‘ਵਰਤਮਾਨ ਦੇ ਆਰ-ਪਾਰ: ਕਾਵਿ-ਸੰਗ੍ਰਹਿ’ ਸਮਕਾਲੀ ਪਰਵਾਸੀ ਕਵਿਤਾ ਦਾ ਮੁੱਲਵਾਨ ਤੇ ਪ੍ਰਤੀਨਿੱਧ ਦਸਤਾਵੇਜ਼ : ਡਾ. ਜਸਵਿੰਦਰ ਸਿੰਘ

‘ਵਰਤਮਾਨ ਦੇ ਆਰ-ਪਾਰ: ਕਾਵਿ-ਸੰਗ੍ਰਹਿ’ ਸਮਕਾਲੀ ਪਰਵਾਸੀ ਕਵਿਤਾ ਦਾ ਮੁੱਲਵਾਨ ਤੇ ਪ੍ਰਤੀਨਿੱਧ ਦਸਤਾਵੇਜ਼ : ਡਾ. ਜਸਵਿੰਦਰ ਸਿੰਘ

ਸਟਾਕਟਨ/ਬਿਊਰੋ ਨਿਊਜ਼:
ਉੱਘੇ ਆਲੋਚਕ ਅਤੇ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ‘ਪਰਵਾਸੀ ਪੰਜਾਬੀ ਕਾਵਿ-ਸੰਗ੍ਰਹਿ: ਵਰਤਮਾਨ ਦੇ ਆਰ-ਪਾਰ’ ਨੂੰ ਸਮਕਾਲੀ ਪਰਵਾਸੀ ਕਵਿਤਾ ਦਾ ਮੁੱਲਵਾਨ ਅਤੇ ਪ੍ਰਤੀਨਿੱਧ ਦਸਤਾਵੇਜ਼ ਦਸਦਿਆਂ ਇਸ ਪੁਸਤਕ ਵਿਚ ਸ਼ਾਮਲ ਸ਼ਾਇਰਾਂ ਦੀਆਂ ਰਚਨਾਵਾਂ ਵਿਚੋਂ ਮਨ ਟੁੰਬਵੀਆਂ ਮਿਸਾਲਾਂ ਦੇ ਕੇ ਇਸ ਨੂੰ ਨਵੀਂ ਪੰਜਾਬੀ ਬਹੁਪਰਤੀ ਸ਼ਨਾਖਤਾਂ ਦੀ ਸ਼ਾਇਰੀ ਆਖਿਆ। ਉਨ੍ਹਾਂ ਇਹ ਵਿਚਾਰ ਪੰਜਾਬੀ ਸਾਹਿਤ ਸਭਾ ਸਟਾਕਟਨ ਵੱਲੋਂ ‘ਵਿਸ਼ਵ ਪੰਜਾਬੀ ਸਾਹਿਤ ਅਕੈਡਮੀ – ਬੇ-ਏਰੀਆ’ ਅਤੇ ‘ਪੰਜਾਬੀ ਗੀਤਕਾਰੀ ਮੰਚ ਕੈਲੀਫੋਰਨੀਆ’ ਦੇ ਸਹਿਯੋਗ ਨਾਲ ਬੀਤੇ ਐਤਵਾਰ ਸਟਾਕਟਨ ਵਿਖੇ ਕਰਵਾਏ ਗਏ ਪਰਵਾਸੀ ਪੰਜਾਬੀ ਸਾਹਿਤਕ ਸੰਮੇਲਨ ਮੌਕੇ ਇਸ ਪੁਸਤਕ ਨੂੰ ਲੋਕ ਅਰਪਣ ਕਰਨ ਮੌਕੇ ਪ੍ਰਗਟਾਏ।

ਦਰਸ਼ਨ ਬੁਲੰਦਵੀ, ਕੁਲਵੰਤ ਕੌਰ ਢਿੱਲੋਂ ਅਤੇ ਅਜ਼ੀਮ ਸ਼ੇਖਰ ਦੁਆਰਾ ਸੰਪਾਦਤ ਕਾਵਿ ਸੰਗ੍ਰਹਿ ਬਾਰੇ ਅਪਣਾ ਖੋਜ ਪੱਤਰ ‘ਪਰਵਾਸੀ ਪੰਜਾਬੀ ਕਾਵਿ ਦੇ ਉਭਰਦੇ ਸੁਰ’ ਪੜ੍ਹਦਿਆਂ ਡਾ. ਜਸਵਿੰਦਰ ਸਿੰਘ, ਜੋ ਖੁਦ ਵੀ ਸ਼ਾਇਰ ਅਤੇ ਨਾਵਲਕਾਰ ਹਨ, ਨੇ ਇਹ ਵੀ ਕਿਹਾ ਕਿ ਇਹ ਸ਼ਾਇਰੀ ਪੰਜਾਬ ਅਤੇ ਪੰਜਾਬੀ ਪ੍ਰਤੀ ਫਿਕਰਮੰਦੀ ਰੱਖਦੀ ਹੋਈ ਵਿਸ਼ਵਆਰਥੀ ਪ੍ਰਸੰਗਾਂ ਨੂੰ ਮੁਖਾਤਬ ਹੋ ਕੇ ਪੰਜਾਬੀਅਤ ਦੇ ਨਵੇਂ ਸਰੋਕਾਰਾਂ, ਸ਼ਨਾਖਤਾਂ ਅਤੇ ਚਾਹਤਾਂ ਨੂੰ ਜੁਦਿੰਦੀ ਹੈ।
ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਬੁਲੰਦਵੀ ਨੇ ਇਸ ਪੁਸਤਕ ਦੇ ਸੰਪਾਦਨ ਦੀ ਵਿਉਂਤ ਅਤੇ ਉਦੇਸ਼ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਪਰਵਾਸੀ ਪੰਜਾਬੀ ਸ਼ਾਇਰੀ ਦਾ ਮੁਹਾਂਦਰਾ ਕਿਵੇਂ ਬਦਲ ਰਿਹਾ ਹੈ। ਉਸਨੇ ਪੰਜਾਬੀ ਸ਼ਾਇਰੀ ਦੇ ਮਾਣਮੱਤੇ ਸਮਕਾਲੀ ਸਫਰ ਨੂੰ ਤਰਕਪੂਰਣ ਢੰਗ ਨਾਲ ਉਜਾਗਰ ਕੀਤਾ।
ਪਿਛਲੇ ਐਤਵਾਰ ਨੂੰ ਸਟਾਕਟਨ ਵਿਖੇ ਕਰਵਾਏ ਇੱਕ ਰੋਜ਼ਾ ਪਰਵਾਸੀ ਪੰਜਾਬੀ ਸਾਹਿਤਕ ਸੰਮੇਲਨ ਵਿਚ ਅਮਰੀਕਾ ਤੋਂ ਇਲਾਵਾ ਕੈਨੇਡਾ, ਇੰਗਲੈਂਡ ਅਤੇ ਭਾਰਤ ਤੋਂ ਪਹੁੰਚੇ ਪ੍ਰਸਿੱਧ ਲੇਖਕਾਂ ਨੇ ਸ਼ਮੂਲੀਅਤ ਕੀਤੀ। ਇਹ ਸੰਮੇਲਨ ਪੰਜਾਬੀ ਦੇ ਪ੍ਰਸਿੱਧ ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਕਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦਾ ਆਗਾਜ਼ ‘ਪੰਜਾਬੀ ਸਾਹਿਤ ਸਭਾ ਸਟਾਕਟਨ’ ਦੇ ਪ੍ਰਧਾਨ ਹਰਜਿੰਦਰ ਪੰਧੇਰ ਨੇ ਸਭ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਨਿੱਘੀ ‘ਜੀ ਆਇਆਂ’ ਆਖਦਿਆਂ ਕੀਤਾ। ਇਸ ਉਪਰੰਤ ਸੁਖਵਿੰਦਰ ਕੰਬੋਜ਼ ਨੇ ਲਾਲ ਸਿੰਘ ਦਿਲ ਦੇ ਇਨਕਲਾਬੀ ਜੀਵਨ ਅਤੇ ਲੋਕ ਚੇਤਨਾ ਵਿੱਚ ਵਸੀ ਸ਼ਾਇਰੀ ਦਾ ਭਰਭੂਰ ਜ਼ਿਕਰ ਕਰਕੇ ਉਨ੍ਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਨੇ ਗੁਰਦਾਸ ਰਾਮ ਆਲਮ ਨਾਲ ਬਿਤਾਏ ਯਾਦਗਾਰੀ ਪਲ ਯਾਦ ਕਰਦਿਆਂ ਉਸਦੀ ਨਿਰਾਲੀ ਦਰਵੇਸ਼ ਸਖਸ਼ੀਅਤ ਅਤੇ ਬੇਬਾਕ ਲੋਕ ਹਿੱਤੀ ਸ਼ਾਇਰੀ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਪ੍ਰੋ. ਹਰਭਜਨ ਸਿੰਘ ਦੀਆਂ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ: ‘ਰੂਹ ’ਤੇ ਉਕਰੇ ਚਿੱਤਰ’ ਨੂੰ ਜਸ਼ਨਵੀਂ ਮਹੌਲ ਵਿੱਚ ਲੋਕ ਅਰਪਿਤ ਕੀਤਾ ਗਿਆ। ਡਾ. ਧਨਵੰਤ ਕੌਰ ਨੇ ਆਪਣੇ ਖੋਜ ਪੇਪਰ: ‘ਰੂਹ ’ਤੇ ਉਕਰੇ ਚਿੱਤਰ: ਸਿਮਰਤੀਆਂ ਅਤੇ ਸਮਕਾਲ’ ਵਿਚ ਇਸ ਪੁਸਤਕ ਦੇ ਹਵਾਲੇ ਨਾਲ ਪ੍ਰੋ. ਹਰਭਜਨ ਸਿੰਘ ਦੀ ਕਹਾਣੀ ਕਲਾ ਅਤੇ ਕਰਾਂਤੀਕਾਰੀ ਵਿਚਾਰਧਾਰਾ ਬਾਰੇ ਭਾਵ-ਪੂਰਤ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਪ੍ਰੋ. ਹਰਭਜਨ ਸਿੰਘ ਦੇ ਗਲਪ ਬਿਰਤਾਂਤ, ਖਾਸ ਕਰ ਬਹੁ-ਸਭਿਆਚਾਰੀ ਪਾਤਰਾਂ, ਪਾਰ-ਸਭਿਆਚਾਰਕ ਸਾਂਝਾਂ, ਅਤਿ-ਆਧੁਨਿਕ ਤੇ ਨਵੀਨ ਤਕਨੀਕਾਂ ਦੀ ਢੁੱਕਵੀ ਕਲਾਤਮਕ ਵਰਤੋਂ ਨੂੰ ਉਭਾਰਦਿਆਂ, ਉਨ੍ਹਾਂ ਦੀ ਲੋਕ-ਹਿਤੈਸ਼ੀ ਰਚਨਾ ਦ੍ਰਿਸ਼ਟੀ ਨੂੰ ਫੋਕਸ ਵਿੱਚ ਲਿਆਂਦਾ। ਡਾ. ਜਸਵਿੰਦਰ ਸਿੰਘ ਨੇ ‘ਰਿਨਕੋਨਾਡਾ ਹਿਲਜ਼’, ‘ਰੂਹ ’ਤੇ ਉਕਰੇ ਚਿੱਤਰ’ ਅਤੇ ‘ਬਿੰਨ ਸਿੰਗੇ ਸਾਨ੍ਹ’ ਕਹਾਣੀਆਂ ਦੀ ਬਿਰਤਾਂਤਕ ਸੰਵੇਦਨਾ, ਸਭਿਆਚਾਰਕ ਸਿਆਸਤ, ਅਮਰੀਕੀ ਸਿਰਜਣਾਤਮਕ ਲੋਕੇਲ ਅਤੇ ਬਹੁ-ਸੁਰਤਾ ਨੂੰ ਉਭਾਰਦਿਆਂ ਕਿਹਾ ਕਿ ਇਹ ਕਹਾਣੀਆਂ ਪਰਵਾਸੀ ਪੰਜਾਬੀ ਕਹਾਣੀ ਦਾ ਹੀ ਨਹੀਂ, ਸਮੁੱਚੀ ਸਮਕਾਲੀ ਪੰਜਾਬੀ ਕਹਾਣੀ ਦਾ ਮਾਨਯੋਗ ਹਾਸਲ ਬਣਦੀਆਂ ਹਨ। ਪ੍ਰੋ. ਹਰਭਜਨ ਸਿੰਘ ਨੇ ਆਪਣੀ ਕਹਾਣੀ ਦੀ ਸਿਰਜਨਾਤਮਕ ਪ੍ਰਕਿਰਿਆ ਅਤੇ ਸਾਹਿਤ ਸਿਰਜਨਾ ਦੇ ਉਦੇਸ਼ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਅਤੇ ਅਰਥ-ਭਰਪੂਰ ਚੰਦ ਸ਼ਬਦ ਕਹੇ।
ਦੂਸਰੇ ਸੈਸ਼ਨ ਵਿੱਚ ਕੈਨੇਡਾ ਤੋਂ ਆਏ ਕਹਾਣੀਕਾਰ ਅਮਰਜੀਤ ਚਾਹਲ ਨੇ ਆਪਣੀ ਨਵੀਂ ਕਹਾਣੀ ‘ਮਸਲਾ ਤੇ ਸ਼ਸਤਰ’ ਪੇਸ਼ ਕੀਤੀ ਜੋ ਕੈਨੇਡਾ ਪਹੁੰਚੇ ਅੱਧ-ਖੱੜ੍ਹ ਉਮਰ ਦੇ ਪੰਜਾਬੀਆਂ ਦੇ ਅਵਲੇ ਸਰੋਕਾਰਾਂ, ਪੁੱਠੀਆਂ ਸਿੱਧੀਆਂ ਰੀਝਾਂ ਅਤੇ ਹਾਸੋਹੀਣੇ ਵਿਹਾਰਾਂ ਆਦਤਾਂ ਨੂੰ ਤਿੱਖੇ ਤਨਜ਼ੀਏ ਲਹਿਜ਼ੇ ਵਿੱਚ ਫੁਮੈਚ ਦੇ ਮੈਟਾਫਰੀ ਹਵਾਲੇ ਨਾਲ ਪੇਸ਼ ਕਰਦੀ ਹੈ। ਦੂਸਰੀ ਕਹਾਣੀ ਕੈਨੇਡਾ ਤੋਂ ਪਹੁੰਚੀ ਕਹਾਣੀਕਾਰਾ ਗੁਰਮੀਤ ਪਨਾਗ ਨੇ ‘ਪਟੈਟੋ ਪੈਨਕੇਕਸ’ ਸੁਣਾਈ, ਜਿਸ ਰਾਹੀਂ ਉਸਨੇ ਗੋਰੇ ਅਤੇ ਪੰਜਾਬੀ ਪਾਤਰਾਂ ਦੇ ਜੁੜਵੇਂ ਦੁੱਖਾਂ ਅਤੇ ਸਾਂਝਾਂ ਦੀ ਦਿਲਚਸਪ ਬਾਤ ਪਾਈ ਅਤੇ ਪਰਵਾਸ ਦੇ ਆਰ-ਪਾਰ ਫੈਲੇ ਵਲੂੰਦਰੇ ਅਨੁਭਵਾਂ ਅਤੇ ਮਿੱਠੀਆਂ ਕੌੜੀਆਂ ਸਿਮਰਤੀਆਂ ਨੂੰ ਬਖ਼ੂਬੀ ਚਿੱਤਰਿਆ। ਤ੍ਰਿਪਤ ਭੱਟੀ ਨੇ ਦੋ ਮਿੰਨੀ ਕਹਾਣੀਆਂ ‘ਨਰਸ’ ਅਤੇ ‘ਖੁਸ਼ਬੂਆਂ’ ਸੁਣਾਈਆਂ। ਹਰਨੇਕ ਸਿੰਘ (ਪ੍ਰਿੰਸੀਪਲ) ਨੇ ਮਿੰਨੀ ਕਹਾਣੀ ‘ਇੱਕੋ ਰੈਂਕ’ ਪੜ੍ਹ ਕੇ ਸੁਣਾਈ, ਇਸ ਵਿਚ ਪਰਵਾਸੀ ਕੈਪਟਨ, ਪ੍ਰਿੰਸੀਪਲ, ਪ੍ਰੋਫੈਸਰ, ਡਾਕਟਰ ਦੇ ਇੱਕੋ ਰੈਂਕ ਭਾਵ ‘ਬੇਬੀ ਸਿਟਰ’ ਹੋਣ ਦੀ ਟੇਡੀ ਹਕੀਕਤ ਨੂੰ ਸੂਵਿਅੰਗ ਨਾਲ ਬਿਆਨਿਆ ਗਿਆ। ਉਪਰੰਤ ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਦਰਸ਼ਨ ਬੁਲੰਦਵੀ, ਅਮਰਜੀਤ ਚਾਹਲ, ਗੁਰਮੀਤ ਪਨਾਗ, ਪਰਮਿੰਦਰ ਸਵੈਚ, ਸੁਖਦੇਵ ਸਾਹਿਲ, ਡਾ. ਗੁਬਿੰਦਰ ਸਿੰਘ ਦਾ ਸਾਹਿਤਕ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ।
