱਠ ਵਿਕਟਾਂ ‘ਤੇ 129 ਦੌੜਾਂ ਤਕ ਪਹੁੰਚਾਇਆ। ਮੁੰਬਈ ਨੇ ਪਹਿਲੇ 17 ਓਵਰਾਂ ਵਿੱਚ 92 ਦੌੜਾਂ ਬਣਾਈਆਂ ਸਨ ਪਰ ਆਖਿਰੀ ਤਿੰਨ ਓਵਰਾਂ ਵਿੱਚ ਉਹ 37 ਦੌੜਾਂ ਬਣਾਉਣ ਵਿੱਚ ਸਫ਼ਲ ਰਹੇ ਜੋ ਅਖੀਰ ਵਿੱਚ ਫੈਸਲਾਕੁੰਨ ਸਾਬਤ ਹੋਈਆਂ। ਪੁਣੇ ਲਈ ਅਜੰਕਿਆ ਰਹਾਣੇ ਨੇ 38 ਗੇਂਦਾਂ ‘ਤੇ 44 ਦੌੜਾਂ ਬਣਾਈਆਂ ਜਦੋਂ ਕਿ ਸਮਿਥ ਨੇ 50 ਗੇਂਦਾਂ ‘ਤੇ 51 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਨਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਆਪਣਾ ਯੋਗਦਾਨ ਨਹੀਂ ਦੇ ਸਕਿਆ ਅਤੇ ਉਸ ਦੀ ਟੀਮ ਆਖਿਰੀ ਛੇ ਵਿਕਟਾਂ ‘ਤੇ 128 ਦੌੜਾਂ ਹੀ ਬਣਾ ਸਕੀ।
ਮੁੰਬਈ ਲਈ ਜਾਨਸਨ ਨੇ 26 ਦੌੜਾਂ ਦੇ ਕੇ ਤਿੰਨ ਅਤੇ ਜਸਪ੍ਰੀਤ ਬੁਮਰਾਹ ਨੇ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪਿਛਲੇ ਤਿੰਨ ਮੌਕਿਆਂ ‘ਤੇ ਪੁਣੇ ਨੇ ਜਿੱਤ ਦਰਜ ਕੀਤੀ ਸੀ ਪਰ ਇਸ ਸਭ ਤੋਂ ਮਹੱਤਵਪੂਰਨ ਮੈਚ ਵਿੱਚ ਮੁੰਬਈ ਨੇ ਬਾਜ਼ੀ ਜਿੱਤ ਲਈ। ਮੁੰਬਈ ਨੇ ਇਸ ਤੋਂ ਪਹਿਲਾਂ 2013 ਅਤੇ 2015 ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਖ਼ਿਤਾਬ ਜਿੱਤਿਆ ਸੀ।
ਰਾਈਜ਼ਿੰਗ ਪੁਣੇ ਸੁਪਰਜਾਇੰਟਸ ਵੱਲੋਂ ਜੈਦੇਵ ਉਨਾਦਕਟ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਦੋ ਵਿਕਟਾਂ, ਏ. ਜੰਪਾ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਡੈਨੀਅਲ ਕ੍ਰਿਸਟੀਅਨ ਨੇ ਵੀ ਚਾਰ ਓਵਰਾਂ ਵਿੱਚ 34 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਵਾਸ਼ਿੰਗਟ ਸੁੰਦਰ ਅਤੇ ਐਸ. ਠਾਕੁਰ ਨੂੰ ਕੋਈ ਵਿਕਟ ਨਹੀਂ ਮਿਲੀ।