ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ-ਰਾਜਾ ਵੜਿੰਗ ਦੇ ਪੀ.ਏ ਤੇ ਯੂਨੀਅਨ ਪ੍ਰਧਾਨ ਖ਼ਿਲਾਫ਼ ਕੇਸ ਦਰਜ

ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ-ਰਾਜਾ ਵੜਿੰਗ ਦੇ ਪੀ.ਏ ਤੇ ਯੂਨੀਅਨ ਪ੍ਰਧਾਨ ਖ਼ਿਲਾਫ਼ ਕੇਸ ਦਰਜ

ਕੈਪਸ਼ਨ-ਟਰੱਕ ਯੂਨੀਅਨ ਗਿੱਦੜਬਹਾ ਦੀ ਪ੍ਰਧਾਨਗੀ ਮੌਕੇ ਵਿਧਾਇਕ ਰਾਜਾ ਵੜਿੰਗ ਯੂਨੀਅਨ ਦੇ ਨਵੇਂ ਕਾਂਗਰਸੀ ਪ੍ਰਧਾਨ ਚਰਨਜੀਤ ਢਿਲੋਂ (ਹਮਲਾਵਰ) ਨਾਲ।
ਬਠਿੰਡਾ/ਬਿਊਰੋ ਨਿਊਜ਼ :
ਇਕ ਪੰਜਾਬੀ ਅਖ਼ਬਾਰ ਦੇ ਗਿੱਦੜਬਾਹਾ ਤੋਂ ਪੱਤਰਕਾਰ ਸ਼ਿਵਰਾਜ ਰਾਜੂ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਕਟਹਿਰੇ ਵਿੱਚ ਹੈ। ਗਿੱਦੜਬਾਹਾ ਪੁਲੀਸ ਨੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਕੱਤਰ ਵਜੋਂ ਵਿਚਰਦੇ ਜਸਪ੍ਰੀਤ ਭਲਾਈਆਣਾ ਖ਼ਿਲਾਫ਼ ਪੁਲੀਸ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਟਰੱਕ ਯੂਨੀਅਨ ਗਿੱਦੜਬਾਹਾ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਅਤੇ 15 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਸੀ। ਹਮਲਾਵਰ ਚਰਨਜੀਤ ਸਿੰਘ ਫਰਾਰ ਹੈ।
ਪੀੜਤ ਪੱਤਰਕਾਰ ਸ਼ਿਵਰਾਜ ਰਾਜੂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਿਸ ਨੇ ਮੁੱਖ ਮੰਤਰੀ ਵੱਲੋਂ ਕੀਤੀ ਸੁਰੱਖਿਆ ਦੀ ਪੇਸ਼ਕਸ਼ ਠੁਕਰਾ ਦਿੱਤੀ। ਉਸ ਨੇ ਉਦੋਂ ਤੱਕ ਹਸਪਤਾਲ ਵਿੱਚੋਂ ਨਾ ਜਾਣ ਦਾ ਫੈਸਲਾ ਕੀਤਾ ਹੈ, ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ। ਪੀੜਤ ਨੇ ਇਸ ਹਮਲੇ ਪਿੱਛੇ ਜਸਪ੍ਰੀਤ ਭਲਾਈਆਣਾ ਦਾ ਪੂਰਾ ਹੱਥ ਦੱਸਿਆ। ਬਠਿੰਡਾ ਪ੍ਰੈੱਸ ਕਲੱਬ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰੇ ਨੇ ਬਠਿੰਡਾ ਜ਼ੋਨ ਦੇ ਆਈਜੀ ਕੋਲ ਮਾਮਲਾ ਉਠਾਇਆ ਸੀ। ਦੱਸਣਯੋਗ ਹੈ ਕਿ ਪੱਤਰਕਾਰ ਰਾਜੂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਢਿੱਲੋਂ ਬਾਰੇ ਖ਼ਬਰ ਪ੍ਰਕਾਸ਼ਤ ਕੀਤੀ ਸੀ, ਜਿਸ ਤੋਂ ਪ੍ਰਧਾਨ ਭੜਕ ਉੱਠਿਆ ਅਤੇ ਉਸ ਨੇ ਸਾਥੀਆਂ ਨਾਲ ‘ਰਾਜੂ ਸਟੂਡੀਓ’ ਉਤੇ ਜਾ ਕੇ ਪੱਤਰਕਾਰ ਰਾਜੂ ਦੀ ਕੁੱਟਮਾਰ ਕੀਤੀ। ਰਾਜੂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਸ਼ਰਾਬ ਵਿੱਚ ਪਿਸ਼ਾਬ ਮਿਲਾ ਕੇ ਉਸ ਨੂੰ ਜਬਰੀ ਪਿਲਾਇਆ ਅਤੇ ਨੱਕ ਨਾਲ ਲਕੀਰਾਂ ਕਢਵਾਈਆਂ। ਚੰਡੀਗੜ੍ਹ ਅਤੇ ਜਲੰਧਰ ਦੇ ਪ੍ਰੈੱਸ ਕਲੱਬਾਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਇੱਕਜੁੱਟ ਹੋ ਕੇ ਲੜਾਈ ਵਿੱਚ ਕੁੱਦ ਪਿਆ ਹੈ। ਜਦੋਂ ਚਰਨਜੀਤ ਢਿੱਲੋਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਟਰੱਕ ਯੂਨੀਅਨ ਗਿੱਦੜਬਾਹਾ ਦੀ ਪ੍ਰਧਾਨਗੀ ਸੰਭਾਲੀ ਸੀ ਤਾਂ ਉਦੋਂ ਹਲਕਾ ਵਿਧਾਇਕ ਰਾਜਾ ਵੜਿੰਗ ਪ੍ਰਧਾਨਗੀ ਸਮਾਗਮ ਵਿੱਚ ਪੁੱਜੇ ਸਨ। ਵਿਧਾਇਕ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੇ ਪੁਲੀਸ ਪੜਤਾਲ ਵਿੱਚ ਉਨ੍ਹਾਂ ਨਾਲ ਜੁੜਿਆ ਕੋਈ ਵੀ ਵਿਅਕਤੀ ਕਸੂਰਵਾਰ ਪਾਇਆ ਗਿਆ ਤਾਂ ਉਹ ਫੌਰੀ ਅਹੁਦਿਆਂ ਤੋਂ ਲਾਂਭੇ ਕਰ ਦੇਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਗਿੱਦੜਬਾਹਾ ਕਾਂਡ ਦੀ ਨਿਖੇਧੀ ਕੀਤੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਮੀਡੀਆ ਨੂੰ ਵੀ ਬਦਲਾਖੋਰੀ ਦੀ ਸਿਆਸਤ ਦੇ ਘੇਰੇ ਵਿੱਚ ਲੈ ਲਿਆ ਗਿਆ ਹੈ। ਸ੍ਰੀ ਘੁੱਗੀ ਨੇ ਕਿਹਾ ਕਿ ਇਹ ਪ੍ਰੈੱਸ ਦੀ ਆਜ਼ਾਦੀ ਉਤੇ ਹਮਲਾ ਹੈ।
ਇਸ ਬਾਰੇ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਪੁਲੀਸ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਭੇਜ ਦਿੱਤੀਆਂ ਹਨ ਅਤੇ ਜਲਦੀ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪੀੜਤ ਪੱਤਰਕਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ ਹੈ।
ਕੈਪਟਨ ਬੋਲੇ- ਸਰਕਾਰੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਅਸਹਿਣਯੋਗ: ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਸਾਥੀਆਂ ਨੂੰ ਪ੍ਰਸ਼ਾਸਨਿਕ ਤੇ ਪੁਲੀਸ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਨਾ ਕਰਨ ਦੀ ਤਾੜਨਾ ਕਰਦਿਆਂ ਆਖਿਆ ਕਿ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਗਿੱਦੜਬਾਹਾ ਦੇ ਪੱਤਰਕਾਰ ‘ਤੇ ਹਮਲੇ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਇਹ ਮਾਮਲਾ ਮੈਰਿਟ ਦੇ ਆਧਾਰ ਉਤੇ ਨਿਬੇੜਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਪੱਤਰਕਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਅਤੇ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਇਲਾਜ ਵੀ ਕਰਵਾਇਆ ਜਾ ਰਿਹਾ ਹੈ।