ਫੁਕਰੇ ਗਾਇਕਾਂ ਤੋਂ ਪੰਜਾਬੀ ਸੱਭਿਆਚਾਰ ਬਚਾਓ

ਫੁਕਰੇ ਗਾਇਕਾਂ ਤੋਂ ਪੰਜਾਬੀ ਸੱਭਿਆਚਾਰ ਬਚਾਓ

ਮਨਜਿੰਦਰ ਕਾਲਾ ਸਰੌਦ

ਪਿਛਲੇ ਦਿਨਾਂ ਤੋਂ ਇੱਕ ਗੀਤ ਦੇ ਬੋਲ ਵਾਰ-ਵਾਰ ਜ਼ਿਹਨ ਵਿੱਚ ਆ ਰਹੇ ਹਨ। ਕਿਸੇ ਕਲਾਕਾਰ ਨੇ ਕਿਹਾ ਹੈ, 'ਇੱਕ ਵਾਰ ਜੇ ਤੁਰਗੀ ਮਾਂ, ਤੂੰ ਮੁੜ ਨਹੀਂ ਆਉਣਾ।' ਰੱਬ ਤੇਰੀ ਗਾਇਕੀ ਨੂੰ ਸਦਾ ਸਲਾਮਤ ਰੱਖੇ, ਜਿਹੜੀ ਮਾਂ ਦੇ ਪਿਆਰ ਦਾ ਫ਼ਰਜ਼ ਤਾਂ ਚੇਤੇ ਕਰਵਾਉਂਦੀ ਏ। ਨਹੀਂ ਤਾਂ ਪੰਜਾਬੀ ਗਾਇਕੀ ਦਾ ਮੰਦਾ ਹਾਲ ਸਭ ਦੇ ਸਾਹਮਣੇ ਹੈ। ਜਦ ਵੀ ਇਹ ਮਾਂ ਵਾਲਾ ਗੀਤ ਸੁਣਦਾ ਹਾਂ ਤਾਂ ਕਲੇਜਿਓਂ ਧੂਹ ਨਿਕਲਦੀ ਹੈ। ਇਸ ਗੀਤ ਨੇ ਉਨ੍ਹਾਂ ਮਾੜਾ ਗਾਉਣ ਵਾਲਿਆਂ ਲਈ ਇੱਕ ਨਸੀਹਤ ਦਾ ਕੰਮ ਜ਼ਰੂਰ ਕੀਤਾ ਹੈ। ਕਿੱਥੇ ਨੇ ਉਹ ਗੀਤ ਜਿਹੜੇ ਕਹਿੰਦੇ ਨੇ, 'ਜੱਟ ਦੇ ਠਿਕਾਣੇ ਬੱਲੀਏ, ਰੱਬ ਵੀ ਨਾ ਜਾਣੇ ਬੱਲੀਏ।' ਇਹੋ ਜਿਹੇ ਗੀਤ ਅੱਜ ਪੰਜਾਬ ਦੀ ਸਮੁੱਚੀ ਫਿਜ਼ਾ ਨੂੰ ਗੰਧਲਾ ਕਰ, ਅਪਰਾਧਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਚੰਗਾ ਭਲਾ ਵਧੀਆ ਗਾਉਂਦੇ ਕਈ ਕਲਾਕਾਰ ਜਿਸ ਵੇਲੇ ਦੇਖਾ-ਦੇਖੀ ਮਾੜੇ ਹੱਥਕੰਡੇ ਅਪਣਾਉਂਦੇ ਹਨ, ਤਾਂ ਦਿਲ ਦੁਖੀ ਜ਼ਰੂਰ ਹੁੰਦਾ ਹੈ। 
ਗਾਇਕ ਰਵਿੰਦਰ ਗਰੇਵਾਲ ਦੇ ਗੀਤਾਂ ਨੂੰ ਮੈਂ ਕਦੇ ਵੀ ਆਪਣੇ ਤੌਰ 'ਤੇ ਵਧੀਆ ਨਹੀਂ ਸੀ ਮੰਨਿਆ, ਸਿਵਾਏ ਕੁਝ ਗੀਤਾਂ ਤੋਂ, ਪਰ ਜਦ ਉਸ ਦੇ ਗੀਤਾਂ ਅਤੇ ਆਹ ਚੱਕ-ਲਊ, ਧਰ ਲਊ ਵਾਲੇ ਗੀਤਾਂ ਦੀ ਤੁਲਨਾ ਕਰਦਾ ਹਾਂ ਤਾਂ ਆਪਮੁਹਾਰੇ ਮੂੰਹੋਂ ਨਿਕਲ ਜਾਂਦੈ ਕਿ ਯਾਰ ਆਹ 'ਕਮਲ ਚੌਦਾਂ' ਨਾਲੋਂ ਤਾਂ ਉਸ ਕਲਾਕਾਰ ਦੇ ਗੀਤ ਕਈ ਦਰਜਾ ਚੰਗੇ ਹਨ। ਪਤਾ ਨਹੀਂ ਗੀਤਕਾਰ ਕੀ ਸੋਚ ਕੇ ਕੁਝ ਬੇਤੁਕੀਆਂ, ਬੇਮਤਲਬੀਆਂ, ਰਚਨਾਵਾਂ ਦੀ ਰਚਨਾ ਕਰ ਕੇ ਇਹੋ ਜਿਹੇ ਗੀਤਾਂ ਨੂੰ ਜਨਮ ਦਿੰਦੇ ਹਨ, ਜਿਵੇਂ ਉਨ੍ਹਾਂ ਨੂੰ ਸਿਰਫ਼ ਮਾੜੇ ਬੰਦਿਆਂ ਨੇ ਹੀ ਸੁਣਨਾ ਹੁੰਦੈ। ''ਪੱਲੇ ਜੱਟ ਦੇ ਸੱਤ ਕਨਾਲਾਂ'' ਜਿਹੇ ਗੀਤਾਂ ਦੀ ਰਚਨਾ ਸਿਰਫ਼ ਆਪਣਾ ਅਤੇ ਆਪਣੀ ਗਾਇਕੀ ਦਾ ਜਲੂਸ ਕਢਵਾਉਣ ਤੱਕ ਹੀ ਸੀਮਤ ਹੈ। ਹਰਜੀਤ ਹਰਮਨ ਜਿਸ ਨੇ ਸਦਾ ਵਧੀਆ ਗਾਇਆ, ਉਸ ਤੋਂ ਸੇਧ ਲੈ ਕੇ ਇਹ ਲੋਕ ਕੁਝ ਵਧੀਆ ਗਾਉਣ ਦੀ ਪਿਰਤ ਪਾਉਣ ਤਾਂ ਕਿੰਨਾ ਚੰਗਾ ਹੋਵੇ। ਅਰਸ਼ ਬੈਨੀਪਾਲ ਜਿਸ ਨੇ ਮਾਂ ਦੀ ਸਿਫ਼ਤ ਬੜੇ ਵਧੀਆ ਲਫ਼ਜ਼ਾਂ ਵਿੱਚ ਕੀਤੀ ਹੈ। ਇੱਕ ਕਲਾਕਾਰ ਤਾਂ ਇੱਥੋਂ ਤੱਕ ਆਖਦੈ ਕਿ ਉਸ ਦੀਆਂ ਕਈ ਸੌ ਲੜਕੀਆਂ ਮਿੱਤਰ ਹਨ। ਇਹੋ ਜਿਹੀਆਂ ਫੁਕਰੀਆਂ ਨੂੰ ਘਟੀਆ ਸੋਚ ਹੀ ਆਖਾਂਗੇ। ਇੱਕ ਕਲਾਕਾਰ ਤਾਂ ਆਸ਼ਕੀ ਵਿੱਚ ਪਏ ਘਾਟੇ ਨੂੰ ਲੜਕੀ ਤੋਂ ਕਲੇਮ ਲੈ ਕੇ ਪੂਰਾ ਕਰਨ ਦਾ ਕਮਲ ਵੀ ਕੁੱਟਦਾ ਹੈ। ਕਈ ਤਾਂ ਲੜਕੀਆਂ ਨੂੰ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਹੁਣ ਕੋਈ ਹੋਰ ਮਿੱਤਰ ਲੱਭ ਲਈ।
ਵਾਹ ਉਏ ਕਲਾਕਾਰੋ! ਤੁਹਾਡੀਆਂ ਇਹ ਯੱਭਲੀਆਂ, ਫ਼ਾਇਦਾ ਤਾਂ ਕਿਸੇ ਦਾ ਸ਼ਾਇਦ ਹੀ ਕਰਨ ਪਰ ਨੁਕਸਾਨ ਬਹੁਤ ਵੱਡਾ ਕਰ ਰਹੀਆਂ ਨੇ। ਸੱਭਿਅਤਾ ਦੀਆਂ ਕੋਮਲ ਸਿਨਫ਼ਾਂ 'ਤੇ ਕਹਿਰ ਢਾਹੁੰਦੇ ਇਹ ਲੋਕ ਆਪਣੇ ਆਪ ਨੂੰ ਗੁਣੀਏ ਵਿੱਚ ਕਰਨ ਲਈ ਪੂਰੇ ਸਮਾਜ ਨਾਲ ਵੱਡਾ ਧੋਖਾ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕੀ ਅੰਦਰ ਗੀਤਕਾਰ ਵਜੋਂ ਮਸ਼ਹੂਰ ਤੇ ਬਾਅਦ ਵਿੱਚ ਗਾਇਕ ਬਣੇ ਇੱਕ ਕਲਾਕਾਰ ਨੇ ਤਾਂ ਰੱਜ ਕੇ ਝੱਲ ਖਿਲਾਰਿਆ ਹੈ। ਉਹ ਤਾਂ ਇੱਕ ਗੀਤ ਰਾਹੀਂ ਸ਼ਮਸ਼ਾਨਾਂ ਦੇ ਤਾਲੇ ਖੋਲ੍ਹਣ ਤੱਕ ਵੀ ਪਹੁੰਚ ਗਿਆ ਹੈ ਅਤੇ ਆਪਣੇ ਗੀਤਾਂ ਅੰਦਰ ਰੱਜ ਕੇ ਪਿਸਤੌਲ ਤੇ ਬੰਦੂਕਾਂ ਦਾ ਜ਼ਿਕਰ ਕੀਤਾ। ਉਸ ਨੇ ਗੁਰੂ ਘਰਾਂ ਨੂੰ ਵੀ ਨਾ ਬਖ਼ਸ਼ਿਆ। ਜਿਸ ਨੇ ਲਿਖਿਆ ਅਖੇ 'ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ, ਜੇ ਵੈਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ'। ਇੱਕ ਹੋਰ ਗਾਇਕ ਕਹਿੰਦਾ ਹੈ, 'ਪਊਏ ਜਿੱਡੇ ਕੱਦ ਵਾਲੀਏ, ਟੋਲੇਂਗੀ ਤੂੰ ਦਾਰੂ ਦਾ ਡਰੰਮ ਨੀਂ'। ਅਜਿਹੇ ਗੀਤ ਤਿਆਰ ਰਚੇਤਾ ਨੂੰ ਸਰਹੱਦ 'ਤੇ ਜਾ ਕੇ ਆਪਣੇ ਕਸੀਦੇ ਪੜ੍ਹਨੇ ਚਾਹੀਦੇ ਹਨ। ਕਿਉਂ ਪੰਜਾਬ ਦੇ ਬਿਹਤਰੀਨ ਤੇ ਸਾਫ਼-ਸੁਥਰੇ ਸੱਭਿਆਚਾਰ ਨੂੰ ਸ਼ਰਮਸਾਰ ਕਰਕੇ ਅਕਲ ਤੋਂ ਖ਼ਾਲੀ ਹੋਣ ਦਾ ਸਬੂਤ ਦੇ ਰਹੇ ਹਨ? ਲੱਗਦਾ ਹੈ, ਇਹ ਗਾਇਕ ਪੰਜਾਬ ਦੀ ਸਰ-ਜ਼ਮੀਨ ਅਤੇ ਇਸ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੀ ਨਹੀਂ ਹਨ।
ਲੰਘੇ ਦਿਨੀਂ ਇੱਕ ਗੀਤਕਾਰ ਦਾ ਇੰਟਰਵਿਊ ਟੀਵੀ 'ਤੇ ਵੇਖਿਆ। ਉਹ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਰਾਹੀਂ ਕਿੰਨੇ ਹੀ ਗਾਇਕਾਂ ਅੱਗੇ ਕੀਤੇ ਤਰਲਿਆਂ ਦੀ ਕਥਾ ਸੁਣਾ ਰਿਹਾ ਸੀ। ਮੈਂ ਹੁਣ ਸੋਚਦਾ ਹਾਂ ਕਿ ਕਾਸ਼! ਜੇ ਉਹ ਗੀਤਕਾਰ ਹਿਟ ਹੀ ਨਾ ਹੁੰਦਾ, ਤਾਂ ਚੰਗਾ ਸੀ, ਕਿਉਂਕਿ ਜਿਹੜੀ ਮਾਂ-ਬੋਲੀ ਦੇ ਘਾਣ ਦੀ ਕਹਾਣੀ ਉਸ ਨੇ ਸਾਡੇ ਵਿਰਸੇ ਦੀ ਹਿੱਕ 'ਤੇ ਲਿਖ ਦਿੱਤੀ, ਉਹ ਸ਼ਾਇਦ ਹੀ ਕਦੇ ਮਿਟ ਸਕੇ। ਉਸ ਤੋਂ ਕੋਈ ਪੁੱਛਣ ਵਾਲਾ ਨਹੀਂ ਕਿ ਭਲਿਆ ਲੋਕਾ, ਹੁਣ ਜੇ ਤੂੰ ਹਿਟ ਹੋ ਵੀ ਗਿਐਂ ਤਾਂ ਪੰਜਾਬ ਦੀ ਜੁਆਨੀ ਦਾ ਕੁਝ ਖ਼ਿਆਲ ਤਾਂ ਕਰ।
ਵਾਹ ਉਏ ਗਾਇਕੋ ਅਤੇ ਗੀਤਕਾਰੋ! ਤੁਸੀਂ ਤਾਂ ਇਹ ਆਖ ਕਿ, 'ਮੁੰਡਿਆਂ ਦਾ ਕਾਲ ਪੈ ਜਾਊ' ਪੰਜਾਬ ਦੇ ਮਾੜੇ ਦਿਨਾਂ ਦੀ ਤਸਵੀਰ ਹੀ ਤਾਜ਼ਾ ਕਰਵਾ ਦਿੱਤੀ। ਤੁਸੀਂ ਉਹ ਵੇਲਾ ਵੇਖਿਆ ਨਹੀਂ, ਪੁੱਛ ਕੇ ਵੇਖੋ ਉਨ੍ਹਾਂ ਪੀੜਤਾਂ ਨੂੰ ਜਿਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਮੁੱਕ ਗਏ ਹਨ। ਪੁੱਛੋ, ਉਨ੍ਹਾਂ ਨੂੰ ਜਿਨ੍ਹਾਂ ਦੀਆਂ ਪੱਥਰ ਹੋਈਆਂ ਅੱਖਾਂ ਕਿਸੇ ਆਪਣੇ ਦੀ ਤਲਾਸ਼ ਵਿੱਚ ਅੱਜ ਵੀ ਕੁਝ ਲੱਭਦੀਆਂ ਨੇ। ਪੁੱਛੋ ਉਨ੍ਹਾਂ ਮਾਂਵਾਂ ਨੂੰ ਜਿਨ੍ਹਾਂ ਦੀਆਂ ਕੁੱਖਾਂ ਮਾੜੇ ਸਮੇਂ ਨੇ ਖ਼ਾਲੀ ਕਰ ਦਿੱਤੀਆਂ। ਉਨ੍ਹਾਂ ਬਾਬਲਾਂ ਦਾ ਹਾਲ ਪਤਾ ਕਰੋ, ਜਿਨ੍ਹਾਂ ਦੀਆਂ ਦਾੜ੍ਹੀਆਂ ਤਾਰ-ਤਾਰ ਹੋ ਚੁੱਕੀਆਂ ਸਨ। ਉਨ੍ਹਾਂ ਭੈਣਾਂ ਦਾ ਦਰਦ ਦੇਖੋ, ਜਿਨ੍ਹਾਂ ਨੂੰ ਚਿੱਟੇ ਦਿਨ ਨੋਚਿਆ ਗਿਆ ਅਤੇ ਉਨ੍ਹਾਂ ਦੇ ਢਿੱਡਾਂ ਅੰਦਰ ਪਲ ਰਹੇ ਬੱਚਿਆਂ ਨੂੰ ਠੁੱਡੇ ਮਾਰੇ ਗਏ, ਪਰ ਤੁਹਾਨੂੰ ਕੁੱਝ ਵੀ ਯਾਦ ਨਹੀਂ। ਤੁਸੀਂ ਤਾਂ ਆਪਣੇ ਕਰੀਅਰ ਨੂੰ ਗੁਣੀਏ ਵਿੱਚ ਕਰਨ ਲਈ ਕੁੱਝ ਵੀ ਕਰ ਸਕਦੇ ਹੋ। ਕੀ ਹੋ ਗਿਆ ਤੁਹਾਡੀ ਅਕਲ ਨੂੰ?
ਨਵੇਂ ਮੁੰਡਿਆਂ ਵਿੱਚੋਂ ਗਾਇਕ ਜਸਰਾਜ ਗਿੱਲ ਨੇ ਮਾਂ-ਬੋਲੀ ਦੇ ਹੱਕ ਵਿੱਚ ਚੰਗੀ ਪਿਰਤ ਪਾਈ ਹੈ ਅਤੇ ਗਾਇਕਾਂ ਨੂੰ ਇੱਕ ਨਸੀਹਤ ਵੀ ਦਿੱਤੀ ਹੈ। ਰੱਬ ਕਰੇ ਛੇਤੀ ਖਹਿੜਾ ਛੁੱਟੇ ਪੰਜਾਬੀਆਂ ਦਾ ਇਸ ਆਸ਼ਕੀ ਤੇ ਅਸਲੇ ਦੇ ਸੱਭਿਆਚਾਰ ਤੋਂ। ਚੰਗਾ ਹੋਵੇ, ਅਸਲੇ ਦਾ ਹਰ ਸਮੇਂ ਖੌਰੂ ਪਾਉਂਦੇ ਇਹ ਕਲਾਕਾਰ ਸਰਹੱਦ 'ਤੇ ਜਾ ਕੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕਰਨ। ਉੱਥੇ ਇਨ੍ਹਾਂ ਨੂੰ ਜੰਗ ਦੀ ਪੂਰੀ ਅਜ਼ਾਦੀ ਹੈ। ਚੋਣ ਵੀ ਇਨ੍ਹਾਂ ਦੀ ਆਪਣੀ ਹੈ। ਚਾਹੇ ਕਸ਼ਮੀਰ ਦੀ ਸਿਰ ਮੰਗਦੀ ਧਰਤੀ ਹੋਵੇ ਜਾਂ ਚੀਨ ਦੀ ਸਰਹੱਦ। ਤਾਂ ਕਿ ਦੇਸ ਦੀ ਰਾਖੀ ਕਰ ਰਹੇ ਸਾਡੇ ਜਵਾਨਾਂ ਨੂੰ ਅਰਾਮ ਮਿਲ ਸਕੇ। ਰੱਬ ਦਾ ਵਾਸਤਾ ਪੰਜਾਬ ਨੂੰ ਸ਼ਮਸ਼ਾਨ ਨਾ ਬਣਾਓ, ਇਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਹੀ ਰਹਿਣ ਦਿਓ।