ਲੰਚ ਦੌਰਾਨ ਪ੍ਰੋ. ਹਰਭਜਨ ਸਿੰਘ ਨੇ ਨਵ-ਪ੍ਰਕਾਸ਼ਿਤ ਪੁਸਤਕਾਂ ਦੀ ਸੇਲ ਲਗਾਈ, ਇਸ ਵਿਚ ‘ਰੂਹ ’ਤੇ ਉਕਰੇ ਚਿੱਤਰ’, ‘ਵਰਤਮਾਨ ਦੇ ਆਰ-ਪਾਰ’, ‘ਪਰਵਾਸ ਤੋਂ ਆਵਾਸ ਵੱਲ’, ‘ਦਿਸਹੱਦਿਆਂ ਦੇ ਆਰ-ਪਾਰ’, ‘ਨਕਸਲਬਾੜੀ ਲਹਿਰ ਅਤੇ ਪੰਜਾਬੀ ਨਾਵਲ’ ਪੁਸਤਕਾਂ ਦੀ ਵਿਕਰੀ ਹੋਈ।
ਤੀਸਰੇ ਸ਼ੈਸ਼ਨ ਵਿੱਚ ਕਵੀ ਦਰਬਾਰ ਦਾ ਆਗ਼ਾਜ਼ ਕਰਦਿਆਂ ਸੁਰੀਲੇ ਗਾਇਕ ਸੁਖਦੇਵ ਸਾਹਿਲ ਨੇ ਕੁਲਵਿੰਦਰ ਦੀ ਗਜ਼ਲ ‘ਨਦੀ ਝੀਲ ਚਸ਼ਮਾ ਨਾ ਦਰਿਆ ਕਿਤੇ ਵੀ’ ਗਾ ਕੇ ਰੰਗ ਬੰਨ੍ਹ ਦਿੱਤਾ। ਫਿਰ ਤੀਹ ਦੇ ਕਰੀਬ ਸ਼ਾਇਰਾਂ ਨੇ ਤਾਜ਼ਾ ਤਰੀਨ ਰਚਨਾਵਾਂ ਸੁਣਾਈਆਂ। ਇਨ੍ਹਾਂ ਵਿਚ ਦਰਸ਼ਨ ਬੁਲੰਦਵੀ, ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ, ਮੱਖਣ ਲੁਹਾਰ, ਪਰਮਿੰਦਰ ਸਵੈਚ, ਕਮਲ ਦੇਵ ਪਾਲ, ਕੁੰਦਨ ਸਿੰਘ ਲਾਲ, ਡਾ. ਰਵੀ ਸ਼ੇਰਗਿੱਲ, ਹਜੂਸਿੰਘ (ਪ੍ਰਿੰਸੀਪਲ), ਗੁਰਦੇਵ ਸਿੰਘ ਘਣਗਸ਼, ਤਾਰਾ ਸਾਗਰ, ਜਯੋਤੀ ਸਿੰਘ, ਜੋਗਿੰਦਰ ਕੌਰ, ਸੁਖਵੰਤ ਸੁੱਖੀ, ਹਰਪ੍ਰੀਤ ਕੌਰ ਧੂਤ, ਹਰਜੀਤ ਹਠੂਰ ਤੇ ਕਮਲ ਬੰਗਾ ਸ਼ਾਮਲ ਹਨ। ਸਮੁੱਚੇ ਸੰਮੇਲਨ ਦੇ ਮੰਚ ਸੰਚਾਲਨ ਦੀ ਜਿੰਮੇਵਾਰੀ ਹਰਜਿੰਦਰ ਪੰਧੇਰ, ਪ੍ਰੋ. ਹਰਭਜਨ ਸਿੰਘ ਅਤੇ ਹਰਜੀਤ ਹਠੂਰ ਨੇ ਬਾਖੂਬੀ ਨਿਭਾਈ। ਅੰਤ ਵਿਚ ਪ੍ਰਸਿੱਧ ਗ਼ਜ਼ਲਗੋਸੁਰਿੰਦਰ ਸੀਰਤ ਨੇ ਭਾਵ ਭਿੰਨੇ ਸ਼ਬਦਾਂ ਵਿੱਚ ਆਏ ਮਹਿਮਾਨਾਂ, ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮਾਪਤੀ ਕੀਤੀ।