ਆਪਾਂ ਸਿਆਸਤ ਤੋਂ ‘ਅੰਬ’ ਲੈਣੇ ਆ!

ਆਪਾਂ ਸਿਆਸਤ ਤੋਂ ‘ਅੰਬ’ ਲੈਣੇ ਆ!
ਮੋਦੀ ਅਤੇ ਅਕਸ਼ੈ ਕੁਮਾਰ ਦੀ ਅੰਬਾਂ ਵਰਗੀ ਮਿਠੀ ਗੱਲਬਾਤ ਬਾਰੇ

ਕਈ ਗੱਲਾਂਬਾਤਾਂ ਸੁਣ ਕੇ ਲੱਗਦਾ, ਵਾਹ ਅਸੀਂ ਕਿੱਥੇ ਜਿਉਂ ਰਹੇ ਆਂ! ਇੰਨਾਂ ਮਹਾਨ ਮੁਲਕ ਤੇ ਇੰਨ੍ਹਾਂ ਮਹਾਨ ਪ੍ਰਧਾਨ ਮੰਤਰੀ। ਵਿਚਾਰਾ ਪ੍ਰਧਾਨ ਮੰਤਰੀ ਇੰਨਾਂ-ਇੰਨਾਂ ਕੰਮ ਕਰੇ, ਤੇ ਉੱਤੋਂ 'ਬੇਵਕੂਫ ਲੋਕ' ਪ੍ਰਧਾਨ ਮੰਤਰੀ ਤੇ ਯਕੀਨ ਨਹੀਂ ਕਰਦੇ ਤੇ ਹੁਣ ਵੋਟਾਂ ਵੇਲੇ ਇੰਨੀਆਂ ਸਿਆਸੀ ਗੱਲ਼ਾਂ ਕਰਨ ਲੱਗੇ ਹੋਏ ਆ? ਕਿਉਂ! ਆਖਿਰ ਕਿਉਂ ਇੰਨੀਆਂ ਸਿਆਸੀ ਗੱਲ਼ਾਂ 'ਚ ਭਾਗ ਲੈਣਾ ਮਹਾਤਮਾ ਲੋਕਾਂ ਦੇ ਹਿੱਸੇ ਆਇਆ। ਇੰਨੀਆਂ ਸਿਆਸੀ ਗੱਲ਼ਾਂ ਤੋਂ ਪ੍ਰੇਸ਼ਾਨ ਹੋਏ ਸਾਡੇ ਪ੍ਰਧਾਨ ਮੰਤਰੀ ਸਹਿਬਾਨ ਇੱਕ ਦਿਨ ਨਦੀ ਕਿਨਾਰੇ ਟਹਿਲ ਰਹੇ ਸਨ ਕਿ ਖੁਦ ਰੱਬ ਦੇ ਅਵਤਾਰ ਵਿੱਚ ਅਕਸ਼ੈ ਕੁਮਾਰ ਉਹਨਾਂ ਸਾਹਵੇਂ ਆ ਪ੍ਰਗਟ ਹੋਇਆ। ਬਿਲਕੁਲ ਉਵੇਂ ਜਿਵੇਂ 'ਅੋਹ ਮਾਈ ਗਾੱਡ' ਫਿਲਮ 'ਚ ਉਹ ਪ੍ਰਗਟ ਹੋਇਆ ਸੀ ਤੇ ਓਸ ਰੱਬ ਦੇ ਅਵਤਾਰ ਨੇ ਪ੍ਰਧਾਨ ਮੰਤਰੀ ਜੀ ਦਾ 'ਫੱਕਰ' ਚਿਹਰਾ ਦੁਨੀਆਂ ਸਾਹਮਣੇ ਲਿਆਉਣ ਦੀ ਹਿੰਡ ਫੜ ਲਈ, ਤੇ ਸਾਡੇ ਪ੍ਰਧਾਨ ਮੰਤਰੀ ਜੀ ਮਾਸੂਮ ਬੰਦੇ ਕੈਮਰਾ ਵੇਖ ਇੰਨ੍ਹਾਂ ਤੋਂ ਵੀ ਨਾਂ ਰਿਹਾ ਗਿਆ। ਅੱਛਾ ਕੈਮਰੇ ਦਾ ਤੇ ਪ੍ਰਧਾਨ ਮੰਤਰੀ ਜੀ ਦਾ ਰਿਸ਼ਤਾ ਬਿਲਕੁਲ ਉਹ ਜਿਹਾ ਹੈ ਜਿਵੇਂ ਪਿੰਡ ਆਲੇ ਨਿਆਣਿਆਂ ਦਾ ਮੂਵੀ ਆਲੇ ਕੈਮਰੇ ਨਾਲ ਹੁੰਦਾ ਹੈ, ਪ੍ਰਧਾਨ  ਮੰਤਰੀ ਜੀ ਵੀ ਕੈਮਰਾ ਵੇਖ ਕੇ ਆਪਣੇ ਮੂੰਹ ਤੋਂ ਕਮੀਨਾਪਣ ਛੁਪਾਉਂਦੇ ਹੋਏ ਦੰਦੀਆਂ ਕੱਢਦੇ ਕੈਮਰੇ ਦੀ ਅੱਖ 'ਚ ਅੱਖ ਪਾ ਕੇ ਸ਼ਾਇਦ ਇਹ ਕਹਿੰਦੇ ਲੱਗਦੇ ਹਨ, 'ਕਾਸ਼ ਮੈਂ ਗੁਜਰਾਤ ਦੀ ਥਾਂਵੇਂ ਬੰਬੇ ਜੰਮ ਪੈਂਦਾ ਤਾਂ ਹੁਣ ਨੂੰ ਦੋ ਚਾਰ ਫਿਲਮਾਂ ਤਾਂ ਆਈਆਂ ਹੁੰਦੀਆਂ' ਤੇ ਅਕਸ਼ੈ ਕੁਮਾਰ ਫਿਲਮਾਂ 'ਚ  ਅਭਿਨੇਤਾ ਹੈ ਤੇ ਇੱਕ ਅਭਿਨੇਤਾ ਦੂਜੇ ਦਾ ਦਰਦ ਸਮਝਦਾ ਕਹਿੰਦਾ ਹੈ, ਮੋਦੀ ਸਾਹਬ ਕਿਆ ਹੂਆ ਆਪ ਕਿਸੀ ਲੜਕੀ ਕੋ ਬਾਹੋਂ ਮੇਂ ਭਰ ਕਰ ਉਸ ਕੇ ਬਾਲ ਨਹੀਂ ਸਹਿਲਾ ਸਕੇ, ਯੇਹ ਭਾਰਤ ਵਰਸ਼ ਕੇ ਲੋਗੋਂ ਕੋ ਸਹਿਲਾਈਏ' ਤੇ ਇਹ ਸਹਿਲਾਉਣਾ ਬਿਲਕੁਲ ਉਵੇਂ ਸੀ, ਜਿਵੇਂ ਮਸਾਂ ਖੁੱਲ ਕੇ ਘਰੋਂ ਬਾਹਰ ਭੱਜੇ ਕੁੱਤੇ ਨੂੰ ਬੰਦਾ ਬਿਸਕੁਟ ਦਿਖਾਉਂਦਾ ਪੁਚਕਾਰਦਾ ਦੁਬਾਰਾ ਸੰਗਲ ਨਾਲ ਬੰਨਣ ਨੂੰ ਫਿਰਦਾ ਹੋਵੇ। ਤੇ ਆਖਿਰ ਸਾਡੇ ਮਾਸੂਮ ਪ੍ਰਧਾਨ ਮੰਤਰੀ ਜੀ ਕੈਮਰੇ ਸਾਹਮਣੇ ਆ ਹੀ ਗਏ ਆਪਣੇ ਅਭਿਨੈ ਨੂੰ ਪਰਖਣ, ਤੇ ਸ਼ੁਰੂਆਤ ਹੋਈ ਪ੍ਰਧਾਨ ਮੰਤਰੀ ਦੇ ਗੈਰ ਸਿਆਸੀ ਇੰਟਰਵਿਊ ਤੋਂ। ਹੁਣ ਮੁਸ਼ਕਿਲ ਆਈ ਕਿ ਸਵਾਲ ਕੀ  ਪੁੱਛੇ ਜਾਣ। ਵੈਸੇ ਤਾਂ ਜੇ ਵਿਆਹ 'ਚ ਵੀ ਜਾਈਏ ਤਾਂ ਪਹਿਲਾ ਗੈਰ ਸਿਆਸੀ ਸਵਾਲ ਇਹ ਹੁੰਦਾ ਕਿ, “ਮਾਸੜ ਜੀ ਤੁਸੀਂ ਕਿੱਧਰ ਦੀ ਆਏ” ਤੇ ਅੱਗਿਉਂ ਮਾਸੜ ਆਂਹਦਾ, “ਬਈ ਇੱਧਰੋਂ ਤਾਂ ਸੜਕ ਟੁੱਟੀ ਹੋਈ ਸੀ,ਸਾਨੂੰ ਬਗਲ ਕੇ ਆਉੇਣਾ ਪਿਆ ਨਹੀਂ ਤਾਂ ਇੰਨੇ ਟੋਇਆਂ 'ਚ ਢਿੱਡ ਕੱਠਾ ਹੋ ਜਾਂਦਾ।” ਤੇ ਫੇਰ ਸੜਕ ਤੋਂ ਤੁਰੀ ਗੈਰ-ਸਿਆਸੀ ਗੱਲ ਮੋਟੀ ਜਿਹੀ ਗਾਲ੍ਹ ਨਾਲ ਸਿਆਸਤ ਤੇ ਪਹੁੰਚ ਜਾਂਦੀ ਏ। ਪਰ ਸਾਡੇ ਪ੍ਰਧਾਨ ਮੰਤਰੀ ਜੀ ਬੜੇ ਹੀ ਸਿਆਣੇ ਨੇ ਉਹ ਨਹੀਂ ਚਾਹੁੰਦੇ ਕਿ ਇਵੇਂ ਫਾਲਤੂ ਗੱਲ਼ਾਂ ਹੋਣ ਉਹ ਸਿੱਧਾ ਅਗਲੇ ਗੈਰ ਸਿਆਸੀ ਸਵਾਲ ਤੇ ਆਏ ਜੋ ਬਦਲਦੇ ਮੌਸਮ ਦੀ ਗੱਲ ਹੁੰਦੀ ਹੈ। ਦੋ ਬੰਦੇ ਜਦ ਆਪਸ 'ਚ ਮਿਲਦੇ ਹਨ ਤਾਂ ਉਹ ਅਗਲੀ ਗੱਲ ਕਰਦੇ ਹਨ, 'ਬੜਾ ਤਪਾੜ ਵਰਦਾ ਚਾਚਾ', ਤੇ ਅੱਗਿਉਂ ਚਾਚਾ ਵੀ ਕਹਿੰਦਾ, 'ਤਪਾੜ ਵੀ ਤਾਂ ਮਾੜਿਆਂ ਲਈ ਈ ਵਰਦਾ, ਤਕੜੇ ਤਾਂ ਬੈਠੇ ਆ ਏ.ਸੀ ਆਂ ਦੀ ਛਾਵੇਂ।' ਪਰ ਸਾਡੇ ਪ੍ਰਧਾਨ ਮੰਤਰੀ ਜੀ ਹੁਣ ਜਗਤ ਚਾਚਾ ਤਾਂ ਨਹੀਂ ਹਨ, ਉਹ ਕਿਉਂ ਵਰਦੇ ਤਪਾੜ ਦੀ ਫਿਕਰ ਕਰਨ। ਹਾਂ, ਪਰ ਉਹਨਾਂ ਨੂੰ ਪਤਾ ਹੈ ਕਿ ਵਰਦੇ ਤਪਾੜ ਵਿੱਚ ਅੰਬ ਰੇੜੀਆਂ ਤੇ ਆ ਜਾਂਦੇ ਹਨ। ਮਾਮੂਲੀ ਬੰਦਾ ਅੰਬਾਂ ਨੂੰ ਵੇਖ ਕੇ ਪੁੱਛਦਾ ਹੈ ਕਿ ਫਲਾਂ ਅੰਬ ਦਾ ਰੇਟ ਕਿਹੜਾ ਹੈ ਤੇ ਫਲਾਂ ਦਾ ਕਿਹੜਾ, ਤੇ ਜਦ ਰੇਹੜੀ ਆਲਾ 100 ਰੁਪੈ ਕਿੱਲੋ ਤੋਂ ਥੱਲੇ ਨਹੀਂ ਆਉਂਦਾ ਤਾਂ ਬੰਦਾ ਮੂੰਹ ਮੋਟਾ ਕਰ ਮਨ ਵਿੱਚ ਆਵਦੀ ਜੇਬ ਨੂੰ ਗਾਲ੍ਹ ਕੱਢ ਤੁਰ ਜਾਂਦਾ ਹੈ, ਰੇਹੜੀ ਆਲਾ ਮੰਡੀ ਨੂੰ ਕੋਸਦਾ ਹੈ ਤੇ ਖਰੀਦਦਾਰ ਆਵਦੀ ਨੌਕਰੀ ਨੂੰ, ਤੇ ਇੰਝ ਅੰਬ ਤੋਂ ਤੁਰਦੀ ਗੱਲ ਵੀ ਮਾਮੂਲੀ ਬੰਦੇ ਸਿਆਸਤ ਤੇ ਲੈ ਜਾਂਦੇ ਹਨ , ਪਰ ਦੱਸਿਆ ਤਾਂ ਹੈ ਕਿ ਮਹਾਤਮਾ ਲੋਕ ਕਦੇ ਮਾਮੂਲੀ ਨਹੀਂ ਹੁੰਦੇ ਉਹ ਭਾਅ ਨਹੀਂ ਪੁੱਛਦੇ। ਉਹ ਪੁੱਛਦੇ ਨੇ, “ਹੇ ਪਵਿੱਤਰ ਅੰਬ ਤੂੰ ਕਿਹੜੇ ਟਾਹਣੇ ਨਾਲ ਲੱਗਿਆ ਸੈਂ, ਜਦ ਤੈਨੂੰ ਤੋੜਿਆ ਗਿਆ ਤੇਰੀ ਟੋਟਣ 'ਚ ਪੀੜ ਤਾਂ ਨਹੀਂ ਹੋਈ।” ਤੇ ਜਦ ਦੋ ਮਹਾਤਮਾ ਲੋਕ ਮਿਲ ਜਾਣ ਤਾਂ ਇੱਕ ਦੂਜੇ ਨੂੰ ਪੁੱਛਦਾ ਹੈ, “ਹੇ ਪ੍ਰਧਾਨ ਮੰਤਰੀ, ਜਦ ਤੇਰੇ ਦਿਲ ਵਿੱਚ ਅੰਬ ਖਾਣ ਦੀ ਲਾਲਸਾ ਪੈਂਦੀ ਹੈ, ਤਾਂ ਤੂੰ ਕਿਵੇਂ ਖਾਣਾ ਪਸੰਦ ਕਰਦਾ ਏਂ।” ਪ੍ਰਧਾਨ ਮੰਤਰੀ ਖਿੜ ਜਾਂਦਾ ਹੈ, ਵਰ੍ਹਿਆਂ ਬਾਅਦ ਜੁਗ ਨੂੰ ਜੁਗ ਟੱਕਰਿਆ ਹੈ, ਕੋਈ 'ਚੱਜ' ਦੀ ਗੱਲ ਹੋ ਰਹੀ ਹੈ, ਨਹੀਂ ਤਾਂ ਐਵੀਂ ਗਰੀਬੀ, ਬੇਰੁਜ਼ਗਾਰੀ, ਫਿਟੇ ਮੂੰਹ ਤੇ ਦੁਰ ਫਿਟੇ ਮੂੰਹ। ਪ੍ਰਧਾਨ ਮੰਤਰੀ ਆਪਣੇ ਨਿਮਰ ਸੁਭਾਅ ਅਨੁਸਾਰ ਜਵਾਬ ਦਿੰਦਾ ਹੈ, 'ਹੇ ਬਾਲਕ, ਤੂੰ ਇਸਨੂੰ ਕਿੰਝ ਵੀ ਖਾ ਸਕਦਾ ਏ, ਪਰ ਯਾਦ ਰੱਖੀਂ ਖਾਂਦਿਆਂ ਵੇਲੇ ਸਿਆਸਤ ਵਰਗੀਆਂ ਤੁਛ ਗੱਲ਼ਾਂ ਦਿਮਾਗ ਵਿੱਚ ਨਾਂ ਆਉਣ।' ਤੇ ਬਾਲਕ ਸਤਿਬਚਨ ਕਹਿ ਛੱਡਦਾ ਹੈ।

                                    ਪਰ ਸਿਆਣਿਆਂ ਕਿਹਾ ਕਿ 'ਸਾਧੂਆਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜਮਾਨਾਂ ਕੀ ਜਾਣੇ'। ਉਵੇਂ ਹੀ ਜਦ ਇਹ ਦੋ ਮਹਾਤਮਾ ਲੋਕ ਬੈਠੇ ਆਪਸੀ ਵਾਰਤਾ ਕਰ ਰਹੇ ਸਨ ਤਾਂ ਉਹਨਾਂ ਦੇ ਦਿਲੋ ਦਿਲੀਂ ਕੀ ਚੱਲ ਰਿਹਾ ਸੀ, ਬੇਸਮਝ ਜਮਾਨਾ ਨਹੀਂ ਸਮਝ ਸਕਿਆ। ਅਕਸ਼ੈ ਕੁਮਾਰ ਦੇ ਬਹਾਨੇ ਦੇਸ਼ ਨੂੰ ਪ੍ਰਧਾਨ ਮੰਤਰੀ ਜੀ ਦੇ ਫੱਕਰ ਸੁਭਾਅ ਬਾਰੇ, ਬਚਪਨ ਦੀ ਗਰੀਬੀ ਬਾਰੇ ਦੱਸਿਆ ਜਾ ਰਿਹਾ ਸੀ। ਸੁਣਿਆ ਉਹ ਵਿਚਾਰੇ ਇੰਨੇ ਗਰੀਬ ਸਨ ਕਿ ਕੁੜਤਾ  ਧੋਣ ਤੇ ਬਹੁਤਾ ਸਾਬਣ ਨਾਂ ਲੱਗੇ ਇਸ ਲਈ ਬਾਹਵਾਂ ਕੱਟ ਦਿੰਦੇ ਸਨ, ਇੰਨਾਂ ਗਰੀਬ ਬਾਲਕ ਪ੍ਰਧਾਨ ਮੰਤਰੀ ਬਣ ਗਿਆ ਹੈ। ਹੋਰ ਗਰੀਬਾਂ ਨੂੰ ਕੀ ਚਾਹੀਦਾ ਹੈ, ਫੇਰ ਕੀ ਹੈ ਜੇ ਦਿਨੋਂ ਦਿਨ ਗਰੀਬ ਵਧ ਰਹੇ ਹਨ। ਗਰੀਬ ਬੱਚਾ ਪ੍ਰਧਾਨ ਮੰਤਰੀ ਵੀ ਤਾਂ ਬਣ ਹੀ ਗਿਆ ਹੈ। ਇਹਨਾਂ ਗਰੀਬਾਂ ਨੂੰ ਵੀ ਸਬਰ ਨਹੀਂ ਹੈ।ਤੇ ਲੋਕਾਂ ਨੂੰ ਹੁਣ ਇਹ ਨਹੀਂ ਸੋਚਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਕੀ ਕੰਮ ਕਰ ਰਹੇ ਹਨ ਕਿਉਂਕਿ ਉਹ ਤਾਂ 18-18 ਘੰਟੇ ਕੰਮ ਕਰ ਰਹੇ ਹਨ। ਅਮਰੀਕਾ ਦਾ ਉਬਾਮਾ ਤੱਕ ਪ੍ਰੇਸ਼ਾਨ ਹੈ ਕਿ ਇੰਨ੍ਹਾਂ ਕੰਮ! ਇੰਨੇ ਕੰਮ ਦੀ ਤਾਰੀਫ ਕਰਨ ਉਹ ਖੁਦ ਆਉਣਾ ਚਾਹੁੰਦਾ ਸੀ, ਪਰ ਇਸੇ ਨਮੋਸ਼ੀ 'ਚ ਹੀ ਨਾਂ ਆ ਸਕਿਆ ਕਿ ਇੰਨੇ ਮਹਾਨ ਲੋਕਾਂ ਦੀ ਤਾਰੀਫ ਚ ਸਾਡੇ ਲਫ਼ਜ਼ ਤੁੱਛ ਹਨ। ਪਰ ਤਾਂ ਵੀ 'ਤੂੰ-ਤੜੱਕ' ਕਰ ਰਿਹਾ ਹੈ, ਕੇਡੀ ਸ਼ਰਮ ਵਾਲੀ ਗੱਲ ਹੈ ਉਬਾਮੇ ਲਈ।          

                            ਮੈਨੂੰ ਯਾਦ ਏ ਜਦ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਸਨ ਉਦੋਂ ਵੀ ਮੋਦੀ ਜੀ ਦੀ ਉਪਾਸਨਾ ਵਿੱਚ ਇੱਕ ਕਿਤਾਬ ਆਈ ਸੀ, ਬਾਲ ਨਰਿੰਦਰ। ਉਸ ਵਿੱਚ ਮੋਦੀ ਜੀ ਦੇ ਬਚਪਨ ਦੇ ਅਦਭੁਤ ਕੌਤਕਾਂ ਬਾਰੇ ਦੱਸਿਆ ਗਿਆ ਸੀ, ਜਿਹਨਾਂ ਵਿੱਚੋਂ ਇੱਕ ਉਹ ਕੌਤਕ ਵੀ ਸੀ ਜਿਸਨੂੰ ਸੁਣ ਕੇ ਪੂਰੇ ਦੇਸ਼ ਦੇ ਲੋਕ ਧੰਨ ਧੰਨ ਹੋ ਗਏ ਤੇ ਸੋਚਣ ਲੱਗੇ ਅਸੀਂ ਇਹ ਕੌਤਕ ਕਦੇ ਵੇਖ ਕਿਉਂ ਨਹੀਂ ਸਕੇ। ਉਸ ਕੌਤਕ ਵਿੱਚ ਬਾਲ ਨਰੇਂਦਰ ਮਗਰਮੱਛ ਫੜ ਲੈਂਦੇ ਹਨ। ਪਰ ਹੈਨ ਪ੍ਰਧਾਨ ਮੰਤਰੀ ਜੀ ਸ਼ੁੱਧ ਵੈਸ਼ਨੂੰ ਉਹਨੀਂ ਪੈਰੀਂ ਵਾਪਿਸ ਵੀ ਛੱਡ ਆਉਂਦੇ ਹਨ। ਇੰਨ੍ਹਾਂ ਸਭ ਕੁਝ ਸੁਣ ਕੇ ਮਨ ਨਿਹਾਲ ਹੋ ਜਾਂਦਾ ਹੈ। ਲੱਗਦਾ ਹੈ ਕਿ ਦੇਸ਼ ਨੇ ਕੋਈ ਡੇਰੇਦਾਰ ਸਾਧ ਚੁਣ ਲਿਆ ਹੈ, ਜੋ ਆਪਣੀ  18-18 ਘੰਟੇ ਲੰਮੀ ਭਗਤੀ ਦੇ ਕਿੱਸੇ ਸੁਣਾ ਰਿਹਾ ਹੈ, ਤੇ ਸਾਡੀ ਬਹਿਤਰੀ ਲਈ ਟੂਣੇ ਤਾਂ ਕਰ ਰਿਹਾ ਹੈ, ਪਰ ਉਹਨਾਂ ਟੂਣਿਆਂ ਨੂੰ ਕਈ ਵਾਰ ਅਸੀਂ ਚੌਰਾਹਿਆਂ ਦੀ ਥਾਵੇਂ ਦੋਰਾਹਿਆਂ ਤੇ ਕਰ ਆਉਂਨੇ ਆਂ ਤੇ ਤਵੀਤ ਨੂੰ ਖੰਮਣੀ ਦੀ ਥਾਂਵੇਂ ਧਾਗੇ ਨਾਲ ਬੰਨ ਲਿਆ ਹੈ, ਤੇ ਪੁੜੀਆਂ ਦੁੱਧ ਦੀ ਥਾਂੳ ਪਾਣੀ ਨਾਲ ਲੈ ਰਹੇ ਹਾਂ। ਸਾਰੀ ਕਮੀ ਹੁਣ ਲੋਕਾਂ ਦੀ ਹੀ ਰਹਿ ਗਈ ਹੈ, ਮਹਾਤਮਾ ਲੋਕ ਤਾਂ ਭਗਤੀ ਕਰ ਹੀ ਰਹੇ ਹਨ। ਪਰ ਕਿਸੇ ਹੁਣ ਇਹ ਨਾਂ ਪੁੱਛ ਲੈਣਾ ਕਿ ਭਗਤੀ ਕਰਦਿਆਂ ਗੁਣਗੁਣਾਉਂਦੇ ਕੀ ਨੇ, ਅਜਿਹਾ ਕੋਈ ਦੋਖੀ ਹੀ ਪੁੱਛ ਸਕਦਾ ਹੈ। ਮਹਾਤਮਾ ਨੇ...., ਭਗਤੀ ਤਾਂ ਕਰ ਰਹੇ ਨੇ ਨਾਂ!  ਕੁਝ ਗੁਣਗੁਣਾਉਣ, ਤੈਂ ਅੰਬ ਲੈਣੇ ਵਿੱਚੋਂ!  ਤੁਸੀਂ ਸ਼ਰਧਾ ਰੱਖੋ, ਸਗੋਂ ਸ਼ਰਧਾ ਵਿੱਚ ਪੂਰੇ ਦੇਸ਼ ਨੂੰ ਨਮਨ ਕਰਨਾ ਚਾਹੀਦਾ ਹੈ, ਇਹਨਾਂ ਦੇ ਸੁਭਾਅ ਦੇ ਪੂਰਾ ਮੀਡੀਆ ਲਗਾਤਾਰ ਗੋਗੇ ਗਾ ਰਿਹਾ ਹੈ।ਤੇ ਅਸੀਂ ਆ ਬੱਸ ਛੋਟੀਆਂ ਛੋਟੀਆਂ ਰੋਟੀ, ਬਿਜਲੀ, ਢੁਕਵਾਂ ਰੁਜ਼ਗਾਰ, ਸਿਹਤ, ਸਿੱਖਿਆ ਤੇ ਬਹਿਤਰ ਭਵਿੱਖ ਵਰਗੀਆਂ ਚੀਜ਼ਾਂ ਦੀਆਂ ਮੰਗਾਂ ਕਰੀ ਜਾਨੇਂ ਆ। ਬੱਸ ਹੁਣ ਉਮੀਦ ਤੇ ਮੰਗ ਕਰਦੇ ਹਾਂ ਕਿ ਜਲਦ ਹੀ ਪ੍ਰਧਾਨ ਮੰਤਰੀ ਜੀ ਦੀ ਕੁਰਸੀ ਅੱਗੇ ਗੋਲਕ ਰੱਖਿਆ ਜਾਵੇ ਤਾਂ ਜੁ ਸ਼ਰਧਾ ਅਨੁਸਾਰ ਸੀਸ ਨਿਵਾਉਣ ਗਏ 'ਤੁਛ' ਲੋਕ ਤਿਲ ਫੁੱਲ ਭੇਟਾ ਵੀ ਚੜਾ ਸਕਣ।