ਭਾਰਤੀ ਆਈ.ਟੀ. ਕੰਪਨੀਆਂ ਟੀਸੀਐਸ ਤੇ ਇੰਫੋਸਿਸ ‘ਤੇ ਐਚ-1ਬੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਦੇ ਦੋਸ਼

ਭਾਰਤੀ ਆਈ.ਟੀ. ਕੰਪਨੀਆਂ ਟੀਸੀਐਸ ਤੇ ਇੰਫੋਸਿਸ ‘ਤੇ ਐਚ-1ਬੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਦੇ ਦੋਸ਼

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਨੇ ਭਾਰਤ ਦੀਆਂ ਮੋਹਰਲੀਆਂ ਆਈਟੀ ਕੰਪਨੀਆਂ ਟੀਸੀਐਸ ਅਤੇ ਇੰਫੋਸਿਸ ‘ਤੇ ਦੋਸ਼ ਲਾਏ ਹਨ ਕਿ ਇਨ੍ਹਾਂ ਕੰਪਨੀਆਂ ਨੇ ਲਾਟਰੀ ਸਿਸਟਮ ਵਿਚ ਵਾਧੂ ਅਰਜ਼ੀਆਂ ਮੁਹੱਈਆ ਕਰਵਾ ਕੇ ਐਚ-1ਬੀ ਵੀਜ਼ਿਆਂ ਦੇ ਵੱਡੇ ਹਿੱਸੇ ਵਿਚ ਗ਼ਲਤ ਤਰੀਕੇ ਵਰਤੇ ਜਦਕਿ ਟਰੰਪ ਪ੍ਰਸ਼ਾਸਨ ਮੈਰਿਟ ਆਧਾਰਤ ਇਮੀਗਰੇਸ਼ਨ ਨੀਤੀ ਅਪਣਾਉਣਾ ਚਾਹੁੰਦਾ ਹੈ। ਵ੍ਹਾਈਟ ਹਾਊਸ ਵਿਚ ਪਿਛਲੇ ਹਫ਼ਤੇ ਇਕ ਅਧਿਕਾਰੀ ਨੇ ਪ੍ਰੈੱਸ ਬਿਆਨ ਦੌਰਾਨ ਕਿਹਾ ਕਿ ਵੱਡੀਆਂ ਆਊਟਸੋਰਸਿੰਗ ਕੰਪਨੀਆਂ ਨੇ ਅਰਜ਼ੀਆਂ ਦਾ ਢੇਰ ਲਾ ਦਿੱਤਾ ਜਿਸ ਨਾਲ ਲਾਟਰੀ ਡਰਾਅ ਵਿਚ ਉਨ੍ਹਾਂ ਦੇ ਸਫ਼ਲ ਹੋਣ ਦੇ ਮੌਕੇ ਵੱਧ ਗਏ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟਾਟਾ, ਇੰਫੋਸਿਸ ਅਤੇ ਕਗਨੀਜ਼ੈਂਟ ਨੇ ਵੱਡੇ ਪੱਧਰ ‘ਤੇ ਵੀਜ਼ਿਆਂ ਲਈ ਅਰਜ਼ੀਆਂ ਦਿੱਤੀਆਂ ਜਿਸ ਨਾਲ ਇਨ੍ਹਾਂ ਕੰਪਨੀਆਂ ਨੂੰ ਹੀ ਵੱਧ ਵੀਜ਼ੇ ਮਿਲਣ ਦਾ ਲਾਭ ਮਿਲਿਆ। ਭਾਰਤੀ ਕੰਪਨੀਆਂ ਦਾ ਜ਼ਿਕਰ ਕਰਨ ਬਾਰੇ ਵ੍ਹਾਈਟ ਹਾਊਸ ਨੇ ਕਿਹਾ ਕਿ ਟੀਸੀਐਸ, ਇੰਫੋਸਿਸ ਅਤੇ ਕਗਨੀਜ਼ੈਂਟ ਹੀ ਤਿੰਨੋਂ ਕੰਪਨੀਆਂ ਸਨ ਜਿਨ੍ਹਾਂ ਨੂੰ ਸਭ ਤੋਂ ਵੱਧ ਐਚ-1ਬੀ ਵੀਜ਼ੇ ਮਿਲੇ। ਅਧਿਕਾਰੀ ਨੇ ਕਿਹਾ ਕਿ ਇਹ ਤਿੰਨ ਕੰਪਨੀਆਂ ਐਚ-1ਬੀ ਵੀਜ਼ਿਆਂ ਲਈ ਔਸਤਨ ਮਿਹਨਤਾਨਾ 60 ਹਜ਼ਾਰ ਤੋਂ 65 ਹਜ਼ਾਰ ਡਾਲਰ ਸਾਲਾਨਾ ਦਿੰਦੀਆਂ ਹਨ ਜਦਕਿ ਸਿਲੀਕਾਨ ਵੈਲੀ ਦੇ ਸਾਫਟਵੇਅਰ ਇੰਜਨੀਅਰ ਦੀ ਉਜਰਤ ਕਰੀਬ ਡੇਢ ਲੱਖ ਡਾਲਰ ਹੁੰਦੀ ਹੈ। ਤਿੰਨੋਂ ਭਾਰਤੀ ਕੰਪਨੀਆਂ ਨੇ ਅਮਰੀਕੀ ਪ੍ਰਸ਼ਾਸਨ ਦੀ ਟਿੱਪਣੀ ‘ਤੇ ਕੋਈ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ।