ਭਾਈ ਦਲਬੀਰ ਸਿੰਘ ਦੀ ਰਚਨਾ ‘ਗੁਰਮਤਿ ਸੰਗੀਤ ਰਚਨਾਵਲੀ’ ਨੂੰ ਡਾ. ਗੁਰਨਾਮ ਸਿੰਘ ਨੇ ਸੰਗਤਾਂ ਦੇ ਰੂਬਰੂ ਕੀਤਾ

ਭਾਈ ਦਲਬੀਰ ਸਿੰਘ ਦੀ ਰਚਨਾ ‘ਗੁਰਮਤਿ ਸੰਗੀਤ ਰਚਨਾਵਲੀ’ ਨੂੰ ਡਾ. ਗੁਰਨਾਮ ਸਿੰਘ ਨੇ ਸੰਗਤਾਂ ਦੇ ਰੂਬਰੂ ਕੀਤਾ

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ :
ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਭਰੇ ਦੀਵਾਨ ਦੌਰਾਨ ਭਾਈ ਦਲਬੀਰ ਸਿੰਘ ਦੀ ਨਵੀਂ ਰਚਨਾ ‘ਗੁਰਮਤਿ ਸੰਗੀਤ ਰਚਨਾਵਲੀ’ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਡਾ. ਗੁਰਨਾਮ ਸਿੰਘ ਨੇ ਸੰਗਤਾਂ ਦੇ ਰੂਬਰੂ ਕੀਤਾ। ਡਾ. ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਵਿਚ ਪ੍ਰੋਫੈਸਰ ਤੇ ਮੁਖੀ ਹਨ। ਆਪਣੇ ਆਪਣੇ ਖੇਤਰ ਦੇ ਮਾਹਰ ਸਿੱਖਾਂ ਦੇ ਆਪਸੀ ਮੇਲ ਨਾਲ ਇਲਾਹੀ ਬਾਣੀ ਦੇ ਨਾਦ-ਰਿਦਮ ਦੀ ਸਮਝ ਰੱਖਦੀ ਨਵੀਂ ਕਿਤਾਬ ਨੇ ਜਨਮ ਲਿਆ ਜੋ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਲਈ ਕੀਰਤਨ ਸਿੱਖਣ ਦੇ ਖੇਤਰ ਵਿਚ ਚਾਨਣ ਮੁਨਾਰੇ ਦਾ ਕਾਰਜ ਕਰੇਗੀ। ਇਸ ਕਿਤਾਬ ਨਾਲ ਰੱਬੀ ਬਾਣੀ ਦੇ ਕੀਰਤਨ ਦੀ ਸਿੱਖਿਆ ਸੌਖੀ ਸਿੱਖੀ ਜਾ ਸਕੇਗੀ। ਇਸ ਕਿਤਾਬ ਦੀ ਖੂਬੀ ਇਹ ਹੈ ਕਿ ਇਸ ਵਿਚ ਗੁਰੂ ਗਰੰਥ ਸਾਹਿਬ ਜੀ ਵਿਚ ਵਰਤੇ ਗਏ 31 ਰਾਗਾਂ ਵਿਚ 122 ਗੁਰਬਾਣੀ ਦੇ ਸ਼ਬਦਾਂ ਸਿੱਖਣ-ਗਾਉਣ ਦੀ ਸਮਰੱਥਾ ਹੈ,ਜਿਸ ਨਾਲ ਆਮ ਵਿਦਿਆਰਥੀ ਰਾਗੀ ਬਣ ਕੇ ਗੁਰਬਾਣੀ ਕੀਰਤਨ ਦੀ ਮਹਾਨ ਸੇਵਾ ਕਰ ਸਕਦਾ ਹੈ।
ਭਾਈ ਦਲਬੀਰ ਸਿੰਘ ਦੀ ਆਪਣੀ ਵਿਦਿਆ ਤੇ ਸੰਗੀਤ ਵਿਦਿਆ ਵੀ ਬੜੇ ਤਜ਼ਰਬਿਆਂ ਵਿਚੋਂ ਹੰਢ ਕੇ ਇਸ ਮਰਾਤਬੇ ‘ਤੇ ਪਹੁੰਚੀ ਹੈ। ਪਿਤਾ ਜੀ ਗੁਰਮਤਿ ਸੰਗੀਤ ਦੇ ਧਨੀ ਸਨ ਕਿਉਂਕਿ ਉਨ੍ਹਾਂ ਦੇ ਉਸਤਾਦ ਗਿਆਨੀ ਬਿਅੰਤ ਸਿੰਘ ਗੁਰਬਾਣੀ ਸੰਗੀਤ ਦੇ ਬਹੁਤ ਵਡੇ ਉਸਤਾਦ ਸਨ। ਸੋ ਘਰਦਾ ਮਾਹੌਲ ਗੁਰਬਾਣੀ ਸੰਗੀਤ ਨਾਲ ਇਕ ਸੁਰ ਸੀ। ਇਸ ਕਰਕੇ ਸਮੁੱਚੇ ਜੀਵਨ ਦੀ ਸ਼ੁਰੂਆਤ ਸੰਗੀਤ ਵੱਲ ਵੱਡੇ ਝੁਕਾਅ ਨਾਲ ਹੋਈ। ਦੁਨਿਆਵੀ ਪੜ੍ਹਾਈ ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੰਗੀਤ ਦੀ ਬੀ.ਏ.ਆਨਰਜ਼ ਗੋਲਡ ਮੈਡਲਿਸਟ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੰਗੀਤ ਦੀ ਐਮ.ਏ. ਕਰਕੇ ਹੀ ਸੰਗੀਤ ਦੀ ਦੁਨੀਆ ਵਿਚ ਸ਼ਾਮਲ ਹੋਏ। 15 ਸਾਲ ਥਾਈਲੈਂਡ ਵਿਚ ਸੰਗੀਤ ਦੀ ਵਿਦਿਆ ਸਿਖਲਾਈ ਤੇ ਹੁਣ 15 ਸਾਲਾਂ ਤੋਂ ਹੀ ਗੁਰਦੁਆਰਾ ਫਰੀਮਾਂਟ ਤੇ ਗੁਰਦੁਆਰਾ ਸੈਨ ਹੋਜ਼ੇ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਸੰਗੀਤ ਨਾਲ ਜੋੜ ਰਹੇ ਹਨ।
ਪਤਨੀ ਪ੍ਰੋ. ਪਰਮਿੰਦਰ ਕੌਰ ਵੀ ਗੁਰਮਤਿ ਸੰਗੀਤ ਦੀ ਦੁਨੀਆ ਦੇ ਚੰਗੇ ਵਾਕਫਕਾਰ ਸਨ ਤੇ ਉਨ੍ਹਾਂ ਐਮ.ਏ. ਤੇ ਐਮ.ਫਿਲ ਸੰਗੀਤ ਵਿਚ ਹੀ ਕੀਤੀਆਂ ਸਨ। ਪ੍ਰੋ. ਪਰਮਿੰਦਰ ਕੌਰ ਦੇ ਅਚਾਨਕ ਅਕਾਲ ਚਲਾਣੇ ਦੇ ਬਾਵਜੂਦ ਗੁਰਮਤਿ ਸੰਗੀਤ ਭਾਈ ਦਲਬੀਰ ਸਿੰਘ ਦੀ ਰੂਹ ਦੀ ਖੁਰਾਕ ਹੈ। ਬੇਟੀ ਰਾਗਨੀ ਕੌਰ ਵੀ ਸੰਗੀਤ ਦੀ ਚੰਗੀ ਸਮਝ ਰਖਦੀ ਹੈ, ਉਸ ਦੀ ਸਾਜ਼ ਤੇ ਆਵਾਜ਼ ਉਤੇ ਪੂਰੀ ਪਕੜ ਹੈ। ਪੁੱਤਰ ਰਾਗਿੰਦਰ ਸਿੰਘ ਵਾਇਲਨ ਸੰਗੀਤ ਵਿਚ ਨਵੀਆਂ ਮੰਜ਼ਿਲਾਂ ਛੂਹਣ ਜਾ ਰਿਹਾ ਹੈ ਤੇ ਅਮਰੀਕੀ ਰਾਸ਼ਟਰਪਤੀ ਦੇ ਘਰ ਵ੍ਹਾਈਟ ਹਾਊਸ ਵਾਸ਼ਿੰਗਟਨ ਡੀ.ਸੀ. ਤੱਕ ਆਪਣੀ ਵਾਇਲਨ ਦਾ ਜਾਦੂ ਵਿਖਾ ਚੁੱਕਾ ਹੈ।