ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਹੀ ਚੋਣ ਲੜਨਗੇ : ਡਾ. ਨਵਜੋਤ ਕੌਰ

ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਹੀ ਚੋਣ ਲੜਨਗੇ : ਡਾ. ਨਵਜੋਤ ਕੌਰ
ਮੀਡੀਆ ਨੂੰ ਸੰਬੋਧਨ ਕਰ ਰਹੇ ਡਾ. ਨਵਜੋਤ ਕੌਰ ਸਿੱਧੂ, ਡਾ. ਰਾਜ ਕੁਮਾਰ ਵੇਰਕਾ ਤੇ ਜੁਗਲ ਕਿਸ਼ੋਰ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਛੇਤੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਕੇ ਅੰਮ੍ਰਿਤਸਰ ਆਉਣਗੇ। ਉਹ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਣਗੇ। ਇਹ ਖ਼ੁਲਾਸਾ ਇੱਥੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਕੀਤਾ।
ਇੱਥੇ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ ਅਤੇ ਡਾ. ਨਵਜੋਤ ਕੌਰ ਸਿੱਧੂ ਨੇ ਖ਼ੁਲਾਸਾ ਕੀਤਾ ਕਿ ਸ੍ਰੀ ਸਿੱਧੂ ਦਸ ਜਨਵਰੀ ਤਕ ਅੰਮ੍ਰਿਤਸਰ ਆਉਣਗੇ। ਉਨ੍ਹਾਂ ਦੱਸਿਆ ਕਿ ਕਾਂਗਰਸ ਹਾਈਕਮਾਂਡ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ੍ਰੀ ਸਿੱਧੂ ਲੋਕ ਸਭਾ ਦੀ ਉਪ ਚੋਣ ਨਹੀਂ ਲੜਨਗੇ ਸਗੋਂ ਸਿਰਫ਼ ਪੂਰਬੀ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਣਗੇ। ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਭਾਜਪਾ ਵੱਲੋਂ ਵਿਧਾਇਕਾ ਸੀ। ਹੁਣ ਉਨ੍ਹਾਂ ਨੇ ਆਪਣੇ ਪਤੀ ਵਾਸਤੇ ਇਹ ਸੀਟ ਛੱਡ ਦਿੱਤੀ ਹੈ। ਹੁਣ ਡਾ. ਸਿੱਧੂ ਆਪਣੇ ਪਤੀ ਦੀ ਸਹਾਇਕ ਵਜੋਂ ਉਨ੍ਹਾਂ ਨਾਲ ਪ੍ਰਚਾਰ ਕਰਨਗੇ। ਉਨ੍ਹਾਂ ਦੱਸਿਆ ਕਿ ਸ੍ਰੀ ਸਿੱਧੂ ਅਤੇ ਸ੍ਰੀ ਰਾਹੁਲ ਗਾਂਧੀ ਵਿਚਾਲੇ ਰਾਬਤਾ ਬਣਿਆ ਹੋਇਆ ਹੈ ਅਤੇ ਦੋਵਾਂ ਵਿਚਾਲੇ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਕਈ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਏ ਹਨ। ਇਸ ਮੌਕੇ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੀ ਆਮਦ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਵਉਚ ਅਦਾਲਤ ਨੇ ਰਾਜਸੀ ਪਾਰਟੀਆਂ ‘ਤੇ ਧਰਮ ਦੇ ਨਾਂ ‘ਤੇ ਵੋਟ ਮੰਗਣ ਉਤੇ ਰੋਕ ਲਾਈ ਹੈ। ਇਸ ਤਹਿਤ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ‘ਤੇ ਰੋਕ ਲਾਈ ਜਾਣੀ ਚਾਹੀਦੀ ਹੈ, ਕਿਉਂਕਿ ਇਸ ਪਾਰਟੀ ਵੱਲੋਂ ਧਾਰਮਿਕ ਚੋਣਾਂ ਵੀ ਲੜੀਆਂ ਜਾਂਦੀਆਂ ਹਨ ਅਤੇ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਆਧਾਰ ‘ਤੇ ਸ਼੍ਰੋਮਣੀ ਅਕਾਲੀ ਦਲ ਉਤੇ ਪੰਜਾਬ ਵਿੱਚ ਚੋਣਾਂ ਲੜਨ ਉਤੇ ਤੁਰੰਤ ਰੋਕ ਲਾਈ ਜਾਵੇ।