ਭਗਤ ਸਿੰਘ ਚਿੰਤਕ ਤੇ ਦੂਰ-ਦ੍ਰਿਸ਼ਟੀ ਵਾਲਾ ਸ਼ਖ਼ਸ ਸੀ : ਪ੍ਰੋ. ਪ੍ਰੀਤਮ ਸਿੰਘ

ਭਗਤ ਸਿੰਘ ਚਿੰਤਕ ਤੇ ਦੂਰ-ਦ੍ਰਿਸ਼ਟੀ ਵਾਲਾ ਸ਼ਖ਼ਸ ਸੀ : ਪ੍ਰੋ. ਪ੍ਰੀਤਮ ਸਿੰਘ

ਕੈਪਸ਼ਨ-ਸ਼ਹੀਦ ਭਗਤ ਸਿੰਘ ਬਾਰੇ ਭਾਸ਼ਣ ਦਿੰਦੇ ਹੋਏ ਪ੍ਰੋ. ਪ੍ਰੀਤਮ ਸਿੰਘ।
ਲੰਡਨ/ਬਿਊਰੋ ਨਿਊਜ਼ :
ਯੂਨੀਵਰਸਿਟੀ ਆਫ ਲੰਡਨ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਵਿੱਚ  ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਦੱਖਣੀ ਏਸ਼ਿਆਈ ਭਾਈਚਾਰੇ ਅਤੇ ਯੂਕੇ ਵਿੱਚ ਲੇਬਰ ਮੂਵਮੈਂਟ ਦੇ ਕਾਰਕੁਨਾਂ ਤੇ ਵਿਦਵਾਨਾਂ ਵੱਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ। ਸਮਾਗਮ ਦੇ ਮੁੱਖ ਬੁਲਾਰੇ ਔਕਸਫੋਰਡ ਬਰੂਕਸ ਯੂਨੀਵਰਸਿਟੀ ਦੇ ਪ੍ਰੋ. ਪ੍ਰੀਤਮ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੂੰ ਕੇਵਲ ਦਲੇਰ ਸਿਆਸੀ ਕਾਰਕੁਨ ਵਜੋਂ ਹੀ ਨਹੀਂ ਦੇਖਣਾ ਚਾਹੀਦਾ, ਜੋ ਉਹ ਯਕੀਨੀ ਤੌਰ ‘ਤੇ ਸੀ, ਬਲਕਿ ਉਹ ਇਕ ਚਿੰਤਕ ਅਤੇ ਦੂਰ-ਦ੍ਰਿਸ਼ਟੀ ਵਾਲਾ ਸ਼ਖ਼ਸ ਵੀ ਸੀ।
ਪ੍ਰੋ. ਪ੍ਰੀਤਮ ਸਿੰਘ ਨੇ ਕਿਹਾ ਕਿ ਭਗਤ ਸਿੰਘ ਅਸਲ ਸਮਾਜਵਾਦੀ ਚਿੰਤਕ ਸੀ, ਜੋ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਭਾਰਤ ਦੇ ਘੋਲ ਨੂੰ ਆਲਮੀ ਪੱਧਰ ਉਤੇ ਸਮਾਜਵਾਦ ਨੂੰ ਪੂੰਜੀਵਾਦ ਦੇ ਬਦਲ ਵਜੋਂ ਦੇਖ ਰਿਹਾ ਸੀ। ਇਸ ਕਾਰਨ ਉਨ੍ਹਾਂ ਦਾ ਦ੍ਰਿਸ਼ਟੀਕੋਣ ਮਹਾਤਮਾ ਗਾਂਧੀ ਤੋਂ ਵੱਖਰਾ ਸੀ। ਮਹਾਤਮਾ ਗਾਂਧੀ ਦਾ ਧਿਆਨ ਮਹਿਜ਼ ਬ੍ਰਿਟਿਸ਼ ਤੋਂ ਭਾਰਤੀਆਂ ਦੇ ਹੱਥ ਵਿੱਚ ਸੱਤਾ ਪਰਿਵਰਤਨ ਉਤੇ ਕੇਂਦਰਿਤ ਸੀ। ਭਗਤ ਸਿੰਘ ਦਾ ਸਮਾਜਵਾਦੀ ਦ੍ਰਿਸ਼ਟੀਕੋਣ ਮਾਰਕਸ ਤੋਂ ਪ੍ਰਭਾਵਿਤ ਸੀ, ਜਿਹੜਾ ਭਾਰਤੀ ਕਮਿਊਨਿਸਟਾਂ ਤੋਂ ਵੀ ਵੱਖਰਾ ਸੀ, ਜੋ ਆਪਣੀ ਸਿਆਸਤ ਨੂੰ ਸਟਾਲਨਵਾਦੀ ਰੂਸ ਦੇ ਭੂਗੋਲਿਕ-ਸਿਆਸੀ ਹਿੱਤਾਂ ਤਹਿਤ ਰੱਖਦੇ ਸਨ। ਭਾਰਤ ਦੀਆਂ ਹੱਦਾਂ ਤੋਂ ਬਾਹਰ ਭਗਤ ਸਿੰਘ ਦੇ ਸਿਆਸੀ ਕੱਦ-ਬੁੱਤ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਪ੍ਰੋ. ਪ੍ਰੀਤਮ ਨੇ ਦਲੀਲ ਦਿੱਤੀ ਕਿ ਦੱਖਣੀ ਏਸ਼ੀਆ ਵਿੱਚ ਕੇਵਲ ਭਗਤ ਸਿੰਘ ਹੀ ਅਜਿਹੀ ਸਿਆਸੀ ਹਸਤੀ ਹੈ, ਜੋ ਦੱਖਣੀ ਏਸ਼ੀਆ ਦੇ ਸਾਰੇ ਹਿੱਸਿਆਂ ਵਿੱਚ ਪ੍ਰਵਾਨਤ ਤੇ ਸਨਮਾਨਿਤ ਹੈ। ਉਨ੍ਹਾਂ ਨੇ ਪਾਕਿਸਤਾਨ ਵਿੱਚ ਭਗਤ ਸਿੰਘ ਦੇ ਸਨਮਾਨ ਅਤੇ ਯਾਦਗਾਰ ਲਈ ਉੱਠ ਰਹੀ ਮੁਹਿੰਮ ਨੂੰ ਜ਼ਿਕਰਯੋਗ ਤੇ ਸ਼ਲਾਘਾਯੋਗ ਦੱਸਿਆ।
ਇਸ ਮੌਕੇ ਦੱਖਣੀ ਏਸ਼ਿਆਈ ਗਰਮਖਿਆਲੀ ਇਨਕਲਾਬੀਆਂ ਦੇ ਜੀਵਨ ਉਤੇ ਕੰਵਲ ਧਾਲੀਵਾਲ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਸਾਅਦਤ ਹਸਨ ਮੰਟੋ ਦੀ ਲਘੂ ਕਹਾਣੀ ‘ਠੰਢਾ ਗੋਸ਼ਤ’ ਉਤੇ ਆਧਾਰਤ ਫਿਲਮ ‘ਸਰਦ’ ਵੀ ਦਿਖਾਈ ਗਈ। ਇਸ ਬਾਅਦ ਫਿਲਮ ਉਤੇ ਵਿਚਾਰ ਚਰਚਾ ਕਰਾਈ ਗਈ।