ਟਰੰਪ ਨੇ ਐਕਸਾਨਮੋਬਿਲ ਕੰਪਨੀ ਦੇ ਸੀ.ਈ.ਓ. ਰੈਕਸ ਟਿਲਰਸਨ ਨੂੰ ਚੁਣਿਆ ਵਿਦੇਸ਼ ਮੰਤਰੀ

ਟਰੰਪ ਨੇ ਐਕਸਾਨਮੋਬਿਲ ਕੰਪਨੀ ਦੇ ਸੀ.ਈ.ਓ. ਰੈਕਸ ਟਿਲਰਸਨ ਨੂੰ ਚੁਣਿਆ ਵਿਦੇਸ਼ ਮੰਤਰੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਵਿਦੇਸ਼ ਮੰਤਰੀ ਵਜੋਂ ਐਕਸਾਨਮੋਬਿਲ ਦੇ ਸੀ.ਈ.ਓ. ਰੈਕਸ ਟਿਲਰਸਨ ਨੂੰ ਚੁਣਿਆ ਹੈ। ਅਮਰੀਕੀ ਮੀਡੀਆ ਨੇ ਅਜਿਹੇ ਸਮੇਂ ਵਿਚ ਇਹ ਜਾਣਕਾਰੀ ਦਿੱਤੀ, ਜਦੋਂ ਰੈਕਸ ਵਜੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਬੰਧਾਂ ਕਾਰਨ ਉਨ੍ਹਾਂ ਦੀ ਚੋਣ ਦੀ ਪੁਸ਼ਟੀ ਦੀਆਂ ਸੰਭਾਵਨਾਵਾਂ ਦੇ ਗੁੰਝਲਦਾਰ ਹੋਣ ਦੇ ਖ਼ਦਸ਼ੇ ਨੂੰ ਲੈ ਕੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ।
ਦੀ ਵਾੱਲ ਸਟਰੀਟ ਜਨਰਲ ਨੇ ਸੱਤਾ ਪਰਿਵਰਤਣ ਦਲ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ ਟਿਲਰਸਨ ਨੂੰ ਸ਼ਿਖ਼ਰਲੇ ਰਾਜਨਾਇਕ ਵਜੋਂ ਚੁਣਿਆ ਹੈ। ਅਖ਼ਬਾਰ ਅਨੁਸਾਰ ਟਿਲਰਸਨ ਉੱਘੇ ਕਾਰੋਬਾਰੀ ਹਨ, ਜਿਨ੍ਹਾਂ ਦਾ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ‘ਤੇ ਕਾਰੋਬਾਰ ਹੈ ਪਰ ਵਿਦੇਸ਼ੀ ਨੇਤਾਵਾਂ ਨਾਲ ਉਨ੍ਹਾਂ ਦੇ ਸਬੰਧ ਉਨ੍ਹਾਂ ਦੀ ਨਾਂ ਦੀ ਪੁਸ਼ਟੀ ਦੀਆਂ ਸੰਭਾਵਨਾਵਾਂ ਨੂੰ ਗੁੰਝਲਦਾਰ ਬਣਾ ਸਕਦੇ ਹਨ। ਜੇਕਰ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਜਾੱਨ ਕੈਰੀ ਦੇ ਜਾਣ ਮਗਰੋਂ ਟਿਲਰਸਨ ਵਿਦੇਸ਼ ਮੰਤਰੀ ਵਜੋਂ ਕਾਰਜਭਾਰ ਸੰਭਾਲਣਗੇ।
ਟਰੰਪ ਨੇ ਪਿਛਲੇ ਹਫ਼ਤੇ ਟਿਲਰਸਨ ਦੀ ਪ੍ਰਸੰਸਾ ਕੀਤੀ ਸੀ। ਟਰੰਪ ਨੇ ਕਿਹਾ ਸੀ, ‘ਉਹ ਇਕ ਕਾਰੋਬਾਰੀ ਨਾਲੋਂ ਕਿਤੇ ਜ਼ਿਆਦਾ ਵਧ ਕੇ ਹੈ। ਉਹ ਇਕ ਭਰੋਸੇਯੋਗ ਹਸਤੀ ਹੈ। ਉਹ ਮੇਰੇ ਹਿਸਾਬ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਦੇ ਇੰਚਾਰਜ ਹਨ।’ ਟਰੰਪ ਨੇ ਕਿਹਾ, ‘ਮੇਰੇ ਲਈ ਇਕ ਵੱਡਾ ਲਾਭ ਇਹ ਹੈ ਕਿ ਉਹ ਕਈ ਮਾਹਰਾਂ ਨੂੰ ਜਾਣਦੇ ਹਨ ਤੇ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਰੂਸ ਵਿਚ ਵੱਡੇ ਸੌਦੇ ਕਰਦੇ ਹਨ। ਉਹ ਇਹ ਵੱਡੇ ਸੌਦੇ ਕੰਪਨੀ ਲਈ ਕਰਦੇ ਹਨ, ਆਪਣੇ ਲਈ ਨਹੀਂ।’ ਡੈਮੋਕਰੈਟਿਕ ਸੈਨੇਟਰਾਂ ਨੇ ਹੁਣ ਤਕ ਟਿਲਰਸਨ ਨੂੰ ਵਿਦੇਸ਼ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ ਹੈ, ਜਿਸ ਦੇ ਮੱਦੇਨਜ਼ਰ ਟਿਲਰਸਨ ਨੂੰ ਲੈ ਕੇ ਸੈਨੇਟ ਦੀ ਪੁਸ਼ਟੀ ਆਸਾਨ ਨਹੀਂ ਹੋਵੇਗੀ।
ਸੈਨੇਟ ਵਿਚ ਕੁਝ ਰਿਪਬਲਿਕਨ ਆਗੂਆਂ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਚਿੰਤਤ ਹਨ। ਰੋਮਨੀ ਤੋਂ ਇਲਾਵਾ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੁਖੀ ਬਾੱਬ ਕੋਰਕਰ ਅਤੇ ਸਾਬਕਾ ਸੀ.ਆਈ.ਏ. ਡਾਇਰੈਕਟਰ (ਸੇਵਾਮੁਕਤ) ਡੈਵਿਡ ਪੈਟਰਾਇਸ ਵੀ ਇਸ ਅਹੁਦੇ ਦੇ ਦਾਅਵੇਦਾਰ ਦੱਸੇ ਜਾ ਰਹੇ ਹਨ। ਟਰੰਪ ਦੇ ਨੇੜਲੇ ਮਿੱਤਰਾਂ ਵਿਚ ਸ਼ਾਮਲ ਅਤੇ ਨਿਊ ਯਾਰਕ ਦੇ ਸਾਬਕਾ ਮੇਅਰ ਰਡੀ ਜੁਲਿਆਨੀ ਨੇ ਟਰੰਪ ਪ੍ਰਸ਼ਾਸਨ ਵਿਚ ਕਿਸੇ ਵੀ ਅਹੁਦੇ ‘ਤੇ ਵਿਚਾਰ ਕਰਨ ਲਈ ਆਪਣਾ ਨਾਂ ਵਾਪਸ ਲੈ ਲਿਆ ਸੀ। ਉਨ੍ਹਾਂ ਦੇ ਵੀ ਵਿਦੇਸ਼ ਮੰਤਰੀ ਦੀ ਦੌੜ ਵਿਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ। ਟਿਲਰਸਨ ਨੂੰ ਨਾਮਜ਼ਦ ਕੀਤੇ ਜਾਣ ਦਾ ਪਹਿਲਾਂ ਹੀ ਕਈ ਸੈਨੇਟਰ ਖੁੱਲ੍ਹ ਕੇ ਵਿਰੋਧ ਕਰ ਚੁੱਕੇ ਹਨ।