ਕਹਾਣੀ ਉਸ ਸੰਗੀਤਕਾਰ ਦੀ ਜਿਸਨੂੰ ਸੰਗੀਤ ਨੇ ਬਚਾ ਲਿਆ।

ਕਹਾਣੀ ਉਸ ਸੰਗੀਤਕਾਰ ਦੀ ਜਿਸਨੂੰ ਸੰਗੀਤ ਨੇ ਬਚਾ ਲਿਆ।

ਸੰਗੀਤਕਾਰ, ਜਿਸਨੂੰ ਸੰਗੀਤ ਨੇ ਬਚਾਇਆ।
(ਲੇਖ- ਸ਼ਪਲੀਮਾਨ ਦੀਆਂ ਇੰਟਰਵਿਊ ਤੇ ਅਧਾਰਿਤ ਹੈ)

ਕੁਝ ਤਾਰੀਖ਼ਾਂ ਮਹਿਜ ਕੈਲੰਡਰਾਂ ‘ਚ ਹੀ ਨਹੀਂ ਇਤਿਹਾਸ ਦੇ ਪੰਨਿਆਂ ‘ਚ ਵੀ ਦਰਜ਼ ਹੋ ਜਾਂਦੀਆਂ ਹਨ। ਉਹਨਾਂ ‘ਚੋਂ ਕੁਝ ਮਨੁੱਖਤਾ ਦੀ ਮਹਾਨਤਾ ਦੀ ਤੇ ਕੁਝ ਉਸ ਦੀਆਂ ਬੇਵਕੂਫੀਆਂ ਦੀ ਗਵਾਹੀ ਭਰਦੀਆਂ ਹਨ। ਸਾਨੂੰ ਦੋਵਾਂ ਨੂੰ ਵਾਰ-ਵਾਰ ਚਿਤਵਦੇ ਰਹਿਣਾ ਚਾਹੀਦਾ ਹੈ। ਉਹਨਾਂ ਤਾਰੀਖਾਂ ਨੂੰ ਖਾਸ ਤੌਰ ਤੇ ਜਿਸ ਦਿਨ ਮਨੁੱਖਤਾ ਸ਼ਰਮਸਾਰ ਹੋਈ ਹੋਵੇ। ਕੁਝ ਇੰਝ ਦਾ ਹੀ ਵਾਕਿਆ 1 ਸਤੰਬਰ 1939 ਨੂੰ ਵਾਪਰਿਆ। ਪੋਲੈਂਡ ਲਈ ਸਤੰਬਰ ਖੂਬਸੂਰਤ ਪਤਝੜ ਲੈ ਕੇ ਬਹੁੜਦਾ ਹੈ, ਪਰ ਉਸ ਮੌਸਮ ਵਿੱਚ ਖਲਲ ਪੈਣ ਦੀਆਂ ਸਾਜਿਸ਼ਾਂ ਹੋ ਚੁੱਕੀਆਂ ਸਨ। ਪੌਲਿਸ਼ ਰੇਡੀਓ ਤੇ ਇੱਕ 28 ਕੁ ਸਾਲਾਂ ਦਾ ਗੱਭਰੂ ਆਪਣੇ ਤਿੱਖੇ ਨੱਕ ਹੇਠੋਂ ਨਰਮ ਬੁੱਲ੍ਹਾਂ ਵਿੱਚੋਂ ਨਿੰਮਾਂ ਨਿੰਮਾਂ ਹੱਸਦਾ, ਪਿਆਨੋ ਤੇ ‘ਸ਼ੋਪੀਨ’ ਦਾ ਸੰਗੀਤ ਵਜਾ ਰਿਹਾ ਸੀ। ਮਧੁਰ ਧੁਨਾਂ ਵਿੱਚ ਬੇਸੁਰੀਲੀ ਧਮਕ ਸੁਣਨ ਲੱਗੀ। ਵਾਰਸਾਅ ਉੱਤੇ ਹਿਟਲਰ ਦੀਆਂ ਫੌਜਾਂ ਚੜ ਆਈਆਂ ਸਨ। ਬਾਹਰ ਬੰਬ ਫਟਣ ਲੱਗੇ, ਪਰ ਪਿਆਨੋ ਵੱਜਣੋਂ ਨਾ ਹਟਿਆ। ਖਬਰੇ ਪਿਆਨੋ ਵਜਾਉਣ ਵਾਲਾ ਬੰਬਾਂ ਦਾ ਮੁਕਾਬਲਾ ਸੰਗੀਤ ਨਾਲ ਕਰਨਾ ਚਾਹੁੰਦਾ ਹੋਵੇ, ਪਰ ਹਥਿਆਰ ਵਕਤੀ ਤੌਰ ਤੇ ਜੇਤੂ ਹੋ ਨਿੱਬੜੇ। ਰੇਡੀਓ ਸਟੇਸ਼ਨ ਦੇ ਬਾਹਰ ਬੰਬ ਫਟਿਆ। ਸਭ ਉੱਥੋਂ ਨਿੱਕਲ ਗਏ। ਪਿਆਨੋ ਦੀਆਂ ਕੁੰਜੀਆਂ ਉਸ ਤੋਂ ਮਗਰੋਂ ਲੰਮਾਂ ਚਿਰ ਉਨ੍ਹਾਂ ਨਰਮ ਹੱਥਾਂ ਦੀ ਛੋਹ ਨੂੰ ਉਡੀਕਦੀਆਂ ਰਹੀਆਂ।
ਹਾਂ, ਤੇ ਉਹ ਪਿਆਨੋ ਵਜਾਉਣ ਵਾਲਾ ਗੱਭਰੂ ਵਲਾਦੀਸਲਾਅ ਸ਼ਪਲੀਜ਼ਮਾਨ ਸੀ, ਮੱਧਵਰਗੀ ਪਰਿਵਾਰ ‘ਚ ਜੰਮੇ ਸ਼ਪਲੀਜ਼ਮਾਨ ਦੇ ਮਾਂ-ਪਿਓ ਵੀ ਸੰਗੀਤਕਾਰ ਸਨ ਤੇ ਭਰਾ ਫਿਲਾਸਫੀ ਦਾ ਵਿਦਿਆਰਥੀ ਤੇ ਭੈਣ ਵਕੀਲ ਸੀ। ਇਸ ਭੋਲੇ ਮੱਧਵਰਗੀ ਪਰਿਵਾਰ ਤੋਂ ਇੱਕ ਜਨਮਜਾਤੀ ”ਕੁਤਾਹੀ“ ਹੋਈ, ‘ ਕਿ, ਇਹ ਪਰਿਵਾਰ ਯਹੂਦੀ ਸੀ’। ਹਿਟਲਰ ਦੀਆਂ ਫੌਜਾਂ ਨੇ ਵਰਸਾਅ ਤੇ ਕਬਜ਼ੇ ਮਗਰੋਂ ਐਲਾਨ ਕੀਤਾ ਕਿ ਯਹੂਦੀ ਹੁਣ ਇੱਕ ਵੱਖਰਾ ਚਿੰਨ੍ਹ ਪਾ ਕੇ ਤੁਰਨ ਤਾਂ ਕਿ ਵੱਖਰੇ ਪਹਿਚਾਣੇ ਜਾ ਸਕਣ। ਯਹੂਦੀਆਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰ ਦੀਆਂ ਸੜਕਾਂ ਤੇ ਜ਼ਲੀਲ ਕੀਤਾ ਗਿਆ, ਉਨ੍ਹਾਂ ਸੜਕਾਂ ਤੇ ਜਿੱਥੇ ਉਹ ਪਲੇ, ਵੱਡੇ ਹੋਏ। ਆਮ ਪੌਲਿਸ਼ ਨਾਗਰਕਿਾਂ ਨਾਲੋਂ ਉਹਨਾਂ ਦੇ ਹੱਕ ਘਟਾ ਦਿੱਤੇ ਗਏ। ਵਲਾਦੀਸਲਾਅ ਸ਼ਪਲੀਜ਼ਮਾਨ ਦੀ ਨੌਕਰੀ ਚਲੀ ਗਈ, ਜੰਗ ਤੋਂ ਪਹਿਲਾਂ ਉਹ ਚੰਗੇ ਪੈਸੇ ਕਮਾ ਰਿਹਾ ਸੀ। ਉਸਨੇ ਕਰੀਬ 25000 ਜ਼ਲੋਤੀਸ਼ ਆਪਣੇ ਘਰ ਬਨਾਉਣ ਲਈ ਜੋੜ ਰੱਖੇ ਸਨ। ਸਰਕਾਰੀ ਫ਼ਰਮਾਨ ਨਿੱਕਲੇ ਕਿ ਕੋਈ ਯਹੂਦੀ ਪਰਿਵਾਰ 2000 ਜ਼ਲੌਤੀਸ਼ ਤੋਂ ਜਿਆਦਾ ਰਕਮ ਆਪਣੇ ਘਰ ਨਹੀਂ ਰੱਖ ਸਕਦਾ। ਸਪਲੀਜ਼ਮਾਨ ਨੇ ਸਿਰਫ 500 ਜ਼ਲੋਤੀਸ਼ ਹੀ ਕਢਵਾਏ, ਇਸ ਆਸ ਵਿੱਚ ਕਿ ਬਾਕੀ ਪੈਸੇ ਉਹ ਬਚਾ ਲਵੇਗਾ, ਖੈਰ ਇਹ ਗੱਲ ਵੱਖਰੀ ਹੈ ਕਿ ਬਾਕੀ ਰਕਮ ਬਾਰੇ ਮੁੜ ਉਹ ਰਹਿੰਦੀ ਜਿੰਦਗੀ ਤੱਕ ਸੋਚ ਵੀ ਨਹੀਂ ਸਕਿਆ। 
ਐਲਾਨ ਹੋਇਆ ਕਿ ਯਹੂਦੀਆਂ ਨੂੰ ਸ਼ਹਿਰ ਦੇ ਵੱਖਰੇ ਹਿੱਸੇ ਵਿੱਚ ਇਕੱਠਿਆਂ ਰੱਖਿਆ ਜਾਵੇਗਾ, ‘ਗੈਟੋ’ ਵਿੱਚ ਸਾਰੇ ਯਹੂਦੀ ਇਕੱਠੇ ਕੀਤੇ ਗਏ। ਸ਼ਪਲੀਜ਼ਮਾਨ ਨੇ ਉੱਥੇ ਆਪਣੀ ਜਾਣ ਪਛਾਣ ਦੇ ਮੱਧਵਰਗੀ ਲੋਕ ਦੋ ਟੁਕ ਲਈ ਸੜਕਾਂ ਤੇ ਰੁਲਦੇ ਵੇਖੇ। ਕੁਝ ਸਮਾਂ ਆਪਣੇ ਭਰਾ ਨਾਲ ਕਿਤਾਬਾਂ ਵੇਚ ਕੇ ਪੈਸੇ ਕਮਾਉਣ ਦਾ ਖਿਆਲ ਉਹ ਕਰਦਾ ਰਿਹਾ। ਇਥੇ ਲੋਕਾਂ ਦੀਆਂ ਇੱਛਾਵਾਂ ਸੁੰਗੜ ਕੇ ਹੁਣ ਸਿਰਫ ਜਿਉਂਦੇ ਰਹਿਣ ਤੱਕ ਦੀਆਂ ਰਹਿ ਗਈਆਂ ਸਨ।
ਸ਼ਪਲੀਜ਼ਮਾਨ ਨੇ ਕੈਫੇ ਨੋਵੋਸ਼ੇਸਨਾ ਵਿੱਚ ਕੰਮ ਲੱਭ ਲਿਆ। ਉੱਥੇ ਉੱਚ ਘਰਾਣੇ ਦੇ ਯਹੂਦੀ ਅਫ਼ਸਰ ਆਉਂਦੇ, ਸ਼ਪਲੀਜ਼ਮਾਨ ਉੱਥੇ ਸਿਰਫ ਇੱਕ ਮਹੀਨਾ ਹੀ ਪਿਆਨੋ ਵਜ਼ਾ ਸਕਿਆ। ਹੋਇਆ ਇੰਝ ਕਿ ਇੱਕ ਦਿਨ ਸ਼ਪਲੀਜ਼ਮਾਨ ਨੂੰ ਇੱਕ ਸਰੋਤੇ ਨੇ ਦੋ-ਕੁ ਮਿੰਟ ਸੰਗੀਤ ਰੋਕਣ ਨੂੰ ਕਿਹਾ ਤੇ ਆਪਣੀ ਜੇਬ ਵਿੱਚੋਂ ਸੋਨੇ ਦਾ ਰੂਬਲ ਕੱਢ ਕੇ ਉਤਾਂਹ ਨੂੰ ਉਛਾਲਿਆ, ਤੇ ਆਪਣੀ ਜੁੰਡਲੀ ਸਮੇਤ ਮੇਜ਼ ਨੂੰ ਕੰਨ ਲਾ ਲਿਆ ਉਹ ਸ਼ਾਂਤ ਰਹੇ ਜਦ ਤੱਕ ਸਿੱਕਾ ਟੁਣਕਣੋਂ ਨਾ ਹਟਿਆ। ਉਹਨਾਂ ਦੀ ਅੱਖ਼ਾਂ ਵਿੱਚ ਸਕੂਨਦੇਹ ਚੈਨ ਆਇਆ ਤੇ ਉਹ ਹਿੜ ਹਿੜ ਕਰਦੇ ਸ਼ਪਲੀਜ਼ਮਾਨ ਨੂੰ ਮੁੜ ਸੰਗੀਤ ਵਜਾਉਣ ਲਈ ਕਹਿਣ ਲੱਗੇ। ਸ਼ਪਲੀਜ਼ਮਾਨ ਨੂੰ ਇਹ ਬੜਾ ਘ੍ਰਿਣਤ ਲੱਗਿਆ। ਸੱਚੀਓਂ ਉਨੀਂ ਦਿਨੀਂ ਇਹੋ ਸੰਗੀਤ ਦੀ ਕੀਮਤ ਸੀ। ਫੇਰ ਉਸਨੇ ਅੱਧਾ ਕੁ ਸਾਲ ਕੈਫ਼ੇ ਸੀਏਨਾ ਤੇ ਕੈਫ਼ੇ ਸ਼ਟੂਕਾ ਜੋ ‘ਗੈਟੋ’ ਵਿੱਚ ਹੀ ਸੀ ਵਿੱਚ ਨੌਕਰੀ ਕੀਤੀ। ਉੱਥੇ ਵੀ ਯਹੂਦੀ ਪੁਲਿਸ ਦੇ ਅਫ਼ਸਰ ਤੇ ਹੋਰ ਚੰਗੇ ਘਰਾਂ ਦੇ ਸਰੋਤੇ ਹੀ ਆਉਂਦੇ, ਸ਼ਪਲੀਜ਼ਮਾਨ ਨੂੰ ਇਹਨਾਂ ਯਹੂਦੀਆਂ ਨਾਲ ਆਪਣੀ ਕੋਈ ਸਾਂਝ ਨਾ ਲੱਗਦੀ।
ਇੱਕ ਵਾਰ ਸ਼ਪਲੀਜ਼ਮਾਨ ਦੇ ਫਿਲਾਸਫਰ ਭਰਾ ਨੂੰ ਕਿਤਾਬਾਂ ਵੇਚਦੇ ਯਹੂਦੀ ਪੁਲਿਸ ਨੇ ਫੜ ਲਿਆ। ਸ਼ਪਲੀਜ਼ਮਾਨ ਦੀ ਪੁਲਿਸ ਕਮਿਸ਼ਨਰ ਨਾਲ ਜਾਣ ਪਛਾਣ ਸੀ ਕਰਕੇ ਉਹ ਆਪਣੇ ਭਰਾ ਨੂੰ ਛੁਡਾ ਲਿਆਇਆ। ਜਦ ਸ਼ਪਲੀਜ਼ਮਾਨ ਆਪਣੇ ਭਰਾ ਨਾਲ ਥਾਣੇ ਤੋਂ ਪਰਤ ਰਿਹਾ ਸੀ ਤਾਂ ਉਸਦੇ ਭਰਾ ਨੇ ਉਸ ਨਾਲ ਹੱਥ ਮਿਲਾਉਣ ਤੋਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ , “ਤੂੰ ਉਸ ਸੂਰ ਕੋਲ ਸਿਫ਼ਾਰਸ਼ ਕੀਤੀ”। ਇਹ ਨਫ਼ਰਤ ਸੀ ਜਿਸ ਦੇ ਬੀਜ਼ ਹਿਟਲਰ ਦੀਆਂ ਫੌਜਾਂ ਨੇ ਬੀਜ਼ੇ ਤੇ ਇਸ ਫਸਲ ਨੂੰ ਕੁਚਲਣ ਲਈ ਲੋਕ ਉਨੀਂ ਹੀ ਨਫ਼ਰਤ ਤੇ ਖਿਝ ਨਾਲ ਤਤਪਰ ਸਨ।
ਉਨ੍ਹਾਂ ਦਿਨਾਂ ਵਿੱਚ ਰੋਜ਼ ਸੜਕਾਂ ਤੇ ਲਾਸ਼ਾਂ ਅਖ਼ਬਾਰਾਂ ਨਾਲ ਢਕੀਆਂ ਪਈਆਂ ਮਿਲਦੀਆਂ। ਇਨੀਂ ਹੀ ਦਿਨੀਂ ਇੱਕ ਬੇਹਤਰੀਨ ਪੇਂਟਰ ਰੋਮਨ ਕਰਾਮਸੀਟੀਕ ਪੋਲੈਂਡ ਘੁੰਮਣ ਆਇਆ ਹੋਇਆ ਸੀ। 22 ਜੁਲਾਈ ਨੂੰ ਫੁਰਮਾਨ ਆਇਆ ਕਿ ਲੋਕਾਂ ਨੂੰ ਹੁਣ ਕਿਤੇ ਹੋਰ ਭੇਜਿਆ ਜਾਣਾ ਹੈ। ਲੋਕਾਂ ਨੂੰ ਸੜਕਾਂ ਤੇ ਮਾਰਚ ਕਰਾ ਕੇ ਫੌਜੀ ਟੁਕੜੀਆਂ ਦੀ ਦੇਖ ਰੇਖ ‘ਚ ਲਿਜਾਇਆ ਜਾਂਦਾ। ਕਰਾਮਜ਼ੀਸਟੀਕ ਠਰੰਮ੍ਹੇ ਵਾਲਾ ਬੰਦਾ ਸੀ, ਸਰੀਰ ਦਾ ਵੀ ਥੋੜਾ ਭਾਰਾ ਸੀ ਕਰਕੇ ਹੌਲੀ ਤੁਰਦਾ ਸੀ। ਪੁਲਿਸ ਨੇ ਬਸ ਉਸ ਨੂੰ ਇਸੇ ਲਈ ਗੋਲੀ ਮਾਰ ਦਿੱਤੀ।
ਲੋਕਾਂ ਨੂੰ ਹੁਣ ਵੱਡੇ ‘ਗੈਟੋ’ ਤੋਂ ਛੋਟੇ ‘ਗੈਟੋ’ ਵੱਲ ਲਿਜਾਇਆ ਗਿਆ। ਸ਼ਪਲੀਜ਼ਮਾਨ ਦਾ ਸਾਰਾ ਟੱਬਰ ਹੁਣ ਇੱਕ ਹੀ ਕਮਰੇ ਵਿੱਚ ਸੀ ਤੇ ਉਸਦਾ ਪਿਓ ਸਿਰਫ ਇਸੇ ਲਈ ਖੁਸ਼ ਸੀ ਕਿ, ‘ਘੱਟੋ ਘੱਟ ਆਪਾਂ ਇਕੱਠੇ ਤਾਂ ਹਾਂ।’ 16 ਅਗਸਤ ਨੂੰ ਜਰਮਨਾਂ ਨੇ ਸਾਰੇ ਲੋਕਾਂ ਨੂੰ ਇੱਕੋ ਥਾਂ ਸੱਦਿਆ ਤੇ ਉਮਰ ਤੇ ਸਰੀਰਾਂ ਦੇ ਹਿਸਾਬ ਨਾਲ ਦੋ ਭਾਗਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ, ਤੇ ਉਸ ਦੇ ਪਿਓ ਦੀ ਇੱਕੋ ਇੱਕ ਖੁਸ਼ੀ ਵੀ ਖੋਹ ਲਈ ਗਈ। ਇੱਕ ਹਿੱਸੇ ਵਿੱਚ ਸ਼ਪਲੀਜ਼ਮਾਨ ਤੇ ਉਸ ਦੇ ਮਾਂ-ਪਿਓ ਸਨ ਤੇ ਦੂਜੇ ਵਿੱਚ ਉਸਦੀ ਭੈਣ ਤੇ ਭਰਾ। ਪੁਲਿਸ ਲੋਕਾਂ ਨੂੰ ਵੱਖਰੋ ਵੱਖਰੀਆਂ ਟ੍ਰੇਨਾਂ ਵਿੱਚ ਤੁੰਨ ਰਹੀ ਸੀ। ਇੱਕ ਵਿੱਚ ਉਹ ਲੋਕ ਸਨ, ਜਿੰਨ੍ਹਾਂ ਨੂੰ ਜਰਮਨ ਫੈਕਟਰੀ ਵਿੱਚ ਕੰਮ ਲਈ ਲਿਜਾਇਆ ਜਾ ਰਿਹਾ ਸੀ ਤੇ ਇੱਕ ਵਿੱਚ ਬਜ਼ੁਰਗ, ਕਮਜ਼ੋਰ ਨੌਜਵਾਨ ਤੇ ਬੱਚੇ ਸਨ। ਜਦੋਂ ਸ਼ਪਲੀਜ਼ਮਾਨ ਭੀੜ ਵਿੱਚ ਟ੍ਰੇਨ ਵੱਲ ਜਾ ਰਿਹਾ ਸੀ ਤਾਂ ਉੱਥੇ ਖਲੋਤੇ ਇੱਕ ਪੁਲਿਸ ਵਾਲੇ ਨੇ ਸ਼ਪਲੀਜ਼ਮਾਨ ਨੂੰ ਪਹਿਚਾਣ ਲਿਆ ਤੇ ਭੀੜ ‘ਚੋਂ ਬਾਹਰ ਧੱਕ ਦਿੱਤਾ। ਉੱਥੋਂ ਨੱਠ ਕੇ ਸ਼ਪਲੀਜ਼ਮਾਨ ਦੀ ਮੁਸ਼ਕਿਲ ਹੋਰ ਵਧ ਗਈ। ਉਸਦੇ ਸਾਹਮਣੇ ਤਬਾਹ ਹੋਇਆ ਪਿਆ ਉਸਦਾ ਸ਼ਹਿਰ, ਖਾਲੀ ਜੇਬਾਂ ਤੇ ਅਵਾਰਾ ਉਹ ਆਪ ਸੀ।
ਇੱਕ ਪੁਰਾਣੇ ਜਾਣਕਾਰ ਕੈਫ਼ੇ ਮਾਲਕ ਜਰੀਏ ਉਸਨੂੰ ਇੱਟਾਂ ਸਾਫ ਕਰਨ ਦਾ ਕੰਮ ਮਿਲ ਗਿਆ ਕੋਈ ਮਹੀਨਾ ਕੁ ਬ੍ਰੈੱਡ ਦੇ ਲੋਫ ਬਦਲੇ ਕੰਮ ਕੀਤਾ ਫੇਰ ਉਸਨੇ ‘ਗੈਟੋ’ ਦੇ ਇੱਕ ਸਟੋਰ ਲਈ ਆਲੂ ਢੋਣ ਦਾ ਕੰਮ ਕੀਤਾ, ਆਲੂ ਦੀਆਂ ਬੋਰੀਆਂ ਵਿੱਚ ਉਹ ਗੁਪਤ ਫੌਜ ਜੋ ਜਰਮਨਾਂ ਦੇ ਖਿਲਾਫ ਲੜਣ ਲਈ ਤਿਆਰ ਹੋ ਰਹੀ ਸੀ ਲਈ ਬੰਦੂਕਾਂ ‘ਗੈਟੋ’ ਵਿੱਚ ਲੈ ਕੇ ਆਉਂਦਾ। ਸ਼ਪਲੀਜ਼ਮਾਨ ਭਾਰੇ ਕੰਮ ਕਰਨ ਦਾ ਆਦੀ ਨਹੀਂ ਸੀ, ਕਰਕੇ ਥੋੜੇ ਚਿਰ ਮਗਰੋਂ ਹੀ ਡਾਢਾ ਬਿਮਾਰ ਹੋ ਗਿਆ। ਸਟੋਰ ਦੇ ਕਰਿੰਦੇ ਨੇ ਉਸਨੂੰ ਇੱਕ ਵਰਕਸ਼ਾਪ ਵਿੱਚ ਲੁਕਣ ਦੀ ਜਗ੍ਹਾ ਦੇ ਦਿੱਤੀ, ਉੱਥੇ ਠੰਢ ਨਾਲ ਉਸਦੀ ਹਾਲਤ ਹੋਰ ਵਿਗੜਣ ਲੱਗੀ। ਜਨੀਨਾ ਬੋਗਿਓਕਾ ਉਸ ਲਈ ਭੋਜਨ ਦਾ ਪ੍ਰਬੰਧ ਕਰਦੀ ਰਹੀ ਤੇ ਸ਼ਪਲੀਜ਼ਮਾਨ ਉੱਥੇ ਕੋਈ ਦੋ ਕੁ ਹਫ਼ਤੇ ਰਿਹਾ।
ਇਸ ਤੋਂ ਬਾਅਦ ਸ਼ਪਲੀਜ਼ਮਾਨ ਦੀ ਬਿਲਕੁਲ ਨਵੀਂ ਤੇ ਲੁਕਵੀਂ ਜਿਹੀ ਜ਼ਿੰਦਗੀ ਸ਼ੁਰੂ ਹੋ ਗਈ। ਇੱਕ ਰਾਤ ਉਹ ਰੇਡੀਓ ਇੰਜ਼ੀਨੀਅਰ ਕੋਲ ਰਿਹਾ ਤੇ ਉੱਥੋਂ ਉਹਨੂੰ ਲਵੀਸਕੀ ਆਪਣੇ ਰਿਸਕ ਤੇ ਆਪਣੇ ਨਾਲ ਲੈ ਗਿਆ। ਲਵੀਸਕੀ ਭੂਮੀਗਤ ਕੰਮ ਕਰਦਾ ਸੀ ਕਰਕੇ ਏਸ ਮਸਲੇ ਵਿੱਚ ਬਹਾਦਰ ਸੀ। ਉਹਨੇ ਸ਼ਪਲੀਜ਼ਮਾਨ ਨੂੰ ਆਪਣੇ ਸਟੂਡੀਓ ਵਿੱਚ ਰੱਖਿਆ ਤੇ ਆਪ ਇਹ ਹਦਾਇਤ ਦੇ ਕੇ ਚਲ ਗਿਆ ਕਿ ਕਿਸੇ ਕਿਸਮ ਦੀ ਅਜਿਹੀ ਹਰਕਤ ਨਾ ਕਰਨਾ ਕਿ ਕਿਸੇ ਨੂੰ ਤੇਰੀ ਹੋਂਦ ਦਾ ਅਹਿਸਾਸ  ਵੀ ਹੋਵੇ। ਸ਼ਪਲੀਜ਼ਮਾਨ ਰੋਜ ਪਿਆਨੋ ਖੋਲਦਾ, ਉਸਦੀਆਂ ਕੁੰਜੀਆਂ ਨਿਹਾਰਦਾ ਤੇ ਬਿਨ ਉਹਨਾਂ ਨੂੰ  ਛੁਹੇ ਹਵਾ ਵਿੱਚ ਉਂਗਲਾ ਹਿਲਾਉਂਦਾ ਆਪਣੇ ਅੰਦਰੋ ਅੰਦਰੀ ਸੰਗੀਤ ਵਜਾਉਂਦਾ।  ਉਫ਼! ਕਿੰਨੀ ਘਟੀਆ ਗੱਲ ਹੈ। ਹਾਕਮ ਕੁਰਸੀਆਂ ਤੇ ਬੈਠ ਕੇ ਲੀਕਾਂ ਮਾਰ ਦਿੰਦੇ ਨੇ ਕਿ ਹੁਣ ਉਹਨਾਂ ਨੂੰ ਕਿਹੜਾ ਇਲਾਕਾ ਚਾਹੀਦਾ ਹੈ। ਬਿਨ੍ਹਾਂ ਇਹ ਸੋਚੇ ਕਿ ਉਸ ਇਲਾਕੇ ਵਿੱਚ ਲੋਕ ਰਹਿੰਦੇ ਹੋਣਗੇ, ਤੇ ਹੋਰ ਤਾਂ ਹੋਰ ਸੰਗੀਤਕਾਰ ਵੀ ਰਹਿੰਦੇ ਹੋਣਗੇ। ਇਹ ਦੁਨੀਆਂ ਸ਼ਪਲੀਜ਼ਮਾਨ ਨੂੰ ਜ਼ੇਲ ਤੋਂ ਵੀ ਜਿਆਦਾ ਭੈੜੀ ਲਗਦੀ ਹੋਣੀ ਏ।
ਸ਼ਪਲੀਜ਼ਮਾਨ ਕੋਲ ਕੋਈ ਕੰਮ ਨਹੀਂ ਸੀ। ਉਨੀਂ ਦਿਨੀਂ ਉਸ ਨੇ 1500 ਕਿਤਾਬਾਂ ਪੜ ਦਿੱਤੀਆਂ, ਨਿੱਘਾ ਜਿਹਾ ਮੌਸਮ ਸੀ ਸਭ ਕੁਝ ਠੀਕ ਚਲ ਰਿਹਾ ਸੀ ਅਚਾਨਕ ਲਵੀਸਕੀ ਉੱਥੇ ਘਬਰਾਇਆ ਹੋਇਆ ਆਇਆ ਤੇ ਕਹਿਣ ਲੱਗਾ ਗਸਤਾਪੋ (ਨਾਜ਼ੀਆਂ ਦੀ ਖੂਫੀਆ ਪੁਲਿਸ) ਮੈਨੂੰ ਲੱਭ ਰਹੀ ਹੈ। ਮੈਂ ਹੁਣ ਨਹੀਂ ਆਉਣਾ। ਤੂੰ ਰਹਿ ਸਕਦਾ ਏ, ਪਰ ਜੇ ਪੁਲਿਸ ਆਵੇ ਤਾਂ ਜਿਓੰਦਾ ਉਹਨਾਂ ਦੇ ਹੱਥ ਨਾ ਆਵੀਂ, ਖਿੜਕੀ ‘ਚੋਂ ਛਾਲ ਮਾਰ ਦਵੀਂ। ਸ਼ਪਲੀਜ਼ਮਾਨ ਲਈ ਪੰਜਵੀ ਮੰਜਿਲ ਤੋਂ ਛਾਲ ਮਾਰਨਾ ਔਖਾ ਸੀ ਤਾਂ ਉਹਨੇ ਫਾਂਸੀ ਲੱਗਣ ਦਾ ਹੀ ਮਨ ਬਣਾਇਆ। ਹੁਣ ਸ਼ਪਲੀਜ਼ਮਾਨ ਕੋਲ ਕੋਈ ਨਾ ਆਉਂਦਾ, ਤਿੰਨ ਹਫ਼ਤੇ ਉਹ ਭੁੱਖਣ ਭਾਣਾ ਸਿਰਫ ਪਾਣੀ ਤੇ ਰਿਹਾ। ਸਬਜ਼ੀਆਂ ਨੂੰ ਉਹ ਬਸ ਖਿੜਕੀ ਤੋਂ ਵੇਖ ਸਕਦਾ, ਪਤਾ ਨਹੀਂ ਕਿਉਂ ਉਹ ਜਿਉਣ ਲਈ ਇੰਨ੍ਹਾਂ ਉਤਾਹੂ ਸੀ। ਸ਼ਾਇਦ ਮਨੁੱਖ ਦਾ ਬਿਹਤਰ ਭਵਿੱਖ ਦਾ ਸੁਪਨਾ ਕੋਈ ਹਾਕਮ ਨਹੀਂ ਖੋਹ ਸਕਦਾ। ਇੱਕ ਦਿਨ ਦਰਵਾਜੇ ਤੇ ਖੜਾਕ ਹੋਇਆ। ਸ਼ਪਲੀਜ਼ਮਾਨ ਨੇ ਫਾਂਸੀ ਲੱਗਣ ਲਈ ਕੱਪੜੇ ਲੱਭ ਲਏ, ਪਰ ਇਹ ਲਵੀਸਕੀ ਦਾ ਭਰਾ ਸੀ ਜੋ ਕਮਰੇ ਦੇ ਹਾਲਾਤ ਵੇਖਣ ਆਇਆ ਸੀ। ਉਹ ਕਿਸੇ ਨੂੰ ਭੇਜਣ ਦਾ ਵਾਅਦਾ ਕਰਕੇ ਚਲਾ ਗਿਆ। ਦਸ ਦਿਨ ਹੋਰ ਬੀਤੇ, ਉੱਥੇ ਕੋਈ ਨਾ ਆਇਆ। ਆਖਿਰ ਇੱਕ ਰੇਡੀਓ ਇੰਜ਼ੀਨੀਅਰ ਆਇਆ ਉਹ ਪਹਿਲਾ ਬੰਦਾ ਸੀ ਜਿਸ ਨੂੰ ਵੇਖ ਕੇ ਲੱਗਦਾ ਸੀ ਕਿ ਇਹ ਮਦਦ ਕਰਨ ਆਇਆ ਨਹੀਂ, ਇਸ ਨੂੰ ਭੇਜਿਆ ਗਿਆ ਹੈ। ਸ਼ਪਲੀਜ਼ਮਾਨ ਨੇ ਭੋਜਨ ਦਾ ਪ੍ਰਬੰਧ ਕਰਨ ਬਦਲੇ ਉਸਨੂੰ ਘੜੀ ਦਿੱਤੀ।
ਹੁਣ ਸ਼ਪਲੀਜ਼ਮਾਨ ਨੇ ਉੱਥੋਂ ਜਾਣਾ ਚੰਗਾ ਸਮਝਿਆ ਤੇ ਆਪਣੇ ਹੱਡਲ ਮੂੰਹ ਤੇ ਮਰੀਅਲ ਜਿਹੇ ਹੱਥਾਂ ਨਾਲ ਸ਼ੇਵ ਕਰਕੇ ਬਾਹਰ ਆ ਗਿਆ। ਪਤਾ ਨਹੀਂ ਕਿਉਂ ਜਰਮਨਾਂ ਨੇ ਉਸ ਵਲ ਧਿਆਨ ਨਾ ਦਿੱਤਾ, ਉਹ ਕਿਸੇ ਵੀ ਪਾਸਿਓਂ ਸਾਧਾਰਨ ਨਹੀਂ ਸੀ ਲੱਗ ਰਿਹਾ, ਲੁਕਦੇ ਛਿਪਦੇ ਨੇ ਉਹਨੇ 10 ਮਿੰਟ ਦਾ ਪਲਾਸਕਾ ਤੋਂ ਨਰਬੂਤਾ ਦਾ ਰਾਹ 2 ਘੰਟੇ ਵਿੱਚ ਪਾਰ ਕੀਤਾ ਤੇ ਉੱਥੇ ਇੱਕ ਪੁਰਾਣੇ ਸਹਿਕਰਮੀ ਦੇ ਘਰ ਜਾਣ ਦੀ ਸੋਚੀ। ਉਸਦਾ ਜਾਣਕਾਰ ਉੱਥੇ ਆਪਣੀ ਸੱਸ ਤੇ ਪਤਨੀ ਨਾਲ ਨਿੱਕੇ ਜਿਹੇ ਫਲੈਟ ‘ਚ ਰਹਿੰਦਾ ਸੀ। ਸ਼ਪਲੀਜ਼ਮਾਨ ਨੇ ਜਦ ਬੂਹਾ ਖੜਕਾਇਆ ਤਾਂ ਬੁੱਢੀ ਘਰੇ ਇਕੱਲੀ ਸੀ, ਉਹ ਉਸਨੂੰ ਵੇਖ ਕੇ ਤ੍ਰਬਕ ਗਈ, ਉਸਦੇ ਭਾਅ ਦਾ ਕੋਈ ਨਰਕਕੁੰਡ ਦਾ ਦੂਤ ਆਇਆ ਹੋਵੇ। ਪਰ ਉਹਨੇ ਤਾਂ ਵੀ ਅੰਦਰ ਆਉਣ ਨੂੰ ਕਿਹਾ ਤੇ ਅੱਧੇ ਕੁ ਘੰਟੇ ਬਾਅਦ ਉਸਦਾ ਮਿੱਤਰ ਪਹੁੰਚ ਗਿਆ। ਰੋਟੀ ਖਾਣ ਤੋਂ ਬਾਅਦ ਉਸਦੇ ਮਿੱਤਰ ਨੇ ਉਸਨੂੰ ਪੋਲੈਂਡ ਦਾ ਕੌਮੀ ਤਰਾਨਾ ਵਜਾਉਣ ਨੂੰ ਕਿਹਾ। ਲੋਕਾਂ ਦੀ ਅਸਲ ਕੌਮੀ ਭਗਤੀ ਸੱਚਓਿਂ ਉੱਦੋਂ ਹੋਰ ਜਾਗ ਉੱਠਦੀ ਹੈ ਜਦ ਹਾਕਮ ਉਨ੍ਹਾਂ ਨੂੰ ਫੌਜੀ ਬੂਟਾਂ ਹੇਠ ਰੋਂਦਣ ਦੀ ਕੋਸ਼ਿਸ਼ ਕਰਦੇ ਹੋਣ। ਉੱਥੇ ਨਿੱਕੇ ਜਿਹੇ ਫਲੈਟ ਵਿੱਚ ਜਿਵੇਂ ਕਿਵੇਂ ਰਾਤ ਕੱਟ ਕੇ ਸਵੇਰੇ ਉਹਨਾਂ ਨੇ ਜਾਵੋਰਸਕੀ ਨਾਮ ਦੇ ਬੰਦੇ ਨੂੰ ਸੱਦਿਆ, ਜਾਵੋਰਸਕੀ ਜੰਗ ਤੋਂ ਪਹਿਲਾਂ ਰੇਡੀਓ ਵਿੱਚ ਆਡੀਸ਼ਨ ਇੰਸਪੈਕਟਰ ਸੀ ਤੇ ਹੁਣ ਆਪਣੀ ਪਤਨੀ ਨਾਲ ਗੁਲਬੋਵਨਿਕਾ ਵਿੱਚ ਰਹਿੰਦਾ ਸੀ, ਉਸਦੀ ਪਤਨੀ ਬੜੀ ਖੁਸ਼ਨੁਮਾ ਔਰਤ ਸੀ, ਬਹਾਦਰ ਪੌਲਿਸ਼ ਔਰਤ। ਉਨੀਂ ਦਿਨੀ ਯਹੂਦੀਆਂ ਦੀ ਗੁਪਤ ਫੌਜ ਨੇ ‘ਗੈਟੋ’ ਦੀ ਇੱਕ ਇਮਾਰਤ ਵਿੱਚੋਂ ਬਾਹਰ ਤੈਨਾਤ ਜਰਮਨ ਫੌਜੀਆਂ ਖਿਲਾਫ ਹਥਿਆਰਬੰਦ ਘੋਲ ਸ਼ੁਰੂ ਕੀਤਾ, ਕੋਈ ਮਹੀਨਾ ਕੁ ਦੋਵੇਂ ਪਾਸਿਓਂ ਮੁਕਾਬਲੇ ਵਿੱਚ ਯਹੂਦੀ ਮਾਰੇ ਗਏ, ਤੇ ਜ਼ਰਮਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਸ਼ਪਲੀਜ਼ਮਾਨ ਨੂੰ ਜਦ ਪਤਾ ਲੱਗਿਆ ਉਹ ਬੜਾ ਦੁਖੀ ਹੋਇਆ ਪਰ ਜਾਵੋਰਸਕੀ ਦੀ ਪਤਨੀ  ਨੂੰ ਇਸ ਗੱਲ ਦਾ ਮਾਣ ਸੀ ਕਿ ਯਹੂਦੀ ਸਵੈ-ਮਾਣ ਨਾਲ ਮਰੇ, ਉਸਨੂੰ ਆਸ ਸੀ ਕਿ ਹੁਣ ਬਾਕੀ ਪੋਲੈਂਡ ਦੇ ਲੋਕਾਂ ਵਿੱਚ ਵੀ ਲੜਣ ਦੀ ਪ੍ਰੇਰਣਾ ਆਵੇਗੀ। ਜ਼ਰਮਨ ਕਾਫੀ ਡਰ ਗਏ ਸਨ ਉਹਨਾਂ ਮੁਸ਼ਤੈਦੀ ਹੋਰ ਵਧਾ ਦਿੱਤੀ। ਜਾਵੋਰਸਕੀ ਤੇ ਉਸ ਦੀ ਪਤਨੀ ਨੂੰ ਉੱਥੋਂ ਭੱਜਣਾ ਪਿਆ ਤੇ ਉੱਥੇ ਵੀ ਸ਼ਪਲੀਜ਼ਮਾਨ ਕੁਝ ਹੀ ਦਿਨ ਦਾ ਪ੍ਰਾਹੁਣਾ ਸੀ।
ਹੁਣ ਉਹ ਜਾਵੋਰਸਕੀ ਦੀ ਕਿਸੇ ਰਿਸ਼ਤੇਦਾਰ ਕੋਲ ਰਿਹਾ ਉੱਥੇ ਸਿਰਫ ਇੱਕ ਕਮਰਾ, ਗੁਸਲਖਾਨਾ ਤੇ ਇੱਕ ਸਟੋਵ ਸੀ, ਪਖ਼ਾਨਾ ਉੱਥੇ ਨਹੀਂ ਸੀ। ਸ਼ਪਲੀਜ਼ਮਾਨ ਉੱਥੇ ਰਹਿ ਸਕੇ ਕਰਕੇ ਉਹ ਔਰਤ ਆਪਣੀ ਭੈਣ ਕੋਲ ਚਲੀ ਗਈ। ਇੱਥੇ ਉਸ ਕੋਲ ਭੋਜਨ ਸੀ ਪਰ ਇੱਕ ਮੁਸ਼ਕਿਲ ਸੀ ਪਖ਼ਾਨਾ ਨਾ ਹੋਣ ਕਾਰਨ ਉਹ ਔਰਤ ਨੂੰ ਸ਼ਪਲੀਜ਼ਮਾਨ ਕੋਲ ਸਵੇਰੇ ਆਉਣਾ ਪੈਂਦਾ ਤੇ ਉਸਨੂੰ ਬਾਹਰ ਲਿਜਾਣਾ ਪੈਂਦਾ। ਆਖ਼ਿਰ ਪੱਕਾ ਹੱਲ ਇਹ ਕੱਢਿਆ ਕਿ ਸ਼ਪਲੀਜ਼ਮਾਨ ਆਪਣਾ ਮਲ ਸਟੋਵ ਤੇ ਮਚਾ ਦਵੇ। ਦਿਨ, ਹਫ਼ਤੇ ਤਦ ਤੱਕ ਸਹੀ ਨਿੱਕਲੇ ਜਦ ਤੱਕ ਓਸ ਨੂੰ ਕਿਸੇ ਬਿਮਾਰੀ ਨੇ ਨਹੀਂ ਆਣ ਘੇਰਿਆ। ਬੜੀ ਮੁਸ਼ਕਿਲ ਨਾਲ ਇੱਕ ਭਰੋਸੇਯੋਗ ਡਾਕਟਰ ਲੱਭਿਆ ਗਿਆ ਤਾਂ ਪਤਾ ਚੱਲਿਆ ਕਿ ਸ਼ਪਲੀਜ਼ਮਾਨ ਦਾ ਗੁਰਦਾ ਫੁੱਲ ਕੇ ਗੁਬਾਰਾ ਹੋ ਗਿਆ ਹੈ।
ਕੁਝ ਦਿਨ ਉਹ ਉੱਥੇ ਅਧਮਰਿਆ ਲਿਟਿਆ ਰਿਹਾ ਤੇ ਉਹੀ ਔਰਤ ਆਈ ਤੇ ਦੱਸਿਆ ਕਿ ਜਰਮਨ ਬਿਲਡਿੰਗਾਂ ਖਾਲੀ ਕਰਵਾ ਰਹੇ ਹਨ, ਅਸੀਂ ਹੁਣ ਨਹੀਂ ਆ ਸਕਾਂਗੇ। 13 ਤਾਰੀਖ ਨੂੰ ਜ਼ਰਮਨ ਇਮਾਰਤਾਂ ਨੂੰ ਅੱਗਾਂ ਲਾਉਣ ਲੱਗੇ। ਸ਼ਪਲੀਜ਼ਮਾਨ ਹੁਣ ਇੱਕ ਵੱਖਰੀ ਹੀ ਬੇਫਿਕਰੀ ਦੇ ਹਾਲ ਵਿੱਚ ਸੀ। ਜਿਸ ਵਿੱਚ ਮਨੁੱਖ ਦੀਆਂ ਸਾਰੀਆਂ ਆਸਾਂ ਧੁੰਦਲੀਆਂ ਹੋ ਰਹੀਆਂ ਹੋਣ। ਸ਼ਪਲੀਜ਼ਮਾਨ ਨੇ 30 ਨੀਂਦ ਦੀਆਂ ਗੋਲੀਆਂ ਖਾਦੀਆਂ ਤੇ ਸੋਫੇ ਤੇ ਲੇਟ ਗਿਆ। 3 ਦਿਨ ਉਹ ਬੇਹੋਸ਼ੀ ਦੀ ਹਾਲ ਵਿੱਚ ਪਿਆ ਰਿਹਾ। ਜਦ ਉਹ ਉੱਠਿਆ ਤਾਂ ਇੰਝ ਉੱਠਿਆ ਜਿਵੇਂ ਉਹ ਮਰ ਕੇ ਭਸਮ ਹੋਏ ਨਰਕ ਵਿੱਚ ਉੱਠਿਆ ਹੋਵੇ ਸਭ ਕੁਝ ਤਬਾਹ ਹੋਇਆ ਪਿਆ ਸੀ। ਇੱਕ ਵੀ ਇਮਾਰਤ ਸਲਾਮਤ ਨਹੀਂ ਸੀ। ਰੇਂਗਦਾ ਹੋਇਆ ਉਹ ਬਾਹਰ ਗਿਆ, ਸੜਕਾਂ ਤੇ ਸਿਵਿਆਂ ਜਿਹੀ ਚੁੱਪ ਸੀ। ਸ਼ਪਲੀਜ਼ਮਾਨ ਕੋਈ ਤਿੰਨ ਚਾਰ ਕਿ.ਮੀ ਰੇਂਗਿਆਂ ਤੇ ਖਾਲੀ ਪਈ ਫੌਜੀ ਕੰਟੀਨ ਦੇ ਪਿਛਲੇ ਪਾਸੇ ਚਲਾ ਗਿਆ। ਉੱਥੇ ਬੁਸਦਾ ਪਾਣੀ ਪੀਤਾ, ਕੂੜੇ ਦੇ ਢੇਰ ਵਿੱਚੋਂ ਚੂਸੇ ਹੋਏ ਫਲਾਂ ਦੇ ਬੀਜ ਤੇ ਛਿਲਕੇ ਇਕੱਠੇ ਕਰਕੇ ਕਿਸੇ ਠਾਹਰ ਦੀ ਭਾਲ ਵਿੱਚ ਚਲਾ ਗਿਆ।
ਉੱਥੋਂ ਦੀਆਂ ਇਮਾਰਤਾਂ ਤੋਂ ਉੱਚੇ ਹੋਣ ਦਾ ਮਾਣ, ਸੜਕਾਂ ਤੋਂ ਉਹਨਾਂ ਦਾ ਨਾਮ ਤੇ ਲੋਕਾਂ ਤੋਂ ਉਹਨਾਂ ਦੀ ਜਿੰਦਗੀ ਸਭ ਕੁਝ ਖੋਹ ਲਏ ਗਏ ਸਨ। ਸਪਲੀਜ਼ਮਾਨ ਬੇਨਾਮੀ ਸੜਕ ਦੀ ਇੱਕ ਬੇਨਾਮੀ ਇਮਾਰਤ ਵਿੱਚ ਜੋ ਬਾਕੀਆਂ ਨਾਲੋਂ ਥੋੜੀ ਸਲਾਮਤ ਸੀ ਵਿੱਚ ਚਲਾ ਗਿਆ। ਉੱਥੇ ਉਹ ਆਪਣੇ ‘ਭੋਜਨ’ ਸਮੇਤ ਇੱਕ ਪੜਛੱਤੀ ਜਿਹੀ ਵਿੱਚ ਰਹਿਣ ਲੱਗਿਆ। ਸਿਆਲ ਸ਼ੁਰੂ ਹੋ ਚੁੱਕੇ ਸਨ। ਸ਼ਪਲੀਜ਼ਮਾਨ ਭੋਜਨ ਦੀ ਭਾਲ ਵਿੱਚ ਇਮਾਰਤ ਵਿੱਚ ਫਿਰ ਰਿਹਾ ਸੀ। ਕਿ ਅਚਾਨਕ ਅਵਾਜ ਆਈ, “ਹੱਥ ਉੱਤੇ”। ਲੰਮੇ ਕੱਦ ਤੇ ਫੁਰਤੀਲੇ ਹਾਵ ਭਾਵਾਂ ਵਾਲਾਂ ਇਹ ਨੌਜਵਾਨ ਜ਼ਰਮਨ ਫੌਜ ਦਾ ਅਫਸਰ ਸੀ। ਸ਼ਪਲੀਜ਼ਮਾਨ ਸਭ ਤਰ੍ਹਾਂ ਦੇ ਹਥਿਆਰ ਸੁੱਟ ਗਿਆ, ਜਿਉਣ ਦੀ ਆਸ ਵੀ। ਉਹ ਬਸ ਹੁਣ ਚਾਹੁੰਦਾ ਸੀ ਕਿ ਸੱਚ ਬੋਲ ਕੇ ਮਰਿਆ ਜਾਵੇ। ਜਰਮਨ ਨੇ ਠਰੰਮੇ ਨਾਲ ਉਸ ਦਾ ਨਾਮ ਤੇ ਕਿੱਤਾ ਪੁੱਛਿਆ। ਤਾਂ ਉਹ ਨੇ ਦੱਸਿਆ ਕਿ ਉਹ ਜੰਗ ਤੋਂ ਪਹਿਲਾਂ ਰੇਡੀਓ ਲਈ ਪਿਆਨੋ ਵਜਾਉਂਦਾ ਸੀ। ਅਫ਼ਸਰ ਉਸਨੂੰ ਉੱਥੇ ਇਮਾਰਤ ਦੇ ਖੰਡਰ ਜਿਹੇ ਕਮਰੇ ਵਿੱਚ ਜਿੱਥੇ ਸਿਰਫ ਪਿਆਨੋ ਹੀ ਸਲਾਮਤ ਸੀ ਵਿੱਚ ਲੈ ਗਿਆ ਤੇ ਪਿਆਨੋ ਵਜਾਉਣ ਨੂੰ ਕਿਹਾ। ਅਫ਼ਸਰ ਨੇ ਉਸਨੂੰ ਆਖਿਆ ਕਿ ਕਿਸੇ ਹੋਰ ਦੇ ਆਉਣ ਤੇ ਉਹ ਭੱਜ ਜਾਵੇ। ਅਰਸਿਆਂ ਪਿੱਛੋਂ ਇਹਨਾਂ ਅੱਖ਼ਾਂ ਨੇ ਕੁੰਜੀਆਂ ਨੂੰ ਵੇਖਣਾ ਸੀ, ਬੇਸਬਰ ਹੱਥਾਂ ਵਿੱਚ ਇੱਕੋ ਦਮ ਫੁਰਤੀ ਆਈ ਬੜੇ ਹੀ ਪੇਸ਼ੇਵਰ ਢੰਗ ਨਾਲ ਉਸਨੇ ਕੁੰਜੀਆਂ ਦਾ ਘੁੰਢ ਚੁੱਕਿਆ ਤੇ ਹਵਾਦਾਰ ਖਿੜਕੀਆਂ ਵਿੱਚੋਂ ‘ਸ਼ੋਪੀਨ’ ਦੇ ਸੰਗੀਤ ਦੀਆਂ ਧੁਨਾਂ ਬਾਹਰ ਜਾਣ ਲੱਗੀਆਂ। ਖਬਰੇ ਦੁਸ਼ਮਣ ਦੇ ਕੰਨ ਸੰਗੀਤ ਸੁਣਨ ਵਾਲੇ ਨਹੀਂ ਸਨ ਜਾਂ ਕੋਈ ਤੌਖਲਾ ਸੀ ਕਿ ਬਾਹਰ ਖੜੀ ਫੌਜੀ ਟੁਕੜੀ ਵਿੱਚੋਂ ਕੋਈ ਅੰਦਰ ਨਾ ਆਇਆ। ਅਫ਼ਸਰ ਨੇ ਸ਼ਪਲੀਜ਼ਮਾਨ ਵੱਲ ਦੋਸਤੀਨੁਮਾ ਹੱਥ ਵਧਾਇਆ ਤੇ ਕਿਹਾ, “ਬੱਸ ਕੁਝ ਦਿਨ ਹੋਰ ਅਸੀਂ ਜੰਗ ਹਾਰ ਰਹੇ ਹਾਂ, ਲਾਲ ਫੌਜ ਚੜ੍ਹਤ ਤੇ ਹੈ।” ਤੇ ਉਸ ਤੋਂ ਬਾਅਦ ਤਿੰਨ ਕੁ ਵਾਰ ਉਹ ਸ਼ਪਲੀਜ਼ਮਾਨ ਕੋਲ ਆਇਆ ਤੇ ਭੋਜਨ, ਕੰਬਲ ਅਤੇ ਠੰਢ ਤੋਂ ਬਚਣ ਲਈ ਇੱਕ ਫੌਜੀ ਕੋਟ ਦੇ ਕੇ ਗਿਆ।
20, 21 ਜਨਵਰੀ ਨੂੰ ਨਿਪੋਦਲੀਓਸਕੀ ਐਵੀਨਿਓ ਦੀਆਂ ਸੜਕਾਂ ਲੋਕਾਂ ਦੀ ਭੀੜ ਨਾਲ ਭਰੀਆਂ ਸਨ। ਪੋਲੈਂਡ ਦਾ ਕੌਮੀ ਤਰਾਨਾ ਵੱਜ ਰਿਹਾ ਸੀ। ਸ਼ਪਲੀਜ਼ਮਾਨ ਭੱਜ ਕੇ ਲਾਲ ਫੌਜ ਦੇ ਸਿਪਾਹੀ ਕੋਲ ਗਿਆ ਤੇ ਉਸਦੇ ਪਹਿਲੇ ਬੋਲ ਸਨ, “ਕੀ ਮੈਂ ਹੁਣ ਵਰਸਾਅ ਜਾ ਸਕਦਾ ਹਾਂ?” ਸਿਪਾਹੀਆਂ ਜਰਮਨ ਕੋਟ ਪਹਿਨੇ ਹੋਣ ਕਰਕੇ ਉਸਨੂੰ ਜਰਮਨ ਸਮਝ ਲਿਆ ਤੇ ਬੰਦੂਕਾ ਤਣ ਲਈਆਂ। ਸ਼ਪਲੀਜ਼ਮਾਨ ਨੇ ਆਪਣੇ ਸ਼ਹਿਰ, ਕੰਮ ਤੇ ਜਾਣਕਾਰਾਂ ਦੇ ਕਈ ਹਵਾਲਿਆਂ ਨਾਲ ਆਪਣੇ ਪੌਲਿਸ਼ ਹੋਣ ਦਾ ਯਕੀਨ ਦਵਾਇਆ। ਲਾਲ ਫੌਜ ਨੇ ਪੂਰੇ ਸ਼ਹਿਰ ਵਿੱਚ ਮਾਰਚ ਕਰਕੇ ਮੁੜ ਬਹਾਲੀ ਦਾ ਸੰਕੇਤ ਦਿੱਤਾ ਤੇ ਸ਼ਪਲੀਜ਼ਮਾਨ ਨੂੰ ਇਹ ਮੁੜ ਬਹਾਲੀ ਨਾਲੋਂ ਬਹੁਤਾ ਮੁੜ ਜਨਮ ਲੱਗ ਰਿਹਾ ਸੀ। ਇੰਝ ਦਾ ਜਨਮ ਜੋ ਅਨਾਥ ਨਿਆਣਿਆਂ ਦਾ ਹੁੰਦਾ ਹੈ। ਪੋਲੈਂਡ ਦੀ ਉਸ ਸਮੇਂ ਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਇਹ ਖੰਡਰ ਹੁਣ ਮੁੜ ਕਦੇ ਨਹੀਂ ਵੱਸਣਾ, ਇੱਥੇ ਰੇਡੀਓ ਤੇ ਪਿਆਨੋ ਹੁਣ ਕਿਸੇ ਨਹੀਂ ਸੁਣਨਾ। ਪਰ ਸਮਾਂ ਲੰਘਿਆ ਸ਼ਪਲੀਜ਼ਮਾਨ ਨੇ ਉਸ ਤੋਂ ਬਾਅਦ ਕਈ ਨਾਮਵਰ ਫਿਲਮਾਂ ਵਿੱਚ ਸੰਗੀਤ ਦਿੱਤਾ, ਰੇਡੀਓ ਵਿੱਚ ਮੁੜ ਨੌਕਰੀ ਸ਼ੁਰੂ ਕੀਤੀ ਅਤੇ 6 ਜੁਲਾਈ 2000 ਤੱਕ ਜੀਵਿਆ। 
ਕਦੇ ਕਦੇ ਸੋਚਦੇ ਹਾਂ ਕਿ ਸ਼ਪਲੀਜ਼ਮਾਨ ਹੋਰਾਂ ਯਹੂਦੀਆਂ ਜਾਂ ਲੜਾਕਿਆਂ ਵਾਂਗ ਮਰਿਆ ਕਿਉਂ ਨਹੀਂ? ਜਦਕਿ ਉਸ ਦੇ ਸੰਪਰਕ ਵਿੱਚ ਕਈ ਗੁਪਤ ਲੋਕ ਆਏ ਤੇ ਇੰਨੇ ਸਾਰੇ ਲੋਕਾਂ ਨੇ ਆਪਣੀ ਜਿੰਦਗੀ ਜੋਖਿਮ ਵਿੱਚ ਪਾ ਕੇ ਉਸਨੂੰ ਕਿਉਂ ਸਾਂਭਿਆ? ਫੇਰ ਲੱਗਦਾ ਹੈ ਕਿ ਖਬਰੇ ਲੋਕਾਂ ਦੀ ਉਦੋਂ ਬਿਹਤਰ ਭਵਿੱਖ ਦੀ ਇੱਛਾ ਹੋਰ ਪ੍ਰਬਲ ਹੋਈ ਹੋਵੇ ਖਬਰੇ ਉਹ ਇਹ ਸੋਚ ਕੇ ਸ਼ਪਲੀਜ਼ਮਾਨ ਦੀ ਮਦਦ ਕਰਦੇ ਰਹੇ ਹੋਣ ਕਿ ਉਨ੍ਹਾਂ ਨੂੰ ਕੋਈ ਉਸ ਸਮੇਂ ਦੀਆਂ ਖੌਫਨਾਕ ਸੱਚਾਈਆਂ ਦਾ ਗਵਾਹ ਚਾਹੀਦਾ ਹੋਣੈ
!


-ਬਲਤੇਜ