ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 3)

ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 3)

3 ਜੁਲਾਈ, 1947 ਨੂੰ ਦਿੱਲੀ ਵਿਚ ਭਾਰਤ ਦੀ ਵੰਡ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਅਗਲੇ ਹਫਤੇ ਇੰਗਲੈਂਡ ਵਿਚ ਲੇਬਰ ਪਾਰਟੀ ਦੀ ਸਾਲਾਨਾ ਬੈਠਕ ਹੋਈ ਜਿਸ ਵਿਚ ਅਰਨੈਸਟ ਬੇਵਿਨ, ਜੋ ਕੇ ਉਸ ਸਮੇਂ ਬ੍ਰਿਟੇਨ ਦੇ ਵਿਦੇਸ਼ ਸੱਕਤਰ ਸਨ, ਨੇ ਬਿਆਨ ਦਿੱਤਾ ਕਿ - "ਭਾਰਤ ਦੀ ਵੰਡ ਹੋਣ ਨਾਲ ਮੱਧ ਏਸ਼ੀਆ ਵਿਚ ਬਰਤਾਨੀਆ ਬੇਹੱਦ ਮਜ਼ਬੂਤ ਹਾਲਤ ਵਿਚ ਹੋ ਜਾਵੇਗਾ ਅਤੇ ਬਰਤਾਨਵੀ ਸਥਾਪਤੀ ਇਸ ਖਿੱਤੇ 'ਚ ਸਦਾਚਿਰਜੀਵੀ ਸਿੱਧ ਹੋਵੇਗੀ।" ਜਿਸ ਦਿਨ ਇਹ ਬਿਆਨ ਦਿੱਤਾ ਗਿਆ, ਉਸੇ ਦਿਨ ਬ੍ਰਿਟੇਨ ਵਿਚ ਬਣਾਈ ਗਈ ਇੰਡੀਆ ਲੀਗ਼ ਦੇ ਆਗੂ ਕ੍ਰਿਸ਼ਨਾ ਮੇਨਨ, ਕਾਂਗਰਸ ਪਾਰਟੀ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਆਦਿ ਭਾਰਤ ਵਿਚ ਹੋਣ ਵਾਲੀਆਂ ਅਗਾਮੀ ਕਾਰਵਾਈਆਂ ਅਤੇ ਇਹਨਾਂ ਬਾਰੇ ਪਾਰਟੀ ਦੀ ਸੰਭਾਵੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਇਹ ਵਿਚਾਰ ਵਟਾਂਦਰੇ ਨਵੀਂ ਦਿੱਲੀ ਦੇ 7-ਯਾਰਕ ਰੋਡ ਵਿਖੇ ਚੱਲ ਰਹੇ ਸਨ। 14 ਜੂਨ ਨੂੰ ਵਾਇਸਰਾਏ ਹਾਊਸ ਵਿੱਚ ਬੇਵਲ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਮੈਨਨ ਨੇ ਲਾਰਡ ਮਾਊਂਟਬੈਟਨ ਨੂੰ ਕਿਹਾ ਸੀ ਕਿ "ਕੀ ਉੱਤਰ-ਪੱਛਮੀ ਸਰਹੱਦ 'ਤੇ ਬਣਿਆ ਹੋਇਆ ਤਣਾਅ ਅਜੇ ਵੀ ਬਰਤਾਨੀਆ ਦੀ ਸ਼ਾਹੀ ਰਣਨੀਤੀ ਦਾ ਦੂਜਾ ਹਿੱਸਾ ਹੈ? ਕੀ ਇਸ ਇਲਾਕੇ ਨੂੰ ਹਾਲੇ ਵੀ ਬਰਤਾਨੀਆ ਵਾਸਤੇ ਵਰਤਣ ਯੋਗ ਸਮਝਿਆ ਜਾ ਰਿਹਾ ਹੈ? ਅਤੇ ਕੀ ਇਹ ਸਭ ਕੁਝ ਇੱਕ ਵੱਡੀ ਯੋਜਨਾਬੰਦੀ ਦਾ ਹਿੱਸਾ ਹੈ? ਕੀ ਕਸ਼ਮੀਰ ਨੂੰ, ਕਿਸੇ ਵੀ ਕਾਰਨ ਪਾਕਿਸਤਾਨ ਦਾ ਹਿੱਸਾ ਬਣਾਉਣਾ ਬਰਤਾਨਵੀ ਸਾਮਰਾਜ ਦੀ ਕਿਸੇ ਲੁਕਵੀਂ ਰਣਨੀਤੀ ਦਾ ਹਿੱਸਾ ਹੈ? ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਸੰਬੰਧੀ ਕੁਝ ਜਾਣਦੇ ਹੋ ਜਾ ਨਹੀਂ ਪਰ ਜੇਕਰ ਬਰਤਾਨੀਆ ਦੀ ਹਕੂਮਤ ਦੀ ਅਜਿਹੀ ਇੱਛਾ ਹੈ ਤਾਂ ਇਹ ਬਹੁਤ ਹੀ ਦੁਖਦਾਈ ਹੈ। ਇਸ ਕਦਮ ਨਾਲ ਭਾਰਤ ਨਾਲ ਬ੍ਰਿਟੇਨ ਦੇ ਸੰਬੰਧਾਂ ਵਿਚ ਇੱਕ ਨਾਰਾਜ਼ਗੀ ਬਣੀ ਰਹੇਗੀ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਪਾਕਸਿਤਾਨ 'ਤੇ ਬਰਤਾਨਵੀ ਕੰਟਰੋਲ ਢਿੱਲਾ ਪੈ ਜਾਵੇ। ... ਸ਼ਾਇਦ ਮੈਂ ਕੁਝ ਜਿਆਦਾ ਹੋ ਬੋਲ ਗਿਆ ਹੋਵਾਂ ...।"

ਮੈਨਨ ਨੇ ਇਸ ਕਥਨ ਵਿਚ ਦੋ ਬਹੁਤ ਵੱਡੇ ਸਵਾਲ ਪੁੱਛ ਲਏ ਸਨ।ਪਹਿਲਾ ਸਵਾਲ ਇਹ ਕਿ 'ਕੀ ਪੱਛਮੀ ਪਾਕਿਸਤਾਨ ਅਤੇ ਕਸ਼ਮੀਰ ਰਿਆਸਤ (ਜਿਹੜੀ ਉਸ ਵੇਲੇ ਰਾਜਾ ਹਰੀ ਸਿੰਘ ਦੇ ਅਧੀਨ ਸੀ) ਦਾ ਇਸਤੇਮਾਲ ਬਰਤਾਨਵੀ ਰਣਨੀਤੀ ਦਾ ਹਿੱਸਾ ਹੈ ਅਤੇ ਇਹ ਦੋਵੇਂ ਭਵਿੱਖ 'ਚ ਸੋਵੀਅਤ ਰੂਸ ਨਾਲ ਹੋਣ ਵਾਲੀ ਕਿਸੇ ਸੰਭਾਵੀ ਜੰਗ ਦੇ ਇਰਾਦੇ ਨੂੰ ਨਾਕਾਮ ਬਣਾਉਣ ਵਾਸਤੇ ਬਰਤਾਨੀਆ ਲਈ ਇੱਕ ਫੌਜੀ ਬੇਸ ਦਾ ਕੰਮ ਕਰਨਗੇ? ਦੂਜਾ ਸਵਾਲ ਇਹ ਕਿ, ਕੀ ਇਸ ਸੰਬੰਧ ਵਿਚ ਬ੍ਰਿਟਿਸ਼ ਰਣਨੀਤੀ ਇੰਨੀ ਗੁੰਝਲਦਾਰ ਅਤੇ ਇੰਨੀ ਚੰਗੀ ਤਰ੍ਹਾਂ ਲੁਕਾਈ ਗਈ ਸੀ ਕਿ ਭਾਰਤ ਦੇ ਵਾਇਸਰਾਏ ਨੂੰ ਵੀ ਇਸ ਤੋਂ ਅਣਜਾਣ ਰੱਖਿਆ ਗਿਆ ਸੀ?' ਵੰਡ ਦੀ ਇਸ ਚਰਚਾ ਦਾ ਪਿਛੋਕੜ ਬਹੁਤ ਕਰਕੇ ਨਹੀਂ ਬਲਕਿ ਪੂਰਾ ਇਤਿਹਾਸਿਕ ਸੀ। 

1860 ਅਤੇ 70 ਦਰਮਿਆਨ ਰੂਸੀ ਜ਼ਾਰ ਦੀ ਫੌਜ ਨੇ ਖੋਕਾਂਡ, ਬੁਖਾਰਾ ਅਤੇ ਖੀਵਾ ਦੀਆ ਸਲਤਨਤਾਂ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਸੀ। ਤਾਸ਼ਕੰਦ ਅਤੇ ਸਮਰਕੰਦ ਵਰਗੇ ਇਤਿਹਾਸਿਕ ਸ਼ਹਿਰ ਹੁਣ ਜ਼ਾਰ ਕੇ ਸ਼ਾਸਨ ਅਧੀਨ ਹੋ ਚੁੱਕੇ ਸਨ। ਰੂਸ ਦੀ ਸਰਹੱਦ ਫੈਲਦੀ ਜਾ ਰਹੀ ਸੀ ਅਤੇ ਇਹ ਕਸ਼ਮੀਰ ਰਿਆਸਤ ਤੋਂ ਸਿਰਫ 200 ਕਿਲੋਮੀਟਰ ਦੂਰ ਹੀ ਰਹਿ ਗਈ ਸੀ। ਇਸ ਸਮੇਂ ਬਰਤਾਨੀਆ ਦੇ ਸਿਆਸੀ ਅਤੇ ਫੌਜੀ ਜਰਨੈਲਾਂ ਨੇ ਖ਼ਤਰੇ ਦੀਆ ਘੰਟਿਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।


ਕਸ਼ਮੀਰ ਦੀ ਘਾਟੀ ਅਤੇ ਗਿਲਗੀਤ-ਬਾਲਟੀਸਤਾਨ ਦੀਆ ਪਹਾੜੀਆਂ ਵਿਚ ਉਸ ਵੇਲੇ ਤੱਕ ਬ੍ਰਿਟਿਸ਼-ਇੰਡੀਆ ਫੌਜ ਦੀਆਂ ਸਿਰਫ ਕੁਝ ਬਟਾਲੀਅਨਾਂ ਹੀ ਮੌਜੂਦ ਸਨ। ਰੂਸੀ ਫੌਜ ਦੇ ਭਾਰਤ ਵਿਚ ਬਹੁਤ ਆਸਾਨੀ ਨਾਲ ਦਾਖਲ ਹੋ ਜਾਣ ਦਾ ਰਸਤਾ ਦੱਰਾ ਖੈਬਰ ਅਤੇ ਬੋਲਨ ਪਾਸ, ਅਫ਼ਗ਼ਾਨਿਸਤਾਨ ਦੀ ਸਰਹਦ ਤੇ ਲੱਗਦੇ ਸਨ। ਪਰ ਡੋਗਰਾ ਰਾਜਪੂਤ ਰਾਜਿਆਂ ਨੇ ਹੁਨਜ਼ਾ ਘਾਟੀ ਦੇ ਨਾਲ ਲੱਗਦੇ ਪਹਾੜਾਂ ਵਿਚ 13000 ਫੁੱਟ ਦੀ ਉਚਾਈ ਵਾਲੇ ਮੰਤਕ ਪਾਸ 'ਤੇ ਪੱਕੀ ਸੜਕ ਬਣਵਾ ਛੱਡੀ ਸੀ ਜੋ ਦੂਜੇ ਪਾਸੇ ਸਿੰਙੀਆਂਗ ਸੂੱਬੇ ਦੇ ਕਸ਼ਗੜ੍ਹ ਨਾਲ ਜੁੜੀ ਹੋਈ ਸੀ। ਇਸ ਕਾਰਨ ਅੰਗਰੇਜ਼ ਅਫ਼ਸਰਾਂ ਦਾ ਡਰ ਹੋਰ ਵੱਧ ਗਿਆ ਸੀ। ਨਤੀਜੇ ਵੱਜੋਂ ਓਹਨਾ ਨੇ ਰੂਸ ਦੀਆਂ ਫੌਜੀ ਕਾਰਵਾਈਆਂ 'ਤੇ ਨਜ਼ਰ ਰੱਖਣ ਲਈ ਉਜ਼ਬੇਕਿਸਤਾਨ ਅਤੇ ਪਾਮੀਰ ਦੇ ਪਹਾੜਾਂ ਵਿਚ ਫੌਜੀ ਚੌਕੀਆਂ ਸਥਾਪਤ ਕੀਤੀਆਂ ਅਤੇ ਨਾਲ ਹੀ ਪਰਸੀਆ ਦੇ ਸ਼ਾਹ ਨੂੰ ਰਿਸ਼ਵਤ ਅਤੇ ਧਮਕੀਆਂ ਵੀ ਦਿੱਤੀਆ ਗਈਆਂ ਤਾਂ ਜੋ ਉਹ ਰੂਸੀ ਜ਼ਾਰ ਨਾਲ ਕੋਈ ਜੰਗੀ ਸਮਝੌਤਾ ਨਾ ਕਰ ਲਏ। ਇਹ ਸਾਰੀ ਦੌੜ -ਭੱਜ ਭਾਰਤ ਦੇ ਪੱਛਮੀ ਸਰਹੱਦੀ ਇਲਾਕਿਆਂ ਨੂੰ ਰੂਸ ਦੀਆਂ ਫੌਜੀ ਨੀਤੀਆਂ ਤੋਂ ਬਚਾਉਣ ਲਈ ਕੀਤੀ ਗਈ ਸੀ।

The Russian forces march past.
ਬਰਤਾਨੀਆ ਦੀ ਇੱਕ ਰਿਪੋਰਟ ਮੁਤਾਬਕ - 1857 ਦੀ ਭਾਰਤੀ ਬਗ਼ਾਵਤ ਅਤੇ ਇਸ ਦੌਰਾਨ ਚੱਲ ਰਹੀਆਂ ਸਾਜ਼ਿਸ਼ਾਂ ਦੇ ਮੱਦੇਨਜ਼ਰ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਦਾ ਡਰ ਇਸ ਕਦਰ ਵਧ ਦਿੱਤਾ ਕਿ ਉਹਨਾਂ ਨੂੰ ਬਰਤਾਨਵੀ ਸਾਮਰਾਜ ਵਿਦੇਸ਼ੀ ਗੱਠਜੋੜਾਂ 'ਚ ਘਿਰਿਆ ਹੋਇਆ ਦਿਖਾਈ ਦੇਣ ਲੱਗਾ।ਬਿਲਕੁਲ ਅਜਿਹੇ ਵੇਲੇ ਰੂਸ ਇੱਕ ਤਾਕਤਵਰ ਫੌਜੀ ਸਾਮਰਾਜ ਵੱਜੋਂ ਉਭਰ ਰਿਹਾ ਸੀ ਅਤੇ ਜੇ ਇਸ ਮੌਕੇ ਈਸਟ ਇੰਡੀਆ ਕੰਪਨੀ ਦਾ ਕੋਈ ਟਾਕਰਾ ਕਰ ਸਕਦਾ ਸੀ ਤਾਂ ਉਹ ਰੂਸੀ ਜ਼ਾਰ ਦੀ ਫੌਜ ਹੀ ਸੀ।ਉਸ ਵਕ਼ਤ ਬਰਤਾਨੀਆ ਵਿਚ ਬੈਠੇ ਅੰਗਰੇਜ਼ੀ ਰਣਨੀਤਕ ਸਰ ਹੈਨਰੀ ਰੋਲੀਨਸਨ ਜਿਹੜਾ ਕਿ ਰਾਇਲ ਜਿਓਗ੍ਰਾਫਿਕ ਐਂਡ ਏਜ਼ੀਆਟਿਕ ਸੋਸਾਈਟੀਜ਼ ਦਾ ਪ੍ਰੈਜ਼ੀਡੈਂਟ ਵੀ ਸੀ, ਨੇ ਕਿਹਾ ਕਿ "ਅਗਰ ਜ਼ਾਰ ਦੇ ਦਫ਼ਤਰ ਨੇ ਕਾਬੁਲ ਨੂੰ ਆਪਣੀ ਪਕੜ 'ਚ ਲੈ ਲਿਆ ਤਾਂ ਬਰਤਾਨੀਆ ਦੀ ਭਾਰਤੀ ਕਲੋਨੀ 'ਤੇ ਇਸਦਾ ਬਹੁਤ ਬੁਰਾ ਅਸਰ ਪਏਗਾ ਅਤੇ ਅੰਗਰੇਜ਼ੀ ਸਾਮਰਾਜ ਲਈ ਖਿੱਤੇ 'ਚ ਬਣੇ ਰਹਿਣਾ ਔਖਾ ਹੋ ਜਾਵੇਗਾ। ਇਸ ਦੇ ਨਾਲ ਇੱਕ ਖਾਸ ਗੱਲ ਹੋਰ ਅਹਿਮੀਅਤ ਰੱਖਦੀ ਹੈ ਕਿ ਭਾਰਤ ਦੇ ਉੱਤਰ ਵਿੱਚ ਪੈਂਦੇ ਰਾਜਾਂ ਦੇ ਹਰ ਹੁਕਮਰਾਨ ਨੂੰ ਬਰਤਾਨੀਆ ਵਿਰੁੱਧ ਕੋਈ ਨਾ ਕੋਈ ਰੋਸ ਜਾ ਸ਼ਿਕਾਇਤ ਹੈ। ਇਹਨਾਂ ਰੋਸਿਆਂ ਅਤੇ ਸ਼ਿਕਾਇਤਾਂ ਦੇ ਚੱਲਦਿਆਂ ਮੌਕਾ ਮਿਲਦੇ ਹੀ ਇਹ ਹੁਕਮਰਾਨ ਰੂਸੀ ਜ਼ਾਰ ਨਾਲ ਮਿਲਕੇ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਸਾਜਿਸ਼ ਰਚ ਸਕਦੇ ਹਨ ਅਤੇ ਅਫ਼ਗ਼ਾਨਿਸਤਾਨ ਤੋਂ ਲੈ ਕੇ ਪੰਜਾਬ ਤੱਕ ਅੰਗਰੇਜ਼ੀ ਰਾਜ ਦੀ ਪਕੜ ਢਿੱਲੀ ਪੈ ਜਾਏਗੀ। ਇਸ ਤੋਂ ਵੀ ਡਰਾਉਣੀ ਇਹ ਗੱਲ ਹੈ ਕਿ ਅਫ਼ਗਾਨਿਸਤਾਨ ਵਿਚ ਇਕ ਅਜਿਹੀ ਇਸਲਾਮਿਕ ਮਸ਼ੀਨਰੀ ਵੀ ਕੰਮ ਕਰ ਰਹੀ ਹੈ ਜਿਹੜੀ ਭਾਰਤ ਵਿਚ ਆਪਣਾ ਰਾਜ ਖੁੱਸ ਜਾਣ ਕਾਰਣ ਤਪਦੇ ਹੋਏ ਮੁਸਲਮਾਨਾਂ ਨੂੰ ਅੰਗਰੇਜ਼ ਨਾਲ ਦੁਸ਼ਮਣੀ ਕੱਢਣ ਲਈ ਪੂਰੀ ਇਕਸੁਰਤਾ ਨਾਲ ਉਤਸਾਹਿਤ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਨੂੰ ਰੂਸ ਵੱਲੋਂ ਇਸ ਤਰ੍ਹਾਂ ਦੀ ਸਾਜਿਸ਼ੀ ਕਾਰਵਾਈ ਨੂੰ ਰੋਕਣ ਵਾਸਤੇ ਕਾਬੁਲ ਵਿੱਚ ਫੌਜੀ ਪੇਸ਼ਬੰਦੀਆਂ ਬਣਾਏ ਰੱਖਣ ਲਈ ਮੌਜੂਦ ਰਹਿਣਾ ਹੋਵੇਗਾ। ... ਅਤੇ ਨਾਲ ਹੀ ਨਾਲ ਗਰਮੀਆਂ ਦੌਰਾਨ ਕਸ਼ਮੀਰ ਦੇ ਖੁੱਲੇ ਹੋਏ ਪਹਾੜੀ ਰਾਹਾਂ 'ਤੇ ਕਰੜੀ ਨਜ਼ਰ ਰੱਖਣੀ ਪਵੇਗੀ।"

ਭਵਿੱਖ ਵਿਚ ਭਾਰਤ ਦੇ ਗਵਰਨਰ ਜਨਰਲ ਬਣਨ ਵਾਲੇ ਸਰ ਜਾਨ ਲੌਰੈਂਸ ਦੇ ਵਿਚਾਰ ਉਪਰੋਕਤ ਤੋਂ ਬਿਲਕੁਲ ਉਲਟ ਜਿਸਨੇ ਕਿਹਾ ਕਿ "ਭਾਰਤ ਦੀ ਸੁਰੱਖਿਆ ਬਰਤਾਨਵੀ ਸਾਮਰਾਜ ਵੱਲੋਂ ਦਿੱਤੇ ਜਾ ਰਹੇ ਵਧੀਆ ਪ੍ਰਸ਼ਾਸ਼ਨ ਅਤੇ ਭਾਰਤੀ ਪਰਜਾ ਦੀ ਸੰਤੁਸ਼ਟੀ ਵਿੱਚ ਹੈ। ਅਤੇ ਜੇ ਅਜਿਹੀਆਂ ਸ਼ਰਤਾਂ ਪੂਰੀਆਂ ਹੋ ਜਾਣ ਤਾਂ ਵਿਦੇਸ਼ੀ ਸਾਜ਼ਿਸ਼ ਲਈ ਕੋਈ ਥਾਂ ਨਹੀਂ ਹੋਵੇਗੀ।"
ਦੂਜੇ ਪਾਸੇ ਰੂਸ ਵਿਚ ਵੀ ਸਾਮਰਿਕ 'ਫਾਰਵਰਡ ਪਾਲਿਸੀ' ਨੂੰ ਸਮਰਥਨ ਦੇਣ ਵਾਲਿਆਂ ਦੀ ਘਾਟ ਨਹੀਂ ਸੀ। ਰੂਸ ਦੇ ਵਿਦੇਸ਼ ਮੰਤਰੀ ਪ੍ਰਿੰਸ ਅਲੈਗਜ਼ੈਂਡਰ ਮਿਕਾਲੋਵਿੱਚ ਗੋਰਚਕੋਵ ਨੇ ਸੇਂਟ ਪੀਟਰਬਰਗ ਵਿਚ ਕਿਹਾ - "ਕੇਂਦਰੀ ਏਸ਼ੀਆ ਵਿਚ ਰੂਸ ਦੀ ਸਥਿਤੀ ਇਕ ਸਭਿਅੱਕ ਸਟੇਟ ਦੀ ਹੈ ਜਿਸ ਨੂੰ ਅੱਧੇ-ਮਾਨਵਵਾਦ ਅਤੇ ਮਾਰ-ਖੋਰੇ ਜਾਨਵਰਾਂ ਵਰਗੀ ਆਬਾਦੀ ਦੇ ਸੰਪਰਕ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕੋਲ ਕੋਈ ਸਥਿਰ ਸੰਸਥਾ ਜਾਂ ਬਾਰਡਰ ਸਕਿਊਰਿਟੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਸੱਭਿਆਚਾਰਕ ਸਟੇਟਾਂ ਨਾਲ ਕੋਈ ਵਪਾਰਕ ਸਬੰਧ ਹੀ ਹਨ। ਸਾਡਾ ਕੰਮ ਉਨ੍ਹਾਂ 'ਤੇ ਇਕ ਵਿਸ਼ੇਸ਼ ਅਧਿਕਾਰ ਸਥਾਪਤ ਕਰਨ ਦਾ ਹੈ, ਤਾਂ ਜੋ ਉਨ੍ਹਾਂ ਨੂੰ ਸਭਿਅਤਾ ਵੱਲ ਲਿਆਂਦਾ ਜਾ ਸਕੇ।"  

ਇਸ ਨਾਲ ਮਿਲਦੇ-ਜੁਲਦੇ ਵਿਚਾਰ ਫਿਓਡੋਰ ਦੋਸਤੋਵਸਕੀ ਦੇ ਸਨ ਜਿਸਨੇ ਸੇਂਟ ਪੀਟਰਜ਼ਬਰਗ ਤੋਂ ਛਪ ਰਹੀ 'ਸਿਟੀਜਨ ਐਕਸਪ੍ਰੈਸ' ਵਿਚ ਲਿਖਿਆ ਕਿ - "ਰੂਸੀਆਂ ਨੂੰ ਬਾਜ਼ਾਰਾਂ ਅਤੇ ਜਮੀਨਾਂ ਦੀ ਲੋੜ ਤਾਂ ਸੀ ਪਰ ਇਸ ਦੇ ਬਦਲੇ ਅਜਿਹੇ ਪੱਛੜੇ ਸਮਾਜ ਨੂੰ ਅਗਾਂਹ ਦੀ ਥਾਹ ਦੱਸਣ ਵਾਸਤੇ ਵਿਗਿਆਨ ਨਾਲ ਸਾਂਝ ਪੁਆਉਣ ਅਤੇ ਉਹਨਾਂ ਦੇ ਜੀਵਨ 'ਚ ਰਫਤਾਰ ਲਿਆਉਣ ਲਈ ਰੇਲਮਾਰਗਾਂ ਦੀ ਉਸਾਰੀ ਵੀ ਕੀਤੀ ਜਾਣ ਦੀ ਪੇਸ਼ਨਿਗੋਈ ਹੈ। ਏਸ਼ੀਆ ਰੂਸ ਲਈ ਉਹੋ ਜਿਹੀਆਂ ਸੰਭਾਵਨਾਵਾਂ ਹੀ ਪ੍ਰਦਾਨ ਕਰ ਰਿਹਾ ਹੈ ਜਿਹੜੀਆਂ ਅਮਰੀਕਾ ਨੇ  ਯੂਰੋਪੀ ਸਟੇਟਾਂ ਨੂੰ ਦਿਤੀਆਂ ਹਨ। ...ਜੇ ਅਸੀਂ ਇੰਗਲੈਂਡ ਤੋਂ ਡਰਨਾ ਹੈ ਤਾਂ ਫੇਰ ਘਰ ਬੈਠੇ ਰਹੋ ਅਤੇ ਕੁਝ ਕਰਨ ਦੀ ਲੋੜ ਨਹੀਂ। 

ਉਨ੍ਹੀਵੀਂ ਸਦੀ ਦੌਰਾਨ ਏਸ਼ੀਆ ਵਿਚ ਦੋ ਸਭ ਤੋਂ ਤਾਕਤਵਰ ਸਾਮਰਾਜਾਂ ਵਿਚਾਲੇ ਇਸ ਅੰਨ੍ਹੀਂ ਦੁਸ਼ਮਣੀ ਨੂੰ ਰੂਸ ਦੇ ਵਿਦੇਸ਼ੀ ਮੰਤਰੀ ਕੇ. ਵੀ. ਨੈਸਲਰੋਰੋਡ ਨੇ ''ਸ਼ੈਡੋ (ਪਰਛਾਵਾਂ) ਟੂਰਨਾਮੈਂਟ'' ਦੇ ਨਾਮ ਨਾਲ ਸੰਬੋਧਨ ਕੀਤਾ। ਕਿਉਂਕਿ ਇਸ ਸਮੇਂ ਦੌਰਾਨ ਬਰਤਾਨੀਆ ਅਤੇ ਰੂਸ ਦੀਆਂ ਫੌਜਾਂ ਦਾ ਸਿੱਧਾ ਟਾਕਰਾ ਨਹੀਂ ਹੋਇਆ ਸੀ। 'ਦ ਜੰਗਲ ਬੁੱਕ' ਦੇ ਲੇਖਕ ਰੁੱਡਯਾਰਡ ਕਿਪਲਿੰਗ ਨੇ ਆਪਣੇ ਨਾਵਲ 'ਕਿੰਮ' ਵਿਚ ਇਸਦਾ ਨਾਮਕਰਨ ਕੁਝ ਵੱਖਰੀ ਤਰਾਂ ਕੀਤਾ ਹੈ ਜੋ ਅੱਜ-ਤੱਕ ਚੱਲ ਰਿਹਾ ਹੈ। ਕਿਪਲਿੰਗ ਨੇ ਇਸ ਸੰਘਰਸ਼ ਨੂੰ "ਦ ਗ੍ਰੇਟ ਗੇਮ" ਦਾ ਨਾਮ ਦਿੱਤਾ। ਇਸੇ ਗ੍ਰੇਟ ਗੇਮ ਦੀ ਛਾਂ ਹੇਠ ਭਾਰਤ (ਅਸਲ ਵਿਚ ਪੰਜਾਬ ਅਤੇ ਬੰਗਾਲ) ਦੀ ਵੰਡ ਹੋਈ ਅਤੇ ਸਾਮਰਾਜੀ ਤਾਕਤਾਂ ਦੇ ਆਪਣੇ ਲਾਭ ਅਤੇ ਲੋਭ ਲਈ ਲੱਖਾਂ ਭਾਰਤੀ ਜਾਨਾਂ ਕੁਰਬਾਨ ਕਰ ਦਿੱਤੀਆਂ। ਅਫਸੋਸ ਦੀ ਗੱਲ ਇਹ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਸਮਾਜ ਅੱਜ ਵੀ ਸੁੱਤਾ ਹੋਇਆ ਹੈ ਅਤੇ ਅੰਗਰੇਜਾਂ ਵੱਲੋਂ ਉਹਨਾਂ ਨਾਲ ਕੀਤੇ ਗਏ 'ਪਾਕਿਸਤਾਨ' ਨਾਮ ਦੇ ਧੋਖੇ ਅਤੇ ਭੈੜੇ ਮਜ਼ਾਕ ਨੂੰ ਸਮਝ ਨਹੀਂ ਸਕਿਆ। ਦੋਵਾਂ ਮੁਲਕਾਂ ਦੇ ਲੋਕ ਹਾਲੇ ਤੱਕ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਬੈਠੇ ਹਨ।

(ਭਾਰਤ ਦੀ ਵੰਡ 'ਤੇ ਹੁਣ ਤੱਕ ਦੀ ਸਭ ਤੋਂ ਪ੍ਰਸਿੱਧ ਕਿਤਾਬ 'Partition of India - The great Game' ਜਿਹੜੀ ਕਿ ਨਰਿੰਦਰ ਸਿੰਘ ਸਰੀਲਾ ਦੀ ਲਿਖੀ ਹੋਈ ਹੈ ਦੇ ਅੰਸ਼ ਲੜੀਵਾਰ ਛਾਪੇ ਜਾਣ ਲਈ ਇਹਨਾਂ ਦਾ ਅਨੁਵਾਦ ਕੇ.ਐੱਸ. ਚੱਠਾ ਨੇ ਕੀਤਾ ਹੈ। ਚੱਠਾ ਇੱਕ ਉਘੇ ਚਿੰਤਕ ਅਤੇ ਆਜ਼ਾਦ ਲੇਖਕ ਹਨ।)