ਬਿਹਾਰ ਵਿਚ ਫੇਰ ਐਨ.ਡੀ.ਏ. ਸਰਕਾਰ, ਨਿਤਿਸ਼ ਕੁਮਾਰ ਮੁੱਖ ਮੰਤਰੀ ਤੇ ਸੁਸ਼ੀਲ ਮੋਦੀ ਹੋਣਗੇ ਉਪ ਮੁੱਖ ਮੰਤਰੀ

ਬਿਹਾਰ ਵਿਚ ਫੇਰ ਐਨ.ਡੀ.ਏ. ਸਰਕਾਰ, ਨਿਤਿਸ਼ ਕੁਮਾਰ ਮੁੱਖ ਮੰਤਰੀ ਤੇ ਸੁਸ਼ੀਲ ਮੋਦੀ ਹੋਣਗੇ ਉਪ ਮੁੱਖ ਮੰਤਰੀ

ਕੈਪਸ਼ਨ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪਟਨਾ ਵਿੱਚ ਅਸਤੀਫ਼ਾ ਦੇਣ ਤੋਂ ਬਾਅਦ।

ਪਟਨਾ/ਬਿਊਰੋ ਨਿਊਜ਼ :
ਬਿਹਾਰ ਦੀ ਸਿਆਸਤ ਨੇ ਇਕ ਵਾਰ ਫੇਰ ਤੇਜ਼ੀ ਨਾਲ ਕਰਵਟ ਬਦਲੀ ਹੈ। ਮਹਾਂਗਠਜੋੜ ਦੀ ਸਰਕਾਰ ਤੋਂ ਅਸਤੀਫ਼ੇ ਦੇ ਤੁਰੰਤ ਬਾਅਦ ਨਿਤਿਸ਼ ਕੁਮਾਰ ਨੂੰ ਭਾਜਪਾ ਦਾ ਸਾਥ ਮਿਲ ਗਿਆ ਅਤੇ ਹੁਣ ਉਹ ਮੁੜ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਜਾ ਰਹੇ ਹਨ। ਸੁਸ਼ੀਲ ਮੋਦੀ ਇਕ ਵਾਰ ਫਿਰ ਬਿਹਾਰ ਦੇ ਉਪ ਮੁੱਖ ਮੰਤਰੀ ਬਣਨਗੇ। ਇਸ ਤੋਂ ਪਹਿਲਾਂ ਦੇਰ ਰਾਤ ਨਿਤਿਸ਼ ਨੇ ਭਾਜਪਾ ਵਿਧਾਇਕਾਂ ਨਾਲ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਧਰ ਤੇਜਸਵੀ ਯਾਦਵ ਨੇ ਵੀ 100 ਵਿਧਾਇਕਾਂ ਨਾਲ ਰਾਤ ਨੂੰ ਰਾਜ ਭਵਨ ਤੱਕ ਮਾਰਚ ਕੀਤਾ। ਰਾਜਪਾਲ ਨੇ ਉਨ੍ਹਾਂ ਨੂੰ ਸਵੇਰੇ 11 ਵਜੇ ਮਿਲਣ ਦਾ ਸਮਾਂ ਦਿੱਤਾ ਪਰ ਬਾਅਦ ਵਿਚ ਨਿਤਿਸ਼ ਕੁਮਾਰ ਨੂੰ ਸਵੇਰੇ 10 ਵਜੇ ਹੀ ਸਹੁੰ ਲਈ ਸੱਦ ਕੇ ਨਿਤਿਸ਼ ਦਾ ਰਸਤਾ ਸਾਫ਼ ਕਰ ਦਿੱਤਾ, ਜਿਸ ਤੋਂ ਖ਼ਫ਼ਾ ਤੇਜਸਵੀ ਨੇ ਰਾਜਪਾਲ ਦੇ ਫੈਸਲੇ ਖ਼ਿਲਾਫ਼ ਅਦਾਲਤ ਜਾਣ ਦੀ ਗੱਲ ਕਹੀ। ਸਹੁੰ ਚੁੱਕ ਸਮਾਮਗ ਤੋਂ ਬਾਅਦ ਐਨ.ਡੀ.ਏ. ਸਰਕਾਰ ਨੂੰ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਬਹੁਮਤ ਸਿੱਧ ਕਰਨਾ ਹੋਵੇਗਾ। ਇਸ ਦੌਰਾਨ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਣੀ ਹੈ, ਜਿੱਥੇ ਨਿਤਿਸ਼ ਨੂੰ ਸਮਰਥਨ ਅਤੇ ਸਰਕਾਰ ਵਿਚ ਸ਼ਾਮਲ ਹੋਣ ਦੀ ਰਸਮ ਹੀ ਪੂਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ। ਬਿਹਾਰ ਵਿਚ ਜਨਤਾ ਦਲ (ਯੂ) ਦੇ 71 ਵਿਧਾਇਕ ਹਨ ਤੇ ਭਾਜਪਾ ਦੇ 53, ਅਜਿਹੇ ਵਿਚ ਦੋਹਾਂ ਪਾਰਟੀਆਂ ਮਿਲ ਕੇ ਆਸਾਨੀ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲੈਂਦੀਆਂ ਹਨ। ਬਿਹਾਰ ਵਿਚ ਬਹੁਮਤ ਦਾ ਅੰਕੜਾ 122 ਹੈ ਤੇ ਦੋਹਾਂ ਪਾਰਟੀਆਂ ਦੇ 124 ਵਿਧਾਇਕ ਹੋ ਰਹੇ ਹਨ।