ਪਰਗਟ ਤੇ ਡਾ. ਸਿੱਧੂ ਫੜਨਗੇ ਕਾਂਗਰਸ ਦਾ ਹੱਥ, 28 ਨਵੰਬਰ ਨੂੰ ਕਰਨਗੇ ਰਸਮੀ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ :
ਕਈ ਦਿਨਾਂ ਦੀ ਜਕੋਤਕੀ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਵਿਧਾਇਕ ਪਰਗਟ ਸਿੰਘ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ 28 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਕੁਝ ਦਿਨ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸ੍ਰੀ ਸਿੱਧੂ ਵੱਲੋਂ ਬਣਾਏ ਆਵਾਜ਼-ਏ-ਪੰਜਾਬ ਫਰੰਟ ਦਾ ਵੀ ਭੋਗ ਪੈ ਗਿਆ। ਨਵੀਂ ਦਿੱਲੀ ਵਿੱਚ ਪਰਗਟ ਸਿੰਘ ਤੇ ਡਾ. ਨਵਜੋਤ ਕੌਰ ਸਿੱਧੂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ, ਜਿਸ ਵਿੱਚ ਦੋਵਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦੇ ਦਿੱਤੀ। ਡਾ. ਸਿੱਧੂ ਦੇ ਪਤੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ। ਕੈਪਟਨ ਨੇ ਦੱਸਿਆ ਕਿ ਦੋਵੇਂ ਆਗੂ ਪਰਸੋਂ ਕਾਂਗਰਸ ਵਿੱਚ ਸ਼ਾਮਲ ਹੋਣਗੇ। ਸੂਤਰਾਂ ਅਨੁਸਾਰ ਦੋਵਾਂ ਆਗੂਆਂ ਦੀ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਹੋਈ ਸੀ। ਇਨ੍ਹਾਂ ਦੋਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਲਈ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਨ੍ਹਾਂ ਆਗੂਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ। ਬੈਂਸ ਭਰਾਵਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਪਿੱਛੋਂ ਇਨ੍ਹਾਂ ਆਗੂਆਂ ਨੂੰ ਆਪਣੀਆਂ ਸ਼ਰਤਾਂ ਤੋਂ ਪਿੱਛੇ ਹਟਣਾ ਪਿਆ। ਪਤਾ ਲੱਗਿਆ ਹੈ ਕਿ ਦੋਵੇਂ ਆਗੂ ਬਿਨਾਂ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਦੋਵੇਂ ਵਿਧਾਨ ਸਭਾ ਦੀ ਚੋਣ ਲੜਨਗੇ ਪਰ ਅਜੇ ਤਕ ਸੀਟਾਂ ਦਾ ਫੈਸਲਾ ਨਹੀਂ ਹੋ ਸਕਿਆ। ਪਰਗਟ ਸਿੰਘ ਜਲੰਧਰ ਕੈਂਟ ਤੋਂ ਚੋਣ ਲੜਨਾ ਚਾਹੁੰਦੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਸ਼ਾਹਕੋਟ ਜਾਂ ਨਵਾਂ ਸ਼ਹਿਰ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਪਤਾ ਲੱਗਿਆ ਹੈ ਕਿ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਕੁਝ ਦਿਨਾਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਵਜੋਤ ਸਿੱਧੂ ਸ਼ੂਟਿੰਗ ਦੇ ਰੁਝੇਵਿਆਂ ਕਾਰਨ ਦਿੱਲੀ ਨਹੀਂ ਆ ਸਕੇ। ਇਸ ਲਈ ਉਹ ਬਾਅਦ ਵਿੱਚ ਸ਼ਾਮਲ ਹੋਣਗੇ। ਕਾਂਗਰਸ ਦੇ ਰਣਨੀਤੀਕਾਰ ਕਿਸ਼ੋਰ ਨੇ ਉਸੇ ਦਿਨ ਤੋਂ ਸਾਬਕਾ ਕ੍ਰਿਕਟਰ ਸਿੱਧੂ ਨਾਲ ਸੰਪਰਕ ਕਰ ਲਿਆ ਸੀ, ਜਦੋਂ ਉਨ੍ਹਾਂ ਭਾਜਪਾ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਦੋ ਦਿਨ ਪਹਿਲਾਂ ਬੈਂਸ ਭਰਾਵਾਂ ਨੇ ਇਨ੍ਹਾਂ ਨੂੰ ਆਪ ਵਿੱਚ ਸ਼ਾਮਲ ਕਰਵਾਉਣ ਲਈ ਕਾਫ਼ੀ ਯਤਨ ਕੀਤੇ ਤੇ ਸਿਮਰਜੀਤ ਬੈਂਸ ਨੇ ਕਿਹਾ ਸੀ ਕਿ ਪਰਗਟ ਸਿੰਘ ਤੇ ਨਵਜੋਤ ਸਿੱਧੂ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਜਿਸ ਤਰੀਕੇ ਨਾਲ ਬੈਂਸ ਭਰਾ ਇਨ੍ਹਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਪ ਵਿੱਚ ਸ਼ਾਮਲ ਹੋ ਗਏ ਸਨ, ਉਸ ਤੋਂ ਪਰਗਟ ਸਿੰਘ ਕਾਫ਼ੀ ਨਾਖ਼ੁਸ਼ ਸਨ।
Comments (0)