ਸਿੱਖਾਂ ਦੀ ਕੌਮੀ ਵਿਚਾਰਧਾਰਾ ਅਤੇ ਫ਼ਿਲਮ ਫੈਕਟਰੀ

ਸਿੱਖਾਂ ਦੀ ਕੌਮੀ ਵਿਚਾਰਧਾਰਾ ਅਤੇ ਫ਼ਿਲਮ ਫੈਕਟਰੀ

(ਲੇਖਕ : ਸੁਰਿੰਦਰ ਸਿੰਘ, ਟਾਕਿੰਗ ਪੰਜਾਬ)

ਤਕਨੀਕ, ਮਨੁੱਖੀ ਸਾਧਨ, ਪੈਸਾ, ਸੋਚ ਅਤੇ ਵਿਗਆਨ ਨੂੰ ਹਾਲੀਵੁੱਡ ਵਾਲੇ ਇਕ ਲੜੀ ਵਿੱਚ ਕਿਵੇਂ ਪਰੋ ਦਿੰਦੇ ਹਨ ਇਹ ਹੈਰਾਨੀ ਵਾਲੀ ਗੱਲ ਹੈ। ਹਾਲੀਵੁਡ ਦੇ ਫ਼ਿਲਮ-ਸਾਜ਼ਾਂ ਦੀ ਕਲਪਨਾਸ਼ੀਲ ਕਾਰਜਵਿਧੀ ਉਂਜ ਹਰ ਮੁਲਕ ਦੇ ਹਰ ਇਕ ਬਾਸ਼ਿੰਦੇ ਲਈ ਸੰਭਵ ਹੈ ਮਸਲਨ ਉਹ ਨਿੱਗਰ ਅਤੇ ਦੂਰਦ੍ਰਿਸ਼ਟੀ ਵਾਲੀ ਸੋਚ ਅਤੇ ਲੋਹੜੇ ਦੀ ਕਲਾਤਮਕ ਕਲਪਨਾ ਰੱਖਦਾ ਹੋਵੇ। ਦਿਮਾਗ 'ਚ ਸਟੋਰੀ ਆਈਡੀਆ ਆਉਣ ਦੇ ਬਾਅਦ ਕਈ ਪੇਸ਼ੇਵਰ ਲੋਕਾਂ ਦੀ ਟੀਮ ਕਹਾਣੀ 'ਤੇ ਵਿਚਾਰ ਕਰਦੀ ਹੈ। ਕਹਾਣੀ ਲਿਖੀ ਜਾਂਦੀ ਹੈ। ਫਿਰ ਸਕਰੀਨ ਰਾਈਟਰ ਸਕਰੀਨ ਪਲੇਅ ਲਿਖਦਾ ਹੈ। ਬਾਅਦ 'ਚ ਡਾਇਲਾਗ ਲਿਖੇ ਜਾਂਦੇ ਹਨ। ਕਹਿਣ ਲਈ ਤਾਂ ਕੰਮ ਕੁਝ ਨਹੀਂ ਪਰ ਹਾਲੀਵੁੱਡ 'ਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਿਰਫ ਲਿਖਣ ਲਿਖਾਈ ਦੇ ਕੰਮ ਵਿੱਚ ਹੀ 50 ਤੋਂ ਵੱਧ ਨਿਪੁੰਨ ਬੰਦਿਆਂ ਦੀ ਮਿਹਨਤ ਲੱਗੀ ਹੁੰਦੀ ਹੈ। ਸਿਡ ਫੀਲਡ ਹਾਲੀਵੁੱਡ ਦਾ ਮਸ਼ਹੂਰ ਫਿਲਮ ਰਾਈਟਰ ਹੈ। ਉਸ ਦੀਆਂ ਲਿਖੀਆਂ ਕਈ ਫਿਲਮਾਂ ਨੇ ਦੁਨੀਆ ਭਰ 'ਚ ਲੋਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਉਹਨਾਂ ਨੂੰ ਆਪਣੇ ਵੱਖਰੇ ਵੀਜ਼ਨ ਤੋਂ ਸੋਚਣ ਲਈ ਮਜ਼ਬੂਰ ਵੀ ਕੀਤਾ ਹੈ। ਚੰਗੇ ਫਿਲਮਕਾਰ ਦੀ ਨਿਸ਼ਾਨੀ ਵੀ ਇਹੋ ਹੁੰਦੀ ਹੈ ਕਿ ਉਹ ਜੋ ਸੋਚਦਾ ਅਤੇ ਚਿਤਵਦਾ ਹੈ ਲੋਕ ਵੀ ਉਸੇ ਵਾਂਗ ਹੀ ਸੋਚਣ ਅਤੇ ਮਹਿਸੂਸ ਕਰਨ।

ਹਾਲੀਵੁੱਡ 'ਚ ਅਜਿਹੀਆਂ ਕਈ ਫਿਲਮਾਂ ਬਣੀਆਂ ਹਨ ਜਿਹੜੀਆਂ ਮਨੁੱਖ ਨੂੰ ਧੁਰ ਅੰਦਰ ਤੱਕ ਝੰਜੋੜਦੀਆਂ ਹਨ। ਸਟੀਵਨ ਸਪੀਲਬਰਗ ਦੁਨੀਆ ਦਾ ਸਭ ਤੋਂ ਕਮਾਲ ਦਾ ਫਿਲਮਕਾਰ ਹੈ। ਉਹਨੇ ਬਹੁਤ ਵਧੀਆ ਫਿਲਮਾਂ ਬਣਾਈਆਂ ਹਨ। ਯਹੂਦੀਆਂ ਦੇ ਕਤਲਿਆਮ ਬਾਰੇ ਉਸ ਦੀ ਫਿਲਮ 'ਸ਼ਿੰਡਲਰ'ਜ਼ ਲਿਸਟ' ਬਹੁਤ ਮਾਅਰਕੇ ਦੀ ਫਿਲਮ ਹੈ। ਹਾਲੇ ਤੱਕ ਅਜਿਹੀ ਫਿਲਮ ਬਣਾਉਣ ਬਾਰੇ ਕੋਈ ਹੋਰ ਪ੍ਰੋਡਿਊਸਰ ਡਾਇਰੈਕਟਰ ਆਪਣੀ ਸੋਚ ਨੂੰ ਸਪੀਲਬਰਗ ਦੀ ਸੋਚ ਦੀ ਪੱਧਰ 'ਤੇ ਨਹੀਂ ਲਿਜਾ ਸਕਿਆ। ਇਹ ਫਿਲਮ ਦਰਸ਼ਕ ਦੇ ਰੌਂਗਟੇ ਖੜ੍ਹੇ ਕਰਦੀ ਹੈ। ਬਹੁਤ ਸਾਲ ਪਹਿਲਾਂ ਬਾਲੀਵੁੱਡ ਦੇ ਭਾਰਤੀ ਪ੍ਰੋਡਿਉਸਰਾਂ (ਰਾਹੁਲ ਢੋਲਕੀਆ) ਨੇ ਹਿੰਦੀ ਵਿੱਚ ਇਕ ਫਿਲਮ ਬਣਾਈ ਸੀ 'ਪਰਜ਼ਾਨੀਆ'। ਦਿੱਲੀ ਦੇ ਇਕ ਸਿਨਮੇ ਵਿੱਚ ਜਦੋਂ ਇਹ ਫਿਲਮ ਰੀਲੀਜ਼ ਹੋਈ ਤਾਂ ਦਰਸ਼ਕਾਂ ਨੂੰ 'ਸ਼ਿੰਡਲਰ'ਜ਼ ਲਿਸਟ' ਵਾਲਾ ਅਹਿਸਾਸ ਹੋਇਆ। ਜਦੋਂ ਫਿਲਮ ਖਤਮ ਹੋਈ ਤਾਂ ਦਰਸ਼ਕ ਚੁੱਪ ਚਾਪ ਹਾਲ 'ਚੋਂ ਬਾਹਰ ਨਿਕਲ ਰਹੇ ਸਨ। ਸਿਨਮਾ ਹਾਲ 'ਚੋਂ ਬਾਹਰ ਨਿਕਲ ਰਹੇ ਦਰਸ਼ਕ ਆਪਣੇ ਜਿਹੜੇ ਦੋਸਤਾਂ ਨਾਲ ਫਿਲਮ ਦੇਖਣ ਲਈ ਆਏ ਹੋਏ ਸਨ ਉਹ ਉਹਨਾਂ ਨਾਲ ਵੀ ਗੱਲ ਨਹੀਂ ਕਰ ਰਹੇ ਸਨ। ਸਭ ਦੇ ਗਲੇ ਭਰੇ ਹੋਏ ਸਨ ਅਤੇ ਸਾਰਿਆਂ ਦਾ ਧਾਹਾਂ ਮਾਰ ਕੇ ਰੋਣ ਲਈ ਦਿਲ ਕਰ ਰਿਹਾ ਸੀ। ਇਹ ਫਿਲਮ 2002 'ਚ ਗੁਜਰਾਤ ਦੇ ਗੋਧਰਾ 'ਚ ਹੋਏ ਮੁਸਲਮਾਨ ਵਿਰੋਧੀ ਦੰਗਿਆਂ ਬਾਰੇ ਸੱਚ ਨੂੰ ਪੇਸ਼ ਕਰਦੀ ਹੈ। ਉਸ ਵੇਲੇ ਫਿਲਮ ਦੀ ਰੀਲੀਜ਼ 'ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪਾਬੰਦੀ ਲਾ ਦਿਤੀ ਸੀ। ਪਰ ਇਸ ਦੇ ਬਾਵਜੂਦ ਭਾਰਤ 'ਚ ਵੱਡੀ ਗਿਣਤੀ ਲੋਕਾਂ ਨੇ ਫਿਲਮ ਦੇਖੀ। ਜਾਪਦਾ ਹੈ ਕਿ ਗੁਜਰਾਤੀਆਂ ਨੇ ਵੀ ਇਹ ਫਿਲਮ ਦੇਖੀ ਹੋਵੇਗੀ। ਪਰ ਪਤਾ ਨਹੀਂ ਉਹ ਉਗਰਵਾਦੀ ਅਤੇ ਅਤਿਵਾਦੀ ਹਿੰਦੂ ਭੀੜਾਂ ਦੇ ਦਰਿੰਦਗੀ ਭਰੇ ਕਾਰਜਾਂ 'ਤੇ ਸ਼ਰਮਸਾਰ ਹੋਏ ਹੋਣਗੇ ਜਾਂ ਨਹੀਂ?

ਬਿਹਾਰ ਨਾਲ ਸਬੰਧ ਰਖਦਾ ਪ੍ਰਕਾਸ਼ ਝਾਅ ਬਗਾਵਤੀ ਰੌਂ ਰੱਖਣ ਵਾਲੇ ਲੋਕਾਂ ਦੀਆਂ ਕਹਾਣੀਆਂ ਨੂੰ ਪਿੱਠਭੂਮੀ 'ਚ ਵਰਤ ਕੇ ਜ਼ਿਕਰਯੋਗ ਫਿਲਮਾਂ ਬਣਾਉਂਦਾ ਹੈ। ਪਿੱਛੇ ਜਿਹੇ ਉਸ ਵੱਲੋਂ ਬਣਾਈ ਗਈ 'ਮਾਓਵਾਦੀ' ਸੰਘਰਸ਼ ਬਾਰੇ ਫਿਲਮ 'ਚੱਕਰਵਿਊ' ਦਾ ਕਾਫੀ ਚਰਚਾ ਰਿਹਾ। ਮਨੀ ਰਤਣਮ ਨੇ 'ਰੋਜ਼ਾ' ਅਤੇ 'ਦਿਲ ਸੇ' ਫ਼ਿਲਮਾਂ 'ਚ ਕਸ਼ਮੀਰ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ। ਭਾਰਤ ਦੇ ਧੁਰ ਦੱਖਣ ਦੇਸ਼ ਨਾਲ ਸਬੰਧ ਰੱਖਦੇ ਮਣੀ ਰਤਨਮ ਨੂੰ ਕਸ਼ਮੀਰ ਦੇ ਦਰਦ ਦੀ ਥਾਹ ਕਿਵੇਂ ਪੈਂਦੀ ਹੈ ਅਤੇ ਉਹ ਕਸ਼ਮੀਰ ਦੇ ਸੰਦਰਭ 'ਚ ਘਟਨਾਵਾਂ ਨੂੰ ਬਿਆਨ ਕਰਨ ਦੀ ਕਲਾਤਮਕਤਾ ਨੂੰ ਬਰਕਰਾਰ ਕਿਵੇਂ ਰੱਖਦਾ ਹੈ ਇਹ ਆਪਣੇ ਆਪ 'ਚ ਵੱਡੀ ਗੱਲ ਹੈ। ਇਸੇ ਤਰਾਂ ਵਿਸ਼ਾਲ ਭਾਰਦਵਾਜ ਨੇ ਵੀ 'ਹੈਦਰ' 'ਚ ਕਸ਼ਮੀਰੀਆਂ ਦੇ ਦੁਖਾਂਤ ਦਾ ਇਕ ਪਾਸਾ ਪੇਸ਼ ਕਰਨ 'ਚ ਕਾਮਯਾਬੀ ਹਾਲਤ ਕੀਤੀ ਹੈ। ਗੁਲਜ਼ਾਰ ਨੇ ਪੰਜਾਬ ਸਮੱਸਿਆ ਨੂੰ ਦਿਖਾਉਣ ਲਈ ਬੜਾ ਚਿਰ ਪਹਿਲਾਂ 'ਮਾਚਿਸ' ਫ਼ਿਲਮ ਰਾਹੀਂ ਇੱਕ ਕੋਸ਼ਿਸ਼ ਕੀਤੀ ਸੀ। ਉਸਦੀ ਇਹ ਕੋਸ਼ਿਸ਼ ਅਖਬਾਰਾਂ 'ਚ ਛਪੀਆਂ ਖਬਰਾਂ ਨੂੰ ਅਧਾਰ ਬਣਾ ਕੇ ਅਜਿਹੇ ਲੋਕਾਂ ਦੇ ਸੱਚ ਨੂੰ ਦਰਸ਼ਕਾਂ ਦੀਆਂ ਅੱਖਾਂ ਲਈ ਸਿਨਮਾ ਸਿਰਜਣਾ ਸੀ ਜਿਹੜੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ। ਗੁਲਜ਼ਾਰ ਦੀ ਫ਼ਿਲਮ 'ਮਾਚਿਸ' ਕਿਉਂਕਿ ਪੰਜਾਬ 'ਚ ਵਿਚਰ ਕੇ ਸੰਘਰਸ਼ ਕਰ ਰਹੀ ਧਿਰ ਦੇ ਜਜ਼ਬਾਤਾਂ ਨੂੰ ਜਾਣਬੁਝ ਕੇ ਪਰਦੇ 'ਤੇ ਪੇਸ਼ ਕਰਨ ਤੋਂ ਸੰਕੋਚ ਕਰਦੀ ਸੀ ਇਸ ਲਈ ਫਿਲਮਕਾਰ ਦੀ ਕੋਸ਼ਿਸ਼ ਨੂੰ ਕੇਂਦਰੀ ਸਰਕਾਰੀ ਤਾਕਤ ਦੇ ਅਧੀਨ ਕਾਰਜਸ਼ੀਲ ਹੁੰਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ। 'ਮਾਚਿਸ' ਫ਼ਿਲਮ 'ਚ  ਗੁਲਜ਼ਾਰ ਨੇ ਸਿੱਖਾਂ ਦੀ ਦੁੱਖਾਂ ਭਰੀ ਹੋਣੀ ਨੂੰ ਛੋਟਾ ਜਿਹਾ ਅਤੇ ਪਾਤਰਾਂ ਦੀ ਨਿੱਜੀ ਦੁਰਘਟਨਾ ਬਣਾ ਕੇ ਰੱਖ ਦਿਤਾ। ਇਸ ਦੇ ਨਾਲ ਹੋਰ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਬਣੀਆਂ ਜਿਹਨਾਂ 'ਚ ਪੰਜਾਬ ਸਮਸਿਆ ਨੂੰ ਕਿਸੇ ਬਾਹਰੀ ਮੁਲਕ ਵੱਲੋਂ ਪੈਦਾ ਕੀਤੀ ਸਮਸਿਆ ਬਣਾ ਕੇ ਪੇਸ਼ ਕੀਤਾ ਗਿਆ। ਬਲਕਿ ਸੰਘਰਸ਼ ਕਰ ਰਹੀ ਧਿਰ ਨੂੰ ਕੁਰਾਹੇ ਪਈ ਹੋਈ ਮੁੰਡੀਹਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀਆਂ ਫਿਲਮਾਂ ਕੇਂਦਰੀ ਸਰਕਾਰ ਦੀਆਂ ਉਹਨਾਂ  ਨੀਤੀਆਂ ਦਾ ਹਿੱਸਾ ਮਾਤਰ ਕਹੀਆਂ ਜਾ ਸਕਦੀਆਂ ਹਨ ਜਿਹੜੀਆਂ ਪੀੜਤਾਂ ਨੂੰ ਸਿੱਧੇ ਰੂਪ 'ਚ ਇਹ ਨਹੀਂ ਕਹਿ ਸਕਦੀਆਂ ਕਿ, 'ਜੇ ਬੰਦੇ ਨਾ ਬਣੇ ਤਾਂ ਮਰਨ ਲਈ ਤਿਆਰ ਰਹੋ' ਅਤੇ ਢਾਈ ਘੰਟੇ 'ਚ ਇਹ ਨਿਚੋੜ ਕੱਢ ਕੇ ਦਿਖਾ ਦਿੱਤਾ ਜਾਂਦਾ ਹੈ ਕਿ ਜੇ ਹਥਿਆਰ ਨਾ ਸੁੱਟੇ ਤਾਂ ਅਜਿਹੇ ਨਤੀਜੇ ਭੁਗਤਣ ਲਈ ਤਿਆਰ ਰਹੋ। ਭਾਵ ਵਿਕਾਸ ਦੀ ਡੌਂਡੀ ਪਿੱਟਣ ਵਾਲੇ ਮੁਲਕ ਵਿੱਚ ਪੀੜਤਾਂ ਨੂੰ ਇੱਕ ਪਾਸੇ ਬੰਦੂਕ ਦੀ ਨੋਕ 'ਤੇ ਰੋਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਦਬਾਅ ਅਤੇ ਦਹਿਸ਼ਤ ਦੀ ਅਤਿ ਆਧੁਨਿਕ ਕਲਾਤਮਕ ਤਕਨੀਕ ਰਾਹੀਂ ਅਜਿਹਾ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਉਸ ਨੂੰ ਦੇਖ ਕੇ ਪੀੜਤਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਆਜ਼ਾਦੀ ਸੰਘਰਸ਼ ਤੋਂ ਤੌਬਾ ਕਰ ਲੈਣ। ਬੰਦੂਕ ਦੀ ਨੋਕ 'ਤੇ ਪੀੜਤਾਂ ਨੂੰ ਦੇਸ਼ ਪਿਆਰ ਦੇ ਗੀਤ ਗਾਉਣ ਲਈ ਧਮਕਾਇਆ ਜਾ ਰਿਹਾ ਹੈ। 'ਪਰਜ਼ਾਨੀਆਂ' ਫਿਲਮ ਨੂੰ ਛੱਡ ਕੇ ਭਾਰਤ 'ਚ ਬਣੀਆਂ ਬਾਕੀ ਫਿਲਮਾਂ ਸਰਕਾਰੀ ਪ੍ਰਚਾਰ ਕਰਨ ਵਾਲੀਆਂ ਸਾਬਤ ਹੋਈਆਂ ਹਨ।

'ਸ਼ਿੰਡਲਰ'ਜ਼ ਲਿਸਟ' ਅਤੇ 'ਪਰਜ਼ਾਨੀਆ' ਦੇ ਮੁਕਾਬਲੇ 'ਤੇ ਅਸੀਂ ਪੰਜਾਬੀ ਸਿਨਮੇ ਬਾਰੇ ਸੋਚੀਏ ਤਾਂ ਸਾਡੇ ਹੱਥ ਬਿਲਕੁਲ ਖਾਲੀ ਰਹਿ ਜਾਂਦੇ ਹਨ। ਸਮੱਸਿਆਵਾਂ ਦੇ ਨਾਮ 'ਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਸਿੱਖਾਂ ਨੂੰ 'ਬੰਦੇ ਬਣ ਜਾਣ' ਦੀ ਧਮਕੀ ਦੇਣ ਦੇ ਮਨਸ਼ੇ ਨਾਲ ਬਣੀਆਂ। ਦਿਲਜੀਤ ਦੁਸਾਂਝ ਦੀ ਭੂਮਿਕਾ ਵਾਲੀ ਫਿਲਮ 'ਪੰਜਾਬ 1984' ਫਿਲਮ ਨੂੰ ਵੀ 'ਧਮਕੀ' ਵਾਲੀ ਕੜੀ ਵਜੋਂ ਹੀ ਦੇਖਿਆ ਜਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਕਿ 'ਪੰਜਾਬ 1984' ਵਿਚ ਫਿਲਮ ਦਾ ਮੁੱਖ ਪਾਤਰ ਸ਼ਿਵ (ਦਿਲਜੀਤ ਦੋਸਾਂਝ) ਆਪਣੀ ਪਿਤਾਪੁਰਖੀ ਨਿੱਜੀ ਜ਼ਮੀਨ ਬਚਾਉਣ ਵਾਸਤੇ ਖਾੜਕੂ ਬਣਦਾ ਦਿਖਾਇਆ ਗਿਆ ਹੈ ਜਿਹੜਾ ਬੇਕਸੂਰ ਲੋਕਾਂ ਨੂੰ ਮਾਰਨ ਲਈ ਬੱਸ 'ਚ ਬੰਬ ਰੱਖ ਦਿੰਦਾ ਹੈ ਪਰ ਆਪਣੀ ਹੀ ਮਾਂ ਦੇ ਬੱਸ ਵਿੱਚ ਬੈਠੇ ਹੋਣ ਦਾ ਪਤਾ ਲੱਗਣ 'ਤੇ ਬੰਬ ਧਮਾਕੇ ਦਾ ਪ੍ਰੋਗ੍ਰਾਮ ਕੈਂਸਲ ਵੀ ਕਰ ਦਿੰਦਾ ਹੈ। ਦਰਅਸਲ ਜਿਵੇਂ ਫ਼ਿਲਮ ਵਿੱਚ ਪੇਸ਼ ਕੀਤਾ ਗਿਆ ਹੈ ਪੰਜਾਬ ਦੀ ਸਿੱਖ ਸਮੱਸਿਆ ਵਿਚ ਅਜਿਹੀ ਦੁਚਿੱਤੀ ਵਾਲੀ ਹਾਲਤ ਕਦੇ ਨਹੀਂ ਬਣੀ। ਸਰਕਾਰੀ ਧਿਰ ਦੇ ਪੱਖ ਤੋਂ ਲੜਾਈ ਨੂੰ ਦੇਖੀਏ ਤਾਂ ਆਮ ਲੋਕ ਇਸ ਗੱਲ ਤੋਂ ਚੰਗੀ ਤਰਾਂ ਵਾਕਿਫ਼ ਸਨ। ਦੂਜੇ ਪਾਸੇ ਲੋਕ ਇਹ ਵੀ ਜਾਣਦੇ ਹਨ ਕਿ ਸਰਕਾਰ ਦੇ ਹਮਦਰਦ ਦਿਖਾਈ ਦਿੰਦੇ ਚਿਹਰਿਆਂ ਪਿੱਛੇ ਇੱਕ ਬਹੁਤ ਘਿਨਾਉਣਾ ਖਲਨਾਇਕ ਲੁਕਿਆ ਹੋਇਆ ਹੈ। ਪੰਜਾਬ ਦੀ ਮਿੱਟੀ, ਭਾਸ਼ਾ ਅਤੇ ਪਾਣੀਆਂ ਦੀ ਲੁੱਟ ਰੋਕਣ ਲਈ ਲੜ ਰਹੇ ਖਾੜਕੂ ਮੁੰਡਿਆਂ ਦੇ ਹੱਥਾਂ ਵਿਚ ਅਸਾਲਟਾਂ ਹੋਣ ਦੇ ਬਾਵਜੂਦ ਉਹ ਸਮੁੱਚੇ ਪੰਜਾਬੀਆਂ ਲਈ ਨਾਇਕ ਸਿੱਧ ਹੁੰਦੇ ਹਨ। ਉਹਨਾਂ ਦੇ ਅਜਿਹੇ ਲੋਕ-ਨਾਇਕ ਹੋਣ ਦੀ ਛਵੀ ਨੂੰ ਤੋੜਨ ਲਈ ਸਰਕਾਰੀ ਜਬਰ ਦੇ ਨਾਲ ਫ਼ਿਲਮਾਂ ਦਾ ਕਲਾਤਮਕ ਤਰੀਕਾ ਵੀ ਨਾਲ ਨਾਲ ਵਰਤਿਆ ਗਿਆ। 1993 ਤੱਕ ਲੜੀ ਗਈ ਹਥਿਆਰਬੰਦ ਲੜਾਈ 'ਚ ਸਿੱਖ ਖਾੜਕੂਆਂ ਦੀ ਧਿਰ ਹਾਰ ਕੇ ਵੀ ਜਿੱਤੀ ਹੋਈ ਪ੍ਰਤੀਤ ਹੁੰਦੀ ਹੈ ਜਦੋਂ ਕੇਪੀ ਗਿੱਲ ਜਿਹੇ ਜ਼ਾਲਮ ਪੁਲਿਸ ਅਫ਼ਸਰ ਮਨੁੱਖਤਾ ਤੋਂ ਡਿੱਗੀਆਂ ਹੋਈਆਂ ਤਸ਼ੱਦਦ ਦੀਆਂ ਕਾਰਵਾਈਆਂ ਨਾਲ ਥਾਣਿਆਂ 'ਚ ਸਿੱਖ ਕੁੜੀਆਂ ਨਾਲ ਜ਼ਬਰ ਜਿਨਾਹ ਕਰਦੇ ਹਨ। ਜ਼ੁਲਮ, ਤਸ਼ੱਦਦ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਸਿਲਵਰ ਸਕਰੀਨ 'ਤੇ ਪੇਸ਼ ਕੀਤੇ ਜਾਣ ਦੇ ਨਾਲ ਹੱਕਾਂ ਲਈ ਕੀਤੇ ਜਾਣ ਵਾਲਾ ਸੰਘਰਸ਼ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਕਲਾ ਦੀ ਤਕਨੀਕ ਰਾਹੀਂ ਦਿਖਾਇਆ ਨਹੀਂ ਜਾ ਸਕਿਆ। ਜੇ ਤੁਹਾਡੇ ਕੋਲ ਸਟੀਵਨ ਸਪੀਲਬਰਗ ਜਿਹਾ ਨਿਰਦੇਸ਼ਕ ਅਤੇ ਪੈਸਾ ਨਹੀਂ ਹੈ ਤਾਂ ਅਜਿਹੇ ਵਿਸ਼ਿਆਂ ਨੂੰ ਵਿਆਪਕ ਤਰੀਕੇ ਨਾਲ ਸਿਨਮਾ ਦੇ ਪਰਦੇ 'ਤੇ ਦਿਖਾਏ ਜਾਣ ਲਈ ਫ਼ਿਲਮਾਇਆ ਜਾਣਾ ਬਹੁਤ ਔਖ਼ਾ ਹੁੰਦਾ ਹੈ।

ਪੰਜਾਬੀ ਸਿਨਮਾ 'ਚ 2010 ਤੋਂ ਬਾਅਦ ਅਜਿਹੀ ਕੋਸ਼ਿਸ਼ ਹੋਈ ਜਰੂਰ ਪਰ ਸਿਰਫ਼ ਸਿੱਖ ਦਰਸ਼ਕਾਂ ਨੂੰ ਨਿਸ਼ਾਨਾ ਬਣਾ ਕੇ ਜਾਂ ਉਹਨਾਂ ਦੀ ਜੇਬ ਨੂੰ ਧਿਆਨ 'ਚ ਰੱਖਦਿਆਂ ਇੰਝ ਕੀਤਾ ਗਿਆ। ਲੋਟੂ ਕਿਸਮ ਦੇ ਡਾਇਰੈਕਟਰਾਂ/ਪ੍ਰੋਡਿਊਸਰਾਂ ਨੇ ਵਿਦੇਸ਼ਾਂ 'ਚ ਸਥਾਪਤ ਹੋਏ ਸਿੱਖਾਂ  ਨੂੰ ਅਜਿਹੀਆਂ ਫ਼ਿਲਮਾਂ 'ਚ ਪੈਸਾ ਲੁਆ ਕੇ ਚੰਗਾ ਖਾਸਾ ਲੁੱਟਿਆ। ਕੋਈ ਦਰਜਨ ਦੇ ਕਰੀਬ ਅਜਿਹੀਆਂ ਫਿਲਮਾਂ ਬਣੀਆਂ ਜਿਹੜੀਆਂ ਸਿੱਖ ਸਮੱਸਿਆਵਾਂ ਨੂੰ ਪੇਸ਼ ਕਰਨ ਦਾ ਦਾਅਵਾ ਮਾਤਰ ਕਰਦੀਆਂ ਸਨ। ਸਿਰਫ 'ਦਾਅਵਾ' ਹੀ ਕੀਤਾ ਗਿਆ ਸੀ, ਇਹਨਾਂ 'ਚ ਅਜਿਹਾ ਕੁਝ ਨਹੀਂ ਸੀ ਕਿ ਕੋਈ ਫਿਲਮ 'ਪਰਜ਼ਾਨੀਆ' ਦੇ ਪੱਧਰ ਤੱਕ ਵੀ ਪਹੁੰਚ ਸਕਦੀ। ਅਜਿਹੇ ਡਾਇਰੈਕਟਰਾਂ ਨੇ ਘਿਸੀਆਂ ਪਿਟੀਆਂ ਫਿਲਮਾਂ ਬਣਾ ਕੇ ਜਿਥੇ ਆਪਣੀਆਂ ਜੇਬਾਂ ਭਰੀਆਂ ਉਥੇ ਕੁਝ ਅਜਿਹੇ ਅਸਲ ਜ਼ਿੰਦਗੀ ਦੇ ਨਾਇਕਾਂ ਦੇ ਜੀਵਨ ਅਤੇ ਪਾਏਦਾਰ ਸੱਚੀਆਂ ਘਟਨਾਵਾਂ ਨੂੰ ਹਲਕੇ ਤਰੀਕੇ ਦੀ ਰਾਮ-ਲੀਲ੍ਹਾ ਢੰਗ ਨਾਲ ਪੇਸ਼ ਕਰਕੇ ਖਤਮ ਕਰ ਦਿੱਤਾ। ਅਜਿਹੇ ਵਿਸ਼ਿਆਂ 'ਤੇ ਚੰਗੀਆਂ ਫਿਲਮਾਂ ਬਣ ਸਕਦੀਆਂ ਸਨ। ਅਜਿਹੀਆਂ ਫ਼ਿਲਮਾਂ ਦਾ ਅਧਿਐਨ ਕੀਤਿਆਂ ਜਾਪਦਾ ਹੈ ਕਿ ਅਜਿਹੇ ਫ਼ਿਲਮ ਡਾਇਰੈਕਟਰ ਭਾਰਤ ਸਰਕਾਰ ਲਈ ਕੰਮ ਕਰ ਰਹੇ ਹੋਣ। ਕਿਉਂਕਿ ਗੰਭੀਰ ਕਿਸਮ ਦੀਆਂ ਸਿੱਖ ਸਮੱਸਿਆਵਾਂ 'ਤੇ ਚਾਲੂ ਕਿਸਮ ਦੀਆਂ 'ਸੀ' ਗਰੇਡ ਦੀਆਂ ਫਿਲਮਾਂ ਬਣਨ ਨਾਲ ਭਾਰਤ ਸਰਕਾਰ ਨੂੰ ਫਾਇਦਾ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਕਿ ਅਸਫਲ ਅਤੇ ਘਟੀਆ ਫਿਲਮ ਬਣਨ ਨਾਲ ਇਕ ਸਿੱਖ ਦੀ ਜੇਬ ਖਾਲੀ ਹੋਈ ਹੈ। ਦੂਜੀ ਗੱਲ ਇਹ ਕਿ ਜਿਹੜਾ ਸਿੱਖ ਦਰਸ਼ਕ ਘਟੀਆ (ਤਕਨੀਕੀ ਪੱਧਰ 'ਤੇ) ਫਿਲਮ ਨੂੰ ਦੇਖੇਗਾ, ਉਹ ਦੁਬਾਰਾ ਅਜਿਹੇ ਵਿਸ਼ੇ ਵਾਲੀ ਫਿਲਮ ਦੇਖਣ ਦਾ ਜਿਗਰਾ ਨਹੀਂ ਦਿਖਾ ਸਕੇਗਾ। ਲੋਟੂ ਡਾਇਰੈਕਟਰਾਂ ਦੇ ਚੱਕਰ 'ਚ ਫਸਣ ਵਾਲੇ ਅਮੀਰ ਸਿੱਖਾਂ ਪ੍ਰੋਡਿਊਸਰਾਂ ਨੇ 'ਸ਼ਿੰਡਲਰ'ਜ਼ ਲਿਸਟ' ਅਤੇ 'ਪਰਜ਼ਾਨੀਆ' ਜਿਹੀਆਂ ਫਿਲਮਾਂ ਨਹੀਂ ਦੇਖੀਆਂ ਹੋਣਗੀਆਂ। 'ਸੁੱਖਾ ਜਿੰਦਾ', 'ਕੌਮ ਦੇ ਹੀਰੇ' ਅਤੇ 'ਤੂਫ਼ਾਨ ਸਿੰਘ' ਜਿਹੀਆਂ ਫ਼ਿਲਮਾਂ ਲਈ ਕਹਾਣੀ ਅਤੇ ਸਕਰੀਨ ਰਾਈਟਿੰਗ ਅਤੇ ਕਾਸਟਿੰਗ 'ਤੇ ਕਿੰਨੀ ਕੁ ਮਿਹਨਤ ਕੀਤੀ ਗਈ ਇਸ ਬਾਰੇ ਗੱਲ ਕਰਨੀ ਬੇ-ਮਾਅਨੇ ਹੋਵੇਗੀ ਕਿਉਂਕਿ ਹਾਲੇ ਅਸੀਂ ਫ਼ਿਲਮ ਤਕਨੀਕ ਅਤੇ ਕਹਾਣੀ ਦੇ ਨਿਭਾਅ ਬਾਰੇ ਵਿਚਾਰ ਵਟਾਂਦਰੇ ਤੱਕ ਨਹੀਂ ਪਹੁੰਚੇ। ਇਸ ਦੇ ਬਾਅਦ ਕਿਤੇ ਜਾ ਕੇ ਡਾਇਰੈਕਟਰ ਦੀ ਚੋਣ ਦੀ ਗੱਲ ਆਉਂਦੀ ਹੈ।

ਹਾਲੀਵੁਡ ਦੀ ਇਕ ਹੋਰ ਖੂਬਸੂਰਤ ਫਿਲਮ 'ਐਨਿਮੀ ਐਟ ਦ ਗੇਟਸ' ਦੀ ਉਦਾਹਰਣ ਪੰਜਾਬੀ ਦਰਸ਼ਕਾਂ ਲਈ ਕਾਫ਼ੀ ਹੋ ਸਕਦੀ ਹੈ। 2001 'ਚ ਬਣੀ ਇਸ ਫਿਲਮ ਨੂੰ ਜੀਨ ਜੈਕਸ ਨੇ ਡਾਇਰੈਕਟ ਕੀਤਾ ਹੈ। ਦੂਜੀ ਵਿਸ਼ਵ ਜੰਗ ਦੌਰਾਨ ਰੂਸ ਅਤੇ ਜਰਮਨੀ 'ਚ ਹੋਈ ਲੜਾਈ ਦਾ ਇਕ ਮੁਹਾਜ਼ 'ਤੇ ਵਾਪਰਿਆ 'ਸੱਚ' ਇਸ ਫਿਲਮ 'ਚ ਦਿਖਾਇਆ ਗਿਆ ਹੈ। ਹਾਲੀਵੁੱਡ ਦੀਆਂ ਜਾਸੂਸੀ ਅਤੇ ਅਜਿਹੇ ਹੋਰਨਾਂ ਵਿਸ਼ਆਂ 'ਤੇ ਬਣੀਆਂ ਫਿਲਮਾਂ 'ਚ ਰੂਸੀਆਂ ਨੂੰ 'ਖਲਨਾਇਕ' ਵਾਂਗ ਜਾਂ ਅਮਰੀਕਾ ਵਿਰੋਧੀ ਪੁੱਠ ਦੇ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਪਰ 'ਐਨਿਮੀ ਐਟ ਦ ਗੇਟਸ' ਵਿੱਚ ਰੂਸੀਆਂ ਦੀ ਬਹਾਦਰੀ ਅਤੇ ਜ਼ਿੰਦਾਦਿਲੀ ਦੇ ਨਾਲ ਨਾਲ ਉਹਨਾਂ ਦੇ ਮਘਦੇ ਜ਼ਜ਼ਬਾਤਾਂ ਨੂੰ ਬਹੁਤ ਖੂਬਸੂਰਤੀ ਨਾਲ ਪਰਦੇ 'ਤੇ ਵਾਹਿਆ ਗਿਆ ਹੈ। ਰੂਸੀਆਂ ਬਾਰੇ ਅਜਿਹੀ ਪੇਸ਼ਕਾਰੀ ਵੀ ਅਮਰੀਕੀ ਫਿਲਮਕਾਰਾਂ ਵੱਲੋਂ ਹੀ ਕੀਤੀ ਗਈ ਹੈ। ਜਰਮਨੀ ਦੀਆਂ ਫੌਜਾਂ ਰੂਸ ਦੀਆਂ ਬਰੂਹਾਂ 'ਤੇ ਆਣ ਖੜ੍ਹੀਆਂ ਹਨ। ਜਰਮਨੀ ਦੀ ਫੌਜ ਨੇ ਰੂਸ ਦੀ ਭਾਰੀ ਤਬਾਹੀ ਕੀਤੀ ਹੈ। ਇਸ 'ਚ ਉਹਨਾਂ ਦਾ ਚੋਟੀ ਦਾ ਬੰਦੂਕਚੀ ਮੇਜਰ (ਏਡ ਹੈਨਿਸ) ਫੌਜ ਦੀ ਰੀੜ੍ਹ ਦੀ ਹੱਡੀ ਹੈ। ਉਸ ਦੀ ਬੰਦੂਕ 'ਚੋਂ ਨਿਕਲਣ ਵਾਲੀ ਗੋਲੀ ਖਾਲੀ ਨਹੀਂ ਜਾਂਦੀ। ਉਹ ਚੁਣ ਚੁਣ ਕੇ ਰੂਸੀ ਫੌਜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਦੂਜੇ ਪਾਸੇ ਰੂਸ ਦੀ ਫੌਜ ਕੋਲ ਵਾਸੀਲੀ ਜੈਤਸੇਵ (ਜੂਡ ਲਾਅ) ਨਾਮ ਦਾ ਬੰਦੂਕਚੀ ਸਾਰਜੈਂਟ ਹੈ, ਜਿਹੜਾ ਕਿਸੇ ਤਰਾਂ ਵੀ ਜਰਮਨ ਮੇਜਰ ਨਾਲੋਂ ਘੱਟ ਨਹੀਂ ਕਿਹਾ ਜਾ ਸਕਦਾ। ਪਰ ਸੱਚ ਇਹ ਹੈ ਕਿ ਰੂਸ ਦੀ ਫੌਜ ਦਾ ਡਾਹਢਾ ਨੁਕਸਾਨ ਹੋ ਰਿਹਾ ਹੈ ਅਤੇ ਦੂਜਾ ਉਸ ਨੂੰ ਜਰਮਨ ਮੇਜਰ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ। ਇਸ ਲਈ ਵਾਸੀਲੀ ਜੈਤਸੇਵ ਵਾਸਤੇ ਮਾਨਸਿਕ ਤਣਾਅ ਵਧਦਾ ਜਾ ਰਿਹਾ ਹੈ। ਪੂਰੇ ਰੂਸ ਦੀਆਂ ਨਜ਼ਰਾਂ ਵਾਸੀਲੀ ਜੈਤਸੇਵ 'ਤੇ ਲੱਗੀਆਂ ਹੋਈਆਂ ਹਨ। ਅਜਿਹੇ 'ਚ ਦੋਵਾਂ ਮੁਲਕਾਂ ਦੀ ਪ੍ਰੈਸ ਆਪਣੇ ਆਪਣੇ ਯੋਧਿਆਂ ਦਾ ਗੁਣਗਾਣ ਕਰਦੀ ਹੈ। ਵਾਸੀਲੀ ਜੈਤਸੇਵ ਨੂੰ ਰੂਸ ਦੇ ਨਾਇਕ ਵਜੋਂ ਪੇਸ਼ ਕਰਕੇ ਰੂਸੀ ਫੌਜਾਂ ਦੀ ਮਾਨਸਿਕ ਅਵਸਥਾ ਚੜ੍ਹਦੀ-ਕਲਾ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਹੱਦ 'ਤੇ ਵਸੇ ਇਕ ਪਿੰਡ 'ਚ ਰਹਿੰਦਾ ਸ਼ਾਸ਼ਾ ਨਾਮ ਦਾ 13 ਕੁ ਸਾਲਾਂ ਦਾ ਮੁੰਡਾ ਜਿਹੜਾ ਰੂਸੀ ਫੌਜਾਂ ਲਈ ਜਾਸੂਸੀ ਵੀ ਕਰਦਾ ਹੈ, ਵਾਸੀਲੀ ਜੈਤਸੇਵ ਅਤੇ ਜਰਮਨ ਮੇਜਰ ਦਰਮਿਆਨ ਕੜੀ ਦਾ ਕੰਮ ਕਰਦਾ ਹੈ। ਜਰਮਨ ਮੇਜਰ ਨੂੰ ਭੁਲੇਖਾ ਹੁੰਦਾ ਹੈ ਕਿ ਸ਼ਾਸ਼ਾ ਉਸੇ ਲਈ ਕੰਮ ਕਰਦਾ ਹੈ ਪਰ ਮੁੰਡੇ ਬਾਰੇ ਸੱਚ ਪਤਾ ਲੱਗਣ 'ਤੇ ਉਹ ਉਸ ਨੂੰ ਮਾਰ ਕੇ ਫਾਹੇ ਟੰਗ ਦਿੰਦਾ ਹੈ। ਸ਼ਾਸ਼ਾ ਦੀ ਮੌਤ ਬਾਰੇ ਪਤਾ ਚੱਲਣ 'ਤੇ ਵਾਸੀਲੀ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਅਖੀਰ ਉਹ ਆਪਣੇ ਮੁਲਕ ਦੇ ਲੋਕਾਂ ਦੀਆਂ ਆਸਾਂ 'ਤੇ ਖਰਾ ਉਤਰਦਾ ਹੋਇਆ ਜਰਮਨ ਮੇਜਰ ਨੂੰ ਲੜਾਈ ਦੇ ਮੈਦਾਨ 'ਚ ਢੇਰੀ ਕਰ ਦਿੰਦਾ ਹੈ। ਫਿਲਮ 1942-43 'ਚ ਰੂਸ ਦੀ ਸਰਹੱਦ 'ਤੇ ਵਾਪਰੀ ਇਕ ਘਟਨਾ ਤੇ ਅਧਾਰਤ ਹੈ। ਇਸ ਘਟਨਾ ਨੇ ਵਿਸ਼ਵ ਦੇ ਇਤਿਹਾਸ 'ਤੇ ਵੀ ਅਸਰ ਪਾਇਆ। ਜਰਮਨੀ ਅਤੇ ਰੂਸ ਦੇ ਲੋਕਾਂ ਦੇ ਜੀਵਨ 'ਤੇ ਵੀ। ਫਿਲਮ ਤੋਂ ਇਹ ਵੀ ਪਤਾ ਚਲਦਾ ਹੈ ਕਿ ਰੂਸ ਦੀਆਂ ਮੁਟਿਆਰਾਂ ਵੀ ਜੰਗ ਦੇ ਮੁਹਾਜ਼ 'ਤੇ ਮਰਦਾਂ ਵਾਂਗ ਲੜੀਆਂ। ਪਰ ਫਿਲਮ ਦਾ ਮਕਸਦ ਸਿਰਫ ਐਨਾ ਨਹੀਂ ਸੀ ਅਤੇ ਨਾ ਹੀ 1942-43 ਦੀਆਂ ਦੂਜੀ ਵਿਸ਼ਵ ਜੰਗ ਦੀਆਂ ਘਟਨਾਵਾਂ ਨੂੰ ਮਨੋਰੰਜਨ ਦਾ ਆਧਾਰ ਬਣਾ ਕੇ ਪੈਸੇ ਕਮਾਉਣਾ। ਇਹ ਫ਼ਿਲਮ ਇਸ ਤੋਂ ਕਿਤੇ ਵੱਧ ਕੇ ਰੂਸੀ ਲੋਕਾਂ ਦੀ ਜ਼ਿੰਦਾਦਿਲੀ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਇਸ ਦੇ ਟਾਕਰੇ 'ਤੇ ਜਰਮਨੀ ਦੀਆਂ ਫੌਜਾਂ ਦੇ ਜ਼ੁਲਮ ਉਸਨੂੰ ਖਲਨਾਇਕੀ ਦਾ ਰੰਗ ਵੀ ਦੇ ਰਹੇ ਹਨ। ਸਭ ਤੋਂ ਵੱਧ ਕੇ ਇਹ ਕਿ 'ਐਨਿਮੀ ਐਟ ਦ ਗੇਟਸ' ਜਰਮਨੀ ਵਿਰੁੱਧ ਤਮਾਮ ਰੂਸੀਆਂ ਦੇ ਇਕ ਮੁੱਠ ਹੋ ਕੇ ਲੜਨ ਦੀ ਵਾਰਤਾ ਹੈ।

'ਦ ਬਲੈਕ ਪ੍ਰਿੰਸ' ਸਿੱਖ ਰਾਜ ਦੇ ਆਖਰੀ ਮਹਾਰਾਜੇ ਦੇ ਮਾਨਸਿਕ ਸੰਘਰਸ਼ ਨੂੰ ਪੇਸ਼ ਕਰਦੀ ਇੱਕ ਵੱਡੇ ਕੈਨਵਸ ਦੀ ਫ਼ਿਲਮ 2017 'ਚ ਰਿਲੀਜ਼ ਹੁੰਦੀ ਹੈ। ਇਸ ਗੰਭੀਰ ਕਿਸਮ ਦੇ ਵਿਸ਼ੇ 'ਤੇ ਫ਼ਿਲਮ ਬਣਾਉਣ ਬਾਰੇ ਕੇਵਲ ਸੋਚਣਾ ਹੀ ਇੱਕ ਬਹੁਤ ਵੱਡਾ ਅਤੇ ਜਟਿਲ ਕਾਰਜ ਹੈ ਪਰ ਇਸ ਨੂੰ ਨਿਭਾਉਣਾ ਹੋਰ ਵੀ ਵੱਡਾ। ਇਤਿਹਾਸਕ ਕਿਰਦਾਰਾਂ ਅਤੇ ਕਹਾਣੀ ਨੂੰ ਪਰਦੇ 'ਤੇ ਦੇਖਣ ਲਈ ਬਣਾਇਆ ਜਾਣਾ ਇੰਨਾ ਔਖਾ ਕਾਰਜ ਹੈ ਕਿ ਨਿਰਮਾਣਕਾਰ ਕੋਲ ਕਿਸੇ ਤਰਾਂ ਦੀ ਭੁੱਲ ਚੁੱਕ ਦੀ ਗੁੰਜਾਇਸ਼ ਨਹੀਂ ਹੁੰਦੀ। 'ਦ ਬਲੈਕ ਪ੍ਰਿੰਸ' ਫ਼ਿਲਮ ਦੇ ਤਕਨੀਕੀ ਪੱਖ ਅਤੇ ਕਹਾਣੀ ਦੇ ਨਿਭਾਅ ਤੋਂ ਸਭ ਕੁਝ ਠੀਕ ਹੋ ਗਿਆ ਪਰ ਫ਼ਿਲਮ ਦੇ ਅਖੀਰ 'ਚ ਆਪਣੀ ਜ਼ਿੰਦਗੀ ਦੇ ਆਖਰੀ ਵਕਤ ਬਿਸਤਰੇ 'ਤੇ ਮੌਤ ਨਾਲ ਲੜਦਿਆਂ ਦਲੀਪ ਸਿੰਘ ਦੇ ਮੂੰਹੋਂ ਕਹੇ ਗਏ ਕੁਝ ਸ਼ਬਦ ਭਰਮ ਜਾਲ ਪੈਦਾ ਕਰ ਗਏ। ਹਾਲਾਂਕਿ ਇਸ ਬਾਰੇ ਫ਼ਿਲਮ ਦੇ ਨਿਰਮਾਤਾ ਵੱਲੋਂ ਬਾਅਦ ਵਿਚ ਸਪਸ਼ਟ ਵੀ ਕੀਤਾ ਜਾ ਚੁੱਕਾ ਹੈ। ਨਿਰਦੇਸ਼ਕ ਕਵੀ ਰਾਜ ਅਤੇ ਨਿਰਮਾਤਾ ਨੇ ਇਸ ਵੱਡੇ ਕੈਨਵਸ ਨੂੰ ਅਸਲ ਇਤਿਹਾਸ ਦੇ ਰੂਬਰੂ ਰੱਖਣ ਲਈ ਸਬੰਧਤ ਇਤਿਹਾਸਕ ਥਾਵਾਂ ਉੱਤੇ ਹੀ ਫ਼ਿਲਮ ਨੂੰ ਸ਼ੂਟ ਕੀਤਾ ਹੈ। ਵਿਚ ਵਿਚ ਫ਼ਿਲਮ ਦੀ ਰਫਤਾਰ ਸੁਸਤ ਹੋ ਜਾਂਦੀ ਹੈ। ਸਤਿੰਦਰ ਸਰਤਾਜ ਨੂੰ ਐਕਟਿੰਗ ਦੇ ਖੇਤਰ 'ਚ ਹੋਰ ਮਿਹਨਤ ਕਰਨ ਦੀ ਲੋੜ ਹੈ। ਗੰਭੀਰ ਕਿਸਮ ਦੇ ਇਤਿਹਾਸਕ ਵਿਸ਼ੇ ਵਾਲੀ ਫ਼ਿਲਮ 'ਚ ਸਰਤਾਜ ਦਾ ਗੀਤ ਬਿਰਤਾਂਤ ਨੂੰ ਤੋੜਦਾ ਸੀ।

ਜੇ ਅੱਜ ਦੇ ਪੰਜਾਬੀ ਸਿਨਮੇ ਦੀ ਗੱਲ ਕਰੀਏ ਤਾਂ ਅਮਨ ਖਟਕੜ ਅਤੇ ਐਕਟਰ ਅਮਰਿੰਦਰ ਗਿੱਲ ਦੇ ਸਾਂਝੇ ਗਰੁੱਪ ਵੱਲੋਂ ਤਕਨੀਕ ਅਤੇ ਕਹਾਣੀ ਦੇ ਨਿਭਾਅ ਪੱਖੋਂ ਕਈ ਨਿੱਗਰ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਪੰਜਾਬੀ ਸਿਨਮੇ 'ਚ ਗਰੁੱਪਬਾਜ਼ੀ ਜਾਂ ਕਹਿ ਲਓ 'ਸਫਬੰਦੀ' ਇਸ ਨਾਲ ਫ਼ਿਲਮਕਾਰੀ ਸਨਅਤ ਨੇ ਤਰੱਕੀ ਕੀਤੀ ਹੈ ਪਰ ਹਾਲ ਦੀ ਘੜੀ ਪੰਜਾਬੀ ਫ਼ਿਲਮਾਂ 'ਚ ਉਹਨਾਂ ਕਹਾਣੀਆਂ ਅਤੇ ਮਜ਼ਮੂਨਾਂ ਨੂੰ ਛੋਹਿਆ ਤੱਕ ਨਹੀਂ ਗਿਆ ਜਿਹੜੇ ਸਿਧੇ ਤੌਰ 'ਤੇ ਪੰਜਾਬ ਦੀ ਰੂਹ ਨਾਲ ਓਤਪੋਤ ਹਨ। ਇਸ ਦੀ ਵਜ੍ਹਾ ਸ਼ਾਇਦ ਭਾਰਤ ਸਰਕਾਰ ਦਾ ਦਬਾਅ ਜਾਂ ਫ਼ਿਲਮ ਸਨਅਤ ਨਾਲ ਜੁੜੇ ਲੋਕਾਂ ਦੀ ਸਿੱਖ ਰਾਜ ਅਤੇ ਉਸਦੇ ਨਾਇਕਾਂ ਨਾਲ ਕੋਈ ਭਾਵਨਾਤਮਕ ਸਾਂਝ ਨਾ ਹੋਣਾ ਕਿਹਾ ਜਾ ਸਕਦਾ ਹੈ। ਫਿਰ ਵੀ 'ਸੱਜਣ ਸਿੰਘ ਰੰਗਰੂਟ' ਜਿਹੀ ਫ਼ਿਲਮ ਦਾ ਬਣਨਾ ਸੁਆਗਤਯੋਗ ਹੈ। ਸੁਣਨ ਵਿਚ ਆ ਰਿਹਾ ਹੈ ਕਿ 'ਦ ਬਲੈਕ ਪ੍ਰਿੰਸ' ਫ਼ਿਲਮ ਦਾ ਨਿਰਦੇਸ਼ਕ ਕਵੀ ਰਾਜ ਕਰਤਾਰ ਸਿੰਘ ਸਰਾਭਾ ਦੇ ਜੀਵਨ 'ਤੇ ਇੱਕ ਵੱਡੀ ਫ਼ਿਲਮ ਬਣਾਉਣ ਵਿਚ ਮਸ਼ਗੂਲ ਹੈ। ਕੁੱਲ ਮਿਲਾ ਕੇ ਸਿੱਖ ਸਮਸਿਆਵਾਂ ਨੂੰ ਪੇਸ਼ ਕਰਨ ਵਾਲੇ ਮਜ਼ਮੁਨਾਂ ਦੀ ਘਾਟ ਦਿਖਾਈ ਦੇ ਰਹੀ ਹੈ ਪਰ ਸਿੱਖ ਕਿਰਦਾਰਾਂ ਦੀ ਗੱਲ ਬਾਲੀਵੁਡ 'ਚ ਚੱਲਣੀ ਸ਼ੁਰੂ ਹੋ ਚੁੱਕੀ ਹੈ। ਨੈਟਫਲਿਕਸ 'ਤੇ ਚੱਲ ਰਹੇ ਸੀਰੀਜ਼ 'ਸੇਕਰਡ ਗੇਮਜ਼' 'ਚ ਸੈਫ ਅਲੀ ਖਾਨ ਵੱਲੋਂ ਨਿਭਾਏ ਗਏ ਰੋਲ ਅਤੇ ਉਸਦੀ ਦਿੱਖ ਨੇ ਸਾਰੀਆਂ ਨੂੰ ਪ੍ਰਭਾਵਤ ਕੀਤਾ ਹੈ। ਬਾਲੀਵੁਡ ਦੇ ਹੋਰਨਾਂ ਐਕਟਰਾਂ ਵੱਲੋਂ ਵੀ ਸਿੱਖ ਕਿਰਦਾਰ ਨਿਭਾਏ ਜਾਣ ਮੌਕੇ ਪੱਗ ਬੰਨ੍ਹਣ ਦੇ ਤਰੀਕੇ ਅਤੇ ਉਸ ਦੀ ਪੇਸ਼ਕਾਰੀ ਦਾ ਖਾਸ ਖਿਆਲ ਰਖਿਆ ਜਾਣ ਲੱਗਾ ਹੈ। ਰਣਬੀਰ ਕਪੂਰ ਵੱਲੋਂ ਫ਼ਿਲਮ 'ਰਾਕੇਟ ਸਿੰਘ' 'ਚ ਕੀਤੇ ਗਏ ਕੰਮ ਨੂੰ ਬਹੁਤ ਪਸੰਦ ਕੀਤਾ ਗਿਆ ਸੀ।

ਨੈਟਫਲਿਕਸ ਨੇ ਸੰਸਾਰ ਭਰ 'ਚ ਟੀਵੀ ਅਤੇ ਸਿਨਮੇ ਨੂੰ ਸਿੱਧੀ ਚੁਣੌਤੀ ਦਿਤੀ ਹੈ। ਇਸ ਦੇ ਸਾਹਮਣੇ ਵੱਖ ਵੱਖ ਮੁਲਕਾਂ ਦੇ ਸੈਂਸਰ ਬੋਰਡਾਂ ਦੀਆਂ ਸੱਖਤ ਸ਼ਰਤਾਂ ਦਮ ਤੋੜ ਦੇਣਗੀਆਂ। ਇਸ ਨਾਲ ਕਈ ਨਵੇਂ ਅਤੇ ਐਕਸਪੈਰੀਮੈਂਟਲ ਫ਼ਿਲਮਕਾਰਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਸਿੱਖ ਨਿਰਦੇਸ਼ਕ ਅਤੇ ਨਿਰਮਾਤਾ ਫ਼ਿਲਮਕਾਰੀ ਦੇ ਇਸ ਆਉਣ ਵਾਲੇ ਦੌਰ 'ਚ ਕਿਥੇ ਫਿੱਟ ਹੋਵੇਗਾ ਇਹ ਦੇਖਣ ਲਈ ਇੰਤਜ਼ਾਰ ਕਰਦੇ ਹਾਂ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।