ਆਮ ਆਦਮੀ ਪਾਰਟੀ ਪੰਜਾਬ ਫਤਹਿ ਕਰੇਗੀ : ਪ੍ਰੋ. ਬਲਜਿੰਦਰ ਕੌਰ

ਆਮ ਆਦਮੀ ਪਾਰਟੀ ਪੰਜਾਬ ਫਤਹਿ ਕਰੇਗੀ : ਪ੍ਰੋ. ਬਲਜਿੰਦਰ ਕੌਰ

‘ਮੁੱਖ ਮੰਤਰੀ ਪੰਜਾਬ ‘ਚੋਂ ਹੀ ਹੋਵੇਗਾ, ਫ਼ੈਸਲਾ ਵਿਧਾਇਕ ਕਰਨਗੇ’
ਚੰਡੀਗੜ੍ਹ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ (ਆਪ) ਦੀਆਂ ਦਿੱਲੀ ਵਿੱਚ ਹੋਈਆਂ ਉੱਚ ਪੱਧਰੀ ਮੀਟਿੰਗਾਂ ਦੀ ਲੜੀ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਬਾਰੀਕੀ ਨਾਲ ਘੋਖ ਕਰਨ ਉਪਰੰਤ ਜਿੱਤ ਦੇ ਅੰਕੜੇ ਖੋਜੇ ਗਏ ਹਨ। ਸੂਤਰਾਂ ਅਨੁਸਾਰ ‘ਆਪ’ ਦੀ ਲੀਡਰਸ਼ਿਪ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਪੂਰੀ ਆਸਵੰਦ ਹੈ ਤੇ ਸਰਕਾਰ ਬਣਨ ਦੀ ਸੂਰਤ ਵਿੱਚ ਇਸ ਦੇ ਖਾਕੇ ਉਪਰ ਵੀ ਚੁੱਪ-ਚੁਪੀਤੇ ਚਰਚਾ ਕੀਤੀ ਜਾ ਰਹੀ ਹੈ।
ਪੰਜਾਬ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਦੀ ਜਿੱਤ-ਹਾਰ ਦਾ ਪਤਾ ਭਾਵੇਂ 11 ਮਾਰਚ ਨੂੰ ਵੋਟਾਂ ਦੀ ਗਿਣਤੀ ਮੌਕੇ ਹੀ ਲੱਗੇਗਾ ਪਰ ‘ਆਪ’ ਦੀ ਲੀਡਰਸ਼ਿਪ ਆਪਣੀ ਜਿੱਤ ਦੇ ਵੱਡੇ ਦਾਅਵੇ ਕਰ ਰਹੀ ਹੈ। ‘ਆਪ’ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਤਲਵੰਡੀ ਸਾਬੋ ਹਲਕੇ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਪਾਰਟੀ ਨੇ ਚੋਣਾਂ ਬਾਰੇ ਕੀਤੀ ਸਮੀਖਿਆ ਤੋਂ ਇਹ ਸਿੱਟਾ ਕੱਢਿਆ ਹੈ ਕਿ ‘ਆਪ’ 100 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰ ਸਕਦੀ ਹੈ।
ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮਾਲਵੇ ਖੇਤਰ ਵਿਚਲੀਆਂ ਸਾਰੀਆਂ 69 ਸੀਟਾਂ ਉਪਰ ਹੂੰਝਾਫੇਰ ਜਿੱਤ ਹਾਸਲ ਕਰੇਗੀ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਦੀ ਜਿੱਤ ਹੋਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੇ ਅਹੁਦੇ ਬਾਰੇ ਫ਼ੈਸਲਾ ਦਿੱਲੀ ਦੀ ਲੀਡਰਸ਼ਿਪ ਨਹੀਂ, ਸਗੋਂ ਚੁਣੇ ਵਿਧਾਇਕ ਹੀ ਕਰਨਗੇ ਅਤੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਕਿਸੇ ਵੀ ਹਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਨਗੇ, ਸਗੋਂ ਮੁੱਖ ਮੰਤਰੀ ਪੰਜਾਬ ਵਿੱਚੋਂ ਹੀ ਕੋਈ ਆਗੂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੀ ਲੀਡਰਸ਼ਿਪ ਨੇ ਪਾਰਟੀ ਉਪਰ ਕਦੇ ਵੀ ਫ਼ੈਸਲੇ ਥੋਪੇ ਨਹੀਂ ਹਨ, ਸਗੋਂ ਸਾਰਿਆਂ ਦੀ ਰਾਇ ਨਾਲ ਹੀ ਫ਼ੈਸਲੇ ਲਾਗੂ ਕੀਤੇ ਹਨ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਿੱਲੀ ਦੀ ਪੰਜਾਬ ਆਈ ਟੀਮ ਬਦੌਲਤ ਹੀ ਅੱਜ ‘ਆਪ’ ਦੀ ਪੰਜਾਬ ਇਕਾਈ ਦੀਆਂ ਜੜ੍ਹਾਂ ਹੇਠਲੇ ਪੱਧਰ ਤੱਕ ਕਾਇਮ ਹਨ। ਭਾਵੇਂ ਵਿਰੋਧੀ ਸ੍ਰੀ ਕੇਜਰੀਵਾਲ ਨੂੰ ਗ਼ੈਰ-ਪੰਜਾਬੀ ਦੱਸ ਰਹੇ ਹਨ ਪਰ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਐਲਾਨ ਕੀਤਾ ਸੀ ਕਿ ‘ਆਪ’ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਉਹ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟਣਗੇ। ਉਨ੍ਹਾਂ ਉਲਟਾ ਸਵਾਲ ਕੀਤਾ ਕਿ ਪੰਜਾਬ ਦੀ ਹਿਤੈਸ਼ੀ ਮੰਨੀ ਜਾਂਦੀ ਬਾਦਲ ਸਰਕਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਸਕੀ ?