ਲੁਧਿਆਣਾ ਦਾ ਪਲਪ੍ਰੀਤ ਸਿੰਘ ਐਨ.ਬੀ.ਏ. ਟੀਮ ਵਿਚ ਦਾਖ਼ਲ ਹੋਣ ਦੇ ਨੇੜੇ

ਲੁਧਿਆਣਾ ਦਾ ਪਲਪ੍ਰੀਤ ਸਿੰਘ ਐਨ.ਬੀ.ਏ. ਟੀਮ ਵਿਚ ਦਾਖ਼ਲ ਹੋਣ ਦੇ ਨੇੜੇ

ਮੁੰਬਈ/ਬਿਊਰੋ ਨਿਊਜ਼ :
ਲੁਧਿਆਣਾ ਦਾ ਪਲਪ੍ਰੀਤ ਸਿੰਘ ਬਰਾੜ ਹੁਣ ਅਮਰੀਕਾ ਵਿਚ ਆਪਣੀ ਬਾਸਕਿਟਬਾਲ ਦਾ ਸੁਪਨਾ ਪੂਰਾ ਕਰੇਗਾ। ਉਹ ਐਨ.ਬੀ.ਏ. ਡਿਵੈਲਪਮੈਂਟ ਲੀਗ ਨਾਲ ਸਮਝੌਤਾ ਕਰਨ ਦੇ ਕਾਫ਼ੀ ਨੇੜੇ ਹੈ। ਭਾਰਤ ਦਾ ਪਹਿਲਾ ਕੌਮੀ ਬਾਸਕਿਟਬਾਲ ਪ੍ਰਤਿਭਾ ਖੋਜ ਪ੍ਰੋਗਰਾਮ ‘ਏ.ਸੀ.ਜੀ-ਐਨ.ਬੀ.ਏ.’ ਦਾ ਜੇਤੂ ਪਲਪ੍ਰੀਤ ਐਨ.ਬੀ.ਏ. ਡਿਵੈਲਪਮੈਂਟ ਲੀਗ ਵਿਚ ਚੋਣ ਲਈ ਹੁਣ ਯੋਗ ਹੋ ਗਿਆ ਹੈ। ਉਹ ਚੋਣ 25 ਅਕਤੂਬਰ ਨੂੰ ਹੋਵੇਗੀ। ਜੇਕਰ ਉਹ ਐਨ.ਬੀ.ਏ. ਵਿਚ ਦਾਖ਼ਲਾ ਪਾ ਲੈਂਦਾ ਹੈ ਤਾਂ ਉਹ ਸਤਨਾਮ ਸਿੰਘ, ਜਿਸ ਨੂੰ ਪਿਛਲੇ ਸਾਲ ਡਲਾਸ ਮਾਵਰਕਿਸ ਨੇ ਚੁਣਿਆ ਸੀ, ਤੋਂ ਬਾਅਦ ਦੂਜਾ ਭਾਰਤੀ ਖਿਡਾਰੀ ਹੋਵੇਗਾ। ਦੋਵੇਂ ਖਿਡਾਰੀ ਲੁਧਿਆਣਾ ਬਾਸਕਿਟ ਬਾਲ ਅਕੈਡਮੀ ਤੋਂ ਹਨ। ਮੈਨਹੈਟਨ ਵਿਚ ਕੋਚ ਰੋਸ ਬਰਨ ਨਾਲ ਨਿਊ ਯਾਰਕ ਅਥਲੈਟਿਕ ਕਲੱਬ ਵਿਖੇ ਟਰੇਨਿੰਗ ਲੈਣ ਵਾਲੇ 6 ਫੁੱਟ 9 ਇੰਚ ਦੇ ਪਲਪ੍ਰੀਤ ਬਰਾੜ ਨੇ ਕਿਹਾ, ”ਮੈਂ ਬਹੁਤ ਸਖ਼ਤ ਮਿਹਨਤ ਕੀਤੀ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੀ ਐਨ.ਬੀ.ਏ. ਵਿਚ ਚੋਣ ਹੋ ਜਾਵੇਗੀ। ਮੈਂ ਇਸ ਮੌਕੇ ਦਾ ਪੂਰਾ ਲਾਹਾ ਲਵਾਂਗਾ।”
ਫਰਵਰੀ ਦੇ ਅੰਤ ਵਿਚ ਹੋਏ ਏ.ਸੀ.ਜੀ-ਐਨ.ਬੀ.ਏ. ਜੰਪ ਨੈਸ਼ਨਲ ਫਾਈਨਲ ਅਤੇ ਨਿਊ ਯਾਰਕ ਵਿਚ 14 ਅਗਸਤ ਨੂੰ ਹੋਏ ਨੈਸ਼ਨਲ ਟਰਾਈ ਆਊਟਸ ਵਿਚ ਪਲਪ੍ਰੀਤ ਨੇ ਐਨ.ਬੀ.ਏ. ਦੇ ਸਾਬਕਾ ਚੈਂਪੀਅਨ ਬਰੀਅਨ ਸ਼ਾਅ ਨੂੰ ਕਾਫ਼ੀ ਪ੍ਰਭਾਵਤ ਕੀਤਾ ਸੀ। ਉਸ ਦਿਨ 200 ਤੋਂ ਵੱਧ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਐਨ.ਬੀ.ਏ. ਵਿਚ ਦਾਖ਼ਲਾ ਲੈਣ ਵਾਲੇ 200 ਤੋਂ ਵੱਧ ਖਿਡਾਰੀਆਂ ਵਿਚਾਲੇ ਮੁਕਾਬਲਾ ਹੋਵੇਗਾ। ਬਰਾੜ ਨੂੰ ਉਮੀਦ ਹੈ ਕਿ ਉਹ ਇਸ ਸਖ਼ਤ ਮੁਕਾਬਲੇ ਵਿਚ ਜੇਤੂ ਰਹੇਗਾ।