ਨਸਲਕੁਸ਼ੀ ਦੀਆਂ ਵਧਦੀਆਂ ਘਟਨਾਵਾਂ ‘ਤੇ ਯੂ. ਐੱਨ. ਨੇ ਪ੍ਰਗਟਾਈ ਚਿੰਤਾ

ਨਸਲਕੁਸ਼ੀ ਦੀਆਂ ਵਧਦੀਆਂ ਘਟਨਾਵਾਂ ‘ਤੇ ਯੂ. ਐੱਨ. ਨੇ ਪ੍ਰਗਟਾਈ ਚਿੰਤਾ

ਸਿੱਖਾਂ ਨੂੰ ਇੰਨਾ ਲੰਮਾ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲ ਰਿਹਾ-ਜਿਮ ਕੋਸਟਾ
ਵਾਸ਼ਿੰਗਟਨ ਡੀ. ਸੀ./ਬਿਊਰੋ ਨਿਊਜ਼:
ਯੂ. ਐੱਨ. ਦੇ ਅੰਡਰ ਸੈਕਟਰੀ ਜਨਰਲ ਅਡਾਮ ਡੀਐਂਗ, ਜੋ ਕਿ ਯੂ ਐਨ ਦੇ, ਨਸਲਕੁਸ਼ੀ ਰੋਕਣ ਪ੍ਰੋਗਰਾਮ ਦੇ ਖਾਸ ਸਲਾਹਕਾਰ ਹਨ, ਨੇ ਬੁੱਧਵਾਰ ਨੂੰ ਕੀਤੀ ਗਈ ਅਮਰੀਕੀ ਕਾਂਗਰੇਸ਼ਨਲ ਬਰੀਫਿੰਗ ਦੌਰਾਨ ਪੂਰੀ  ਦੁਨੀਆ ‘ਚ ਹੋਈਆਂ ਨਸਲਕੁਸ਼ੀਆਂ ‘ਤੇ ਗਹਿਰੀ ਚਿੰਤਾ ਦਾ ਇਜ਼ਹਾਰ ਕੀਤਾ। ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਦੇ ਕੋ ਚੇਅਰਮੈਨ ਕਾਂਗਰਸਮੈਨ ਜਾਹਨ ਗਾਰਮੈਂਡੀ, ਪੈਟਰਿਕ ਮੀਹਾਨ ਅਤੇ ਜਿਮ ਕੋਸਟਾ ਦੁਆਰਾ ਸੱਦੀ ਗਈ ਇਸ ਬਰੀਫਿੰਗ ਦੌਰਾਨ ਉਨ੍ਹਾਂ ਆਪਣੇ ਭਾਸ਼ਣ ‘ਚ ਈਰਾਕ, ਸੀਰੀਆ ਅਤੇ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਤੋਂ ਇਲਾਵਾ ਭਾਰਤ ‘ਚ ਵੀ ਵੱਧ ਰਹੀਆਂ ਹਿੰਸਕ ਘਟਨਾਵਾਂ ‘ਤੇ ਦੁੱਖ ਜਾਹਿਰ ਕਰਦਿਆਂ ਅਲੱਗ-ਅਲੱਗ ਦੇਸ਼ਾਂ ਦੇ ਆਗੂਆਂ ਨੂੰ ਇਕਜੁਟ ਹੋ ਕੇ ਇਸ ਖਿਲਾਫ਼ ਅਵਾਜ਼ ਉਠਾਉਣ ਅਤੇ ਠੋਸ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਵਿਚਾਰ ਸਾਂਝੇ ਕਰਦਿਆਂ ਡੀਐਂਗ ਨੇ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਇਕੱਠੇ ਹੋ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਤਾਕਤਾਂ ਨੂੰ ਆੜੇ ਹੱਥੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਲੋਕ ਮਨੁੱਖਤਾ ਦੇ ਦੁਸ਼ਮਣ ਹਨ।
ਇਸੇ ਮੌਕੇ ਡਾ. ਇਕਤਿਦਾਰ ਕਰਾਮਤ ਚੀਮਾ, ਜੋ ਕਿ ਇੰਗਲੈਂਡ ਦੀ ਇੰਸਟੀਚਿਊਟ ਆਫ਼ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈੱਲਪਮੈਂਟ ਦੇ ਡਾਇਰੈਕਟਰ ਹਨ, ਨੇ ਜੀਨੋਸਾਈਡ (ਇਕ ਤਰਫ਼ਾ ਅੰਨ੍ਹੇਵਾਹ ਕਤਲੇਆਮ) ਦੀ ਪਰਿਭਾਸ਼ਾ ਨੂੰ ਬਦਲਣ ‘ਤੇ ਬੱਲ ਦਿੱਤਾ। ਉਨ੍ਹਾਂ ਨੇ 1984 ‘ਚ ਹੋਏ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆ ਕਿਹਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨੂੰ ਕਤਲੇਆਮ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ‘ਚ ਹਜ਼ਾਰਾ ਬੇਗੁਨਾਹ ਸਿੱਖਾਂ ਨੇ ਆਪਣੀ ਜਾਨ ਗਵਾਈ। ਡਾਕਟਰ ਚੀਮਾ ਨੇ ਕੁਝ ਤਜਵੀਜ਼ਾਂ ਦਿੱਤੀਆਂ ਜਿਸ ਦੀ ਵਰਤੋਂ ਨਾਲ ਆਉਣ ਵਾਲੀ ਸਦੀ ‘ਚ ਨਕਸਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ।
ਅਡਾਮਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੀ ਅਫ਼ਰੀਕਾ ਫੇਰੀ ਦੌਰਾਨ ਮਹਿਸੂਸ ਕੀਤਾ ਕਿ ਕੁਝ ਲੀਡਰਾਂ ਵੱਲੋਂ ਭੜਕਾਊ ਬਿਆਨਬਾਜ਼ੀ ਕਰਕੇ ਦੰਗੇ ਭੜਕਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀ ਇਕ ਅਜਿਹੀ ਪਾਲਿਸੀ ‘ਤੇ ਕੰਮ ਕਰ ਰਹੇ ਹਨ, ਜਿਸ ਦਾ ਮਕਸਦ  ਸਿਆਸੀ ਨੇਤਾਵਾਂ, ਸਿਵਲ ਸੋਸਾਇਟੀਆਂ ਅਤੇ ਹੋਰ ਮੈਂਬਰਾਂ ਨੂੰ ਅਪੀਲ ਕਰਨਾ ਹੈ ਕਿ ਉਹ ਭੜਕਾਊ ਬਿਆਨਬਾਜ਼ੀ ਅਤੇ ਅਜਿਹੇ ਕੋਈ ਵੀ ਕੰਮ ਨਾ ਕਰਨ ਜਿਸ ਨਾਲ ਨਕਸਲਕੁਸੀ ਹੋਵੇ।
ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਦੇ ਜਿਮ ਕੋਸਟਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਵੀ ਬੇਖੌਫ਼ ਸ਼ਰੇਆਮ ਘੁੰਮ ਰਹੇ ਹਨ ਅਤੇ ਸਿੱਖਾਂ ਨੂੰ ਇੰਨਾ ਲੰਮਾ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਮਨੁਖਤਾ ਦੇ ਖਿਲਾਫ਼ ਇੰਨੇ ਵੱਡੇ ਪੱਧਰ ‘ਤੇ ਹਿੰਸਾ ਕਰਕੇ ਵੀ ਦੋਸ਼ੀ ਅਕਸਰ ਕਾਨੂੰਨਾਂ ਤੋਂ ਬਚ ਜਾਂਦੇ ਹਨ, ਜੋ ਕਿ 21ਵੀਂ ਸਦੀ ਦੀ ਬਹੁਤ ਵੱਡੀ ਤਰਾਸਦੀ ਹੈ।
ਬੁਲਾਰਿਆਂ ਨੇ  ਬਰਮਾ ‘ਚ ਰੋਹੀਗੀਆ ਅਤੇ ਇਸਲਾਮਕ ਸਟੇਟ ਵੱਲੋਂ ਜਜੀਦੀ, ਉਪਰ ਢਾਹੇ ਗਏ ਜੁਲਮਾਂ ਦਾ ਵੀ ਖਾਸ ਤੌਰ ‘ਤੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਕਤਲੇਆਮ ਦਾ ਨਿਸ਼ਾਨਾ ਬਣਾਇਆ।
ਇਹ ਮੌਕੇ ਤੇ ਡਾਕਟਰ ਚੀਮਾ ਨੇ ਸੰਨ 1948 ‘ਚ ਯੂ. ਐੱਨ.  ਦੁਆਰਾ ਮਨੁੱਖੀ ਅਧਿਕਾਰਾਂ ਦੀ ਯੂਨੀਵਰਸਲ ਡੈਕਲੇਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਨੇ ਸਮੇਂ ਦੇ ਬਾਅਦ ਵੀ ਪੂਰੀ ਦੁਨੀਆ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਅਜੇ ਵੀ ਜਾਰੀ ਹੈ। ਆਏ ਹੋਏ ਬੁਲਾਰਿਆਂ ਨੇ ਇਸ ਗੱਲ ‘ਤੇ ਸਹਿਮਤੀ ਜਾਹਿਰ ਕੀਤੀ ਕਿ ਜੇਕਰ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਸਮੇਂ ਸਿਰ ਕਾਬੂ ਕਰਕੇ ਸਜ਼ਾਵਾਂ ਦਿੱਤੀਆਂ ਜਾਣ ਤਾਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ‘ਤੇ ਠੱਲ੍ਹ ਪਾਈ ਜਾ ਸਕਦੀ ਹੈ